PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਰ ਹਿੰਦੂ ਯਾਦ ਰੱਖੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕੁਰਬਾਨੀ : ਤੇਜਿੰਦਰ ਮਹਿਤਾ
– ਸ੍ਰੀ ਰਾਮ–ਸੀਤਾ ਵਿਆਹ ਮਹਾਉਤਸਵ ਮੌਕੇ ਗੁਰੂ ਸਾਹਿਬ ਨੂੰ ਕੀਤਾ ਯਾਦ

ਪਟਿਆਲਾ- ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਉੱਤਰੀ ਭਾਰਤ ਦਾ ਹਰ ਹਿੰਦੂ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਅਦੁੱਤੀ ਕੁਰਬਾਨੀਆਂ ਦਾ ਸਦਾ ਲਈ ਕਰਜ਼ਦਾਰ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਸਾਹਿਬ ਨੇ ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣੀ ਜ਼ਿੰਦਗੀ ਨਿਓਛਾਵਰ ਕਰਕੇ ਉਹ ਮਿਸਾਲ ਪੇਸ਼ ਕੀਤੀ ਹੈ ਜਿਸਦੀ ਤੁਲਨਾ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ। ਤੇਜਬਾਗ ਕਲੋਨੀ ਵਿਖੇ ਡੇਰਾ ਜੋਗੀ ਘਾਟ ਮੰਦਰ ਵਿੱਚ ਆਯੋਜਿਤ ਸ੍ਰੀ ਰਾਮ–ਸੀਤਾ ਮਾਤਾ ਵਿਆਹ ਮਹਾਉਤਸਵ ਦੇ ਸਮਾਪਨ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਮਹਿਤਾ ਇਹ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਪ੍ਰਭੂ ਰਾਮ ਅਤੇ ਸੀਤਾ ਮਾਤਾ ਅੱਗੇ ਸੀਸ ਝੁਕਾਉਣ ਦੇ ਨਾਲ-ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਵੀ ਨਮਨ ਕੀਤਾ। ਮਹੰਤ ਸੁਭਾਸ਼ ਦਾਸ ਦੀ ਅਗਵਾਈ ਵਿੱਚ ਕਰਵਾਏ ਇਸ ਮਹਾਉਤਸਵ ਵਿੱਚ ਸ੍ਰੀ ਰਾਮ ਚਰਿਤ ਮਾਨਸ ਦੇ ਪਾਠ ਦਾ ਭੋਗ ਵੀ ਪਾਇਆ ਗਿਆ, ਜਿਸ ਵਿੱਚ ਨੇੜਲੇ ਇਲਾਕਿਆਂ ਤੋਂ ਸੈਂਕੜੇ ਭਗਤ ਪਰਿਵਾਰ ਸਹਿਤ ਸ਼ਾਮਲ ਹੋਏ।
ਸ੍ਰੀ ਮਹਿਤਾ ਨੇ ਕਿਹਾ ਕਿ ਅੱਜ ਉੱਤਰੀ ਭਾਰਤ ਦੇ ਹਰ ਮੰਦਰ ਵਿੱਚ ਵੱਜਣ ਵਾਲੀਆਂ ਘੰਟੀਆਂ, ਸਾਡੇ ਮੱਥਿਆਂ ‘ਤੇ ਸਜੇ ਹੋਏ ਤਿਲਕ ਅਤੇ ਮੰਦਰਾਂ ਵਿੱਚ ਹੋਣ ਵਾਲੇ ਧਾਰਮਿਕ ਉਤਸਵ ਸਭ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਕਰਕੇ ਹੀ ਸੰਭਵ ਹੋ ਸਕੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਿਰਫ਼ ਇੱਕ ਧਾਰਮਿਕ ਘਟਨਾ ਨਹੀਂ, ਸਗੋਂ ਮਨੁੱਖਤਾ ਲਈ ਦਿੱਤੀਆਂ ਗਈਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਫ਼ਰਜ਼ ਹੈ ਕਿ ਅਸੀਂ ਇਹ ਇਤਿਹਾਸ ਆਪਣੇ ਬੱਚਿਆਂ ਤੱਕ ਪਹੁੰਚਾਈਏ ਤਾਂ ਜੋ ਸਮਾਜ ਦੀਆਂ ਜੜਾਂ ਮਜ਼ਬੂਤ ਰਹਿ ਸਕਣ। ਉਨ੍ਹਾਂ ਨੇ ਅਪੀਲ ਕੀਤੀ ਕਿ ਹਰੇਕ ਹਿੰਦੂ ਨੂੰ ਗੁਰੂ ਸਾਹਿਬ ਦੀ ਕੁਰਬਾਨੀ ਦਾ ਅਹਿਸਾਨਮੰਦ ਰਹਿੰਦੇ ਹੋਏ ਉਨ੍ਹਾਂ ਅੱਗੇ ਸਦਾ ਸ਼ਰਧਾ ਨਾਲ ਸੀਸ ਝੁਕਾਉਣਾ ਚਾਹੀਦਾ ਹੈ। ਚੇਅਰਮੈਨ ਮਹਿਤਾ ਨੇ ਮੰਚ ਤੋਂ ਮਹੰਤ ਸੁਭਾਸ਼ ਦਾਸ ਜੀ ਦੀ ਪ੍ਰਸ਼ੰਸਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ, ਇਤਿਹਾਸ ਅਤੇ ਸੰਸਕ੍ਰਿਤੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਮਾਜਕ ਏਕਤਾ, ਭਾਈਚਾਰੇ ਅਤੇ ਮਨੁੱਖੀ ਮੁੱਲਾਂ ਦੀ ਰੱਖਿਆ ਲਈ ਅਜਿਹੇ ਧਾਰਮਿਕ ਉਤਸਵ ਬਹੁਤ ਜ਼ਰੂਰੀ ਹਨ। ਅੰਤ ਵਿਚ ਮਹੰਤ ਸੁਭਾਸ਼ ਦਾਸ ਵੱਲੋਂ ਸਿਰੋਪਾ ਭੇਂਟ ਕਰਕੇ ਤੇਜਿੰਦਰ ਮਹਿਤਾ ਦਾ ਸਨਮਾਨ ਕੀਤਾ ਗਿਆ।

Related posts

ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਬੰਧਨ ਲਈ ਚੰਡੀਗੜ੍ਹ ਵਿੱਚ ਉੱਚ ਪੱਧਰੀ ਮੀਟਿੰਗ ਸੱਦੀ

On Punjab

ਸਾਬਕਾ ਵਿਧਾਇਕ ਗੋਲਡੀ ਨੇ ਮੁੜ ਕਾਂਗਰਸ ਦਾ ਹੱਥ ਫੜ੍ਹਿਆ

On Punjab

New Zealand Crime : ਨਿਊਜ਼ੀਲੈਂਡ ਦੇ ਚੀਨੀ ਰੈਸਟੋਰੈਂਟ ‘ਚ ਵਿਅਕਤੀ ਨੇ ਕੁਹਾੜੀ ਨਾਲ ਕੀਤਾ ਹਮਲਾ, 4 ਜ਼ਖ਼ਮੀ

On Punjab