83.03 F
New York, US
May 20, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਾਣੋਂ ਇੰਸਟਾਗ੍ਰਾਮ ਦੀ ਮੁਹੱਬਤ ਕਿਵੇਂ ਪੰਜਾਬੀ ਗਾਇਕਾ Inder Kaur ਦੇ ਦਰਦਨਾਕ ਅੰਤ ਦਾ ਬਣੀ ਕਾਰਨ!

ਲੁਧਿਆਣਾ-  ਲੁਧਿਆਣਾ ਦੀ ਰਹਿਣ ਵਾਲੀ ਪੰਜਾਬੀ ਗਾਇਕਾ ਇੰਦਰ ਕੌਰ, ਜਿਸ ਨੂੰ ਯਸ਼ਿੰਦਰ ਕੌਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਦੀ ਪ੍ਰੇਮ ਕਹਾਣੀ ਮੌਤ ਦੀ ਕਹਾਣੀ ਵਿੱਚ ਬਦਲ ਗਈ। ਕੈਨੇਡਾ ਰਹਿੰਦੇ ਉਸ ਦੇ ਪ੍ਰੇਮੀ ਸੁਖਵਿੰਦਰ ਸਿੰਘ ਉਰਫ਼ ਸੁੱਖੀ ਬਰਾੜ ਨੇ ਉਸ ਨਾਲ ਕਈ ਸਾਲਾਂ ਤੱਕ ਰਿਸ਼ਤਾ ਬਣਾਈ ਰੱਖਿਆ, ਜਦੋਂ ਕਿ ਗਾਇਕਾ ਉਸ ਦੇ ਵਿਆਹੇ ਹੋਣ ਦੀ ਗੱਲ ਤੋਂ ਬਿਲਕੁਲ ਅਣਜਾਣ ਸੀ। ਪੰਜ ਸਾਲ ਪਹਿਲਾਂ, ਜਦੋਂ ਇੰਦਰ ਦਾ ਗਾਇਕੀ ਕਰੀਅਰ ਬੁਲੰਦੀਆਂ ‘ਤੇ ਸੀ, ਉਦੋਂ ਇੰਸਟਾਗ੍ਰਾਮ ‘ਤੇ ਮੋਗਾ ਦੇ ਰਹਿਣ ਵਾਲੇ ਸੁੱਖੀ ਨਾਲ ਉਸ ਦੀ ਦੋਸਤੀ ਹੋਈ ਸੀ। ਉਨ੍ਹਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਅਤੇ ਕੁਝ ਦਿਨਾਂ ਦੀ ਦੋਸਤੀ ਤੋਂ ਬਾਅਦ, ਦੋਵੇਂ ਇੱਕ-ਦੂਜੇ ਦੇ ਪਿਆਰ ਵਿੱਚ ਪੈ ਗਏ ਅਤੇ ਉਨ੍ਹਾਂ ਨੇ ਇੱਕ-ਦੂਜੇ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ।
ਇੰਦਰ ਕਈ ਹਿੱਟ ਗੀਤਾਂ ਨਾਲ ਇੱਕ ਮਸ਼ਹੂਰ ਗਾਇਕਾ ਬਣੀ-  ਇੰਦਰ ਕੌਰ ਨੇ ਲਗਪਗ 10 ਸਾਲ ਪਹਿਲਾਂ ਸੰਗੀਤ ਜਗਤ ਵਿੱਚ ਕਦਮ ਰੱਖਿਆ ਸੀ ਅਤੇ ਕਈ ਪੰਜਾਬੀ ਹਿੱਟ ਗੀਤ ਦਿੱਤੇ ਸਨ। ਉਸ ਨੇ ਪਰਮੀਸ਼ ਵਰਮਾ ਸਮੇਤ ਕਈ ਪੰਜਾਬੀ ਗਾਇਕਾਂ ਨਾਲ ਵੀ ਕੰਮ ਕੀਤਾ ਸੀ। ਉਸ ਸਮੇਂ ਉਹ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਸੀ।
ਸੋਸ਼ਲ ਮੀਡੀਆ ‘ਤੇ ਉਸ ਦੇ ਚਾਹੁਣ ਵਾਲਿਆਂ ਦੀ ਵੱਡੀ ਗਿਣਤੀ ਸੀ, ਫੇਸਬੁੱਕ ‘ਤੇ ਲਗਭਗ 258K (2 ਲੱਖ 58 ਹਜ਼ਾਰ) ਅਤੇ ਇੰਸਟਾਗ੍ਰਾਮ ‘ਤੇ 124K (1 ਲੱਖ 24 ਹਜ਼ਾਰ) ਫਾਲੋਅਰਜ਼ ਸਨ। ਯੂਟਿਊਬ ‘ਤੇ ਉਸ ਦੇ ਗੀਤਾਂ ਨੂੰ ਕਰੋੜਾਂ ਵਿਊਜ਼ ਮਿਲੇ ਸਨ। ਉਸ ਦੇ ਗੀਤ ‘ਨਾ ਚੱਲਦਾ ਹੈ’ ਨੂੰ 23 ਮਿਲੀਅਨ (2 ਕਰੋੜ 30 ਲੱਖ), ‘ਦੇਸੀ ਸਿਰੇ ਦੇ’ ਨੂੰ 10 ਮਿਲੀਅਨ (1 ਕਰੋੜ), ‘ਲਾਣੇਦਾਰਨੀ’ ਨੂੰ 2.8 ਮਿਲੀਅਨ, ’88 ਦੀ ਬੰਦੂਕ’ ਅਤੇ ‘ਸੋਹਣਾ ਲੱਗਦਾ ਤੂੰ’ ਨੂੰ 2.1-2.1 ਮਿਲੀਅਨ ਵਿਊਜ਼ ਮਿਲੇ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਸੁੱਖੀ ਜਦੋਂ ਵੀ ਕੈਨੇਡਾ ਤੋਂ ਪੰਜਾਬ ਆਉਂਦਾ ਸੀ ਤਾਂ ਅਕਸਰ ਇੰਦਰ ਨੂੰ ਮਿਲਣ ਜਾਂਦਾ ਸੀ। ਉਹ ਜਲਦੀ ਹੀ ਉਸ ਨਾਲ ਵਿਆਹ ਕਰਨ ਦੀ ਗੱਲ ਕਰਦਾ ਹੁੰਦਾ ਸੀ। ਇੰਦਰ ਕੌਰ ਦੇ ਪਰਿਵਾਰ ਨੇ ਵੀ ਉਸ ਨੂੰ ਆਪਣੇ ਜਵਾਈ ਵਾਂਗ ਸਮਝਣਾ ਸ਼ੁਰੂ ਕਰ ਦਿੱਤਾ ਸੀ। ਇੰਦਰ ਦਾ ਪਰਿਵਾਰ ਮੋਗਾ ਗਿਆ ਅਤੇ ਸੁੱਖੀ ਬਰਾੜ ਦੇ ਪਰਿਵਾਰ ਨੂੰ ਮਿਲਿਆ, ਅਤੇ ਉਨ੍ਹਾਂ ਨੇ ਵੀ ਇੰਦਰ ਨੂੰ ਆਪਣੀ ਨੂਹ ਵਾਂਗ ਸਮਝਣਾ ਸ਼ੁਰੂ ਕਰ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 11 ਜਨਵਰੀ 2026 ਨੂੰ ਸੁੱਖੀ ਇੰਦਰ ਦੇ ਜਨਮਦਿਨ ਦਾ ਜਸ਼ਨ ਮਨਾਉਣ ਉਸ ਦੇ ਘਰ ਆਇਆ ਸੀ। ਰਸਤੇ ਵਿੱਚ ਉਸ ਨੇ ਇੰਦਰ ਨੂੰ ਦੱਸਿਆ ਸੀ ਕਿ ਉਹ ਇਸੇ ਸਾਲ ਮਾਰਚ ਵਿੱਚ ਵਿਆਹ ਕਰ ਲੈਣਗੇ। ਇੰਦਰ ਨੇ ਮਾਰਚ ਦੇ ਵਿਆਹ ਦੇ ਸੁਪਨੇ ਦੇਖੇ, ਪਰ ਉਹ ਨਹੀਂ ਆਇਆ। ਜਿਵੇਂ ਹੀ ਮਾਰਚ ਦਾ ਮਹੀਨਾ ਨੇੜੇ ਆਇਆ, ਸੁੱਖੀ ਬਹਾਨੇ ਬਣਾਉਣ ਲੱਗਾ ਅਤੇ ਇੰਦਰ ਨੂੰ ਕੁਝ ਹੋਰ ਮਹੀਨੇ ਇੰਤਜ਼ਾਰ ਕਰਨ ਲਈ ਕਿਹਾ। ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵਾਂ ਵਿਚਕਾਰ ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਸੁੱਖੀ ਨੇ ਇੰਦਰ ਤੋਂ ਇੱਕ ਵੱਡੀ ਸੱਚਾਈ ਛੁਪਾ ਕੇ ਰੱਖੀ ਸੀ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ। ਇੰਦਰ ਦੇ ਕਤਲ ਦੇ ਪਿੱਛੇ ਮੁੱਖ ਕਾਰਨ ਇਹ ਸੀ ਕਿ ਉਹ ਉਸ ‘ਤੇ ਵਿਆਹ ਕਰਨ ਲਈ ਦਬਾਅ ਪਾ ਰਹੀ ਸੀ। ਦੋਸ਼ ਹੈ ਕਿ ਇਸੇ ਕਾਰਨ ਸੁੱਖੀ ਨੇ ਆਪਣੇ ਪਿਤਾ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਇੰਦਰ ਦੇ ਕਤਲ ਦੀ ਸਾਜ਼ਿਸ਼ ਰਚੀ। ਉਸ ਦਾ ਕਤਲ ਕਰਨ ਤੋਂ ਬਾਅਦ ਉਹ ਨੇਪਾਲ ਦੇ ਰਸਤੇ ਕੈਨੇਡਾ ਫਰਾਰ ਹੋ ਗਿਆ।
ਦੋਵੇਂ ਇੰਸਟਾਗ੍ਰਾਮ ‘ਤੇ ਮਿਲੇ ਸਨ- ਰਿਸ਼ਤੇਦਾਰ ਅਤੇ ਸਾਬਕਾ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਉਸ ਸਮੇਂ ਇੰਦਰ ਇੱਕ ਵੱਡੀ ਸਟਾਰ ਬਣਨ ਦੀ ਕੰਢੇ ‘ਤੇ ਸੀ ਅਤੇ ਸੁੱਖੀ ਕੈਨੇਡਾ ਵਿੱਚ ਸੈੱਟ ਸੀ। ਦੋਵੇਂ ਲਗਪਗ ਪੰਜ ਸਾਲ ਪਹਿਲਾਂ ਇੰਸਟਾਗ੍ਰਾਮ ‘ਤੇ ਮਿਲੇ ਸਨ। ਉਨ੍ਹਾਂ ਨੇ ਮੈਸੇਂਜਰ ਰਾਹੀਂ ਗੱਲਬਾਤ ਸ਼ੁਰੂ ਕੀਤੀ ਅਤੇ ਦੋਸਤ ਬਣ ਗਏ। ਉਨ੍ਹਾਂ ਨੇ ਆਪਣੇ ਨੰਬਰ ਸਾਂਝੇ ਕੀਤੇ ਅਤੇ ਚੈਟਿੰਗ ਸ਼ੁਰੂ ਕਰ ਦਿੱਤੀ।
ਗਿਆਸਪੁਰਾ ਦੇ ਅਨੁਸਾਰ, ਸੁੱਖੀ ਨੇ ਉਸ ਨੂੰ ਪ੍ਰਪੋਜ਼ ਕੀਤਾ ਅਤੇ ਇੰਦਰ ਨੇ ਹਾਂ ਕਰ ਦਿੱਤੀ। ਕੁਝ ਸਮੇਂ ਬਾਅਦ ਇੰਦਰ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ। ਬਾਅਦ ਵਿੱਚ ਇੰਦਰ ਦਾ ਪਰਿਵਾਰ ਲੜਕੇ ਦਾ ਘਰ ਦੇਖਣ ਮੋਗਾ ਗਿਆ। ਲੜਕੇ ਦੇ ਮਾਪੇ ਵੀ ਇਸ ਰਿਸ਼ਤੇ ਲਈ ਰਾਜ਼ੀ ਹੋ ਗਏ, ਪਰ ਉਨ੍ਹਾਂ ਨੇ ਵੀ ਇਹ ਸੱਚਾਈ ਛੁਪਾਈ ਕਿ ਉਨ੍ਹਾਂ ਦਾ ਪੁੱਤਰ ਵਿਆਹਿਆ ਹੋਇਆ ਸੀ।
ਗਿਆਸਪੁਰਾ ਅਨੁਸਾਰ ਲੜਕੀ ਦੇ ਮਾਪੇ ਅਤੇ ਇੱਕ ਭਰਾ ਦੱਖਣੀ ਕੋਰੀਆ (ਸਾਊਥ ਕੋਰੀਆ) ਵਿੱਚ ਰਹਿੰਦੇ ਹਨ। ਇੰਦਰ ਗਾਇਕੀ ਦੇ ਖੇਤਰ ਵਿੱਚ ਹੋਣ ਕਰਕੇ ਅਕਸਰ ਰਿਕਾਰਡਿੰਗ ਲਈ ਚੰਡੀਗੜ੍ਹ ਜਾਂ ਹੋਰ ਸ਼ਹਿਰਾਂ ਵਿੱਚ ਆਉਂਦੀ-ਜਾਂਦੀ ਰਹਿੰਦੀ ਸੀ। ਗਿਆਸਪੁਰਾ ਨੇ ਦੱਸਿਆ ਕਿ ਸੁੱਖੀ ਨੇ ਇੰਦਰ ਨੂੰ ਕਿਹਾ ਸੀ ਕਿ ਵਿਆਹ ਤੋਂ ਬਾਅਦ ਉਹ ਉਸ ਨੂੰ ਅਤੇ ਉਸ ਦੇ ਭਰਾ ਨੂੰ ਕੈਨੇਡਾ ਲੈ ਜਾਵੇਗਾ। ਕਿਉਂਕਿ ਦੋਵੇਂ ਪਰਿਵਾਰ ਇਸ ਰਿਸ਼ਤੇ ਬਾਰੇ ਜਾਣਦੇ ਸਨ, ਇਸ ਲਈ ਉਨ੍ਹਾਂ ਨੇ ਇੱਕ-ਦੂਜੇ ਨੂੰ ਰਿਸ਼ਤੇਦਾਰਾਂ ਵਾਂਗ ਸਮਝਣਾ ਸ਼ੁਰੂ ਕਰ ਦਿੱਤਾ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ ਸੁੱਖੀ ਨੇ ਉਸ ਨੂੰ ਗਾਉਣ ਅਤੇ ਸੋਸ਼ਲ ਮੀਡੀਆ ਵਰਤਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਾਰਨ ਲੱਖਾਂ ਫਾਲੋਅਰਜ਼ ਹੋਣ ਦੇ ਬਾਵਜੂਦ ਇੰਦਰ ਆਪਣੇ ਫੇਸਬੁੱਕ ਜਾਂ ਇੰਸਟਾਗ੍ਰਾਮ ਅਕਾਊਂਟ ‘ਤੇ ਐਕਟਿਵ (ਸਰਗਰਮ) ਨਹੀਂ ਸੀ। ਉਸ ਨੇ ਪਿਛਲੇ ਤਿੰਨ-ਚਾਰ ਸਾਲਾਂ ਤੋਂ ਕੋਈ ਗੀਤ ਰਿਲੀਜ਼ ਨਹੀਂ ਕੀਤਾ ਸੀ। ਉਸ ਨੇ ਇੱਕ ਬੁਟੀਕ ਖੋਲ੍ਹ ਲਿਆ ਸੀ ਅਤੇ ਮੇਕਅੱਪ ਆਰਟਿਸਟ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਹਾਲ ਹੀ ਵਿੱਚ ਦੁਬਾਰਾ ਇੰਸਟਾਗ੍ਰਾਮ ‘ਤੇ ਰੀਲਾਂ ਪਾਉਣੀਆਂ ਸ਼ੁਰੂ ਕੀਤੀਆਂ ਸਨ।
ਗਿਆਸਪੁਰਾ ਨੇ ਮੀਡੀਆ ਨੂੰ ਦੱਸਿਆ ਕਿ ਇੰਦਰ ਦੀ ਉਮਰ 29 ਸਾਲ ਸੀ ਅਤੇ ਉਹ ਹੁਣ ਸੁੱਖੀ ‘ਤੇ ਜਲਦੀ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੀ ਸੀ। ਉਨ੍ਹਾਂ ਕਿਹਾ, “ਸੁੱਖੀ ਕੈਨੇਡਾ ਰਹਿੰਦਾ ਸੀ ਅਤੇ ਉੱਥੇ ਪਹਿਲਾਂ ਹੀ ਵਿਆਹਿਆ ਹੋਇਆ ਸੀ। ਉਸ ਦੇ ਦੋ ਬੱਚੇ ਵੀ ਹਨ, ਜਿਨ੍ਹਾਂ ਵਿੱਚੋਂ ਇੱਕ 12 ਸਾਲ ਦਾ ਪੁੱਤਰ ਅਤੇ ਇੱਕ 7 ਸਾਲ ਦੀ ਧੀ ਹੈ। ਇਹੀ ਕਾਰਨ ਸੀ ਕਿ ਉਹ ਇੰਦਰ ਨਾਲ ਵਿਆਹ ਨਹੀਂ ਕਰ ਰਿਹਾ ਸੀ।”
ਉੱਥੇ ਹੀ ਏ ਸੀ ਪੀ ਇੰਦਰਜੀਤ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ, “13 ਮਈ ਨੂੰ ਇੰਦਰ ਆਪਣੀ ਫੋਰਡ ਫਿਗੋ ਕਾਰ ਵਿੱਚ ਸੁੱਖੀ ਨੂੰ ਅਲਵਿਦਾ ਕਹਿਣ ਲਈ ਘਰੋਂ ਨਿਕਲੀ ਸੀ, ਕਿਉਂਕਿ ਸੁੱਖੀ ਨੇ ਕੈਨੇਡਾ ਵਾਪਸ ਜਾਣਾ ਸੀ। ਪਰ ਜਦੋਂ ਇੰਦਰ ਘਰ ਵਾਪਸ ਨਾ ਆਈ, ਤਾਂ ਜਮਾਲਪੁਰ ਪੁਲੀਸ ਥਾਣੇ ਵਿੱਚ ਉਸ ਦੇ ਅਗਵਾ ਹੋਣ ਦਾ ਮੁਕੱਦਮਾ ਦਰਜ ਕਰਵਾਇਆ ਗਿਆ। ਇਸ ਤੋਂ ਲਗਪਗ ਚਾਰ ਦਿਨ ਪਹਿਲਾਂ ਨੀਲੋਂ ਨਹਿਰ ਵਿੱਚੋਂ ਉਸ ਦੀ ਕਾਰ ਮਿਲੀ ਅਤੇ ਫਿਰ 19 ਮਈ ਨੂੰ ਨਹਿਰ ਵਿੱਚੋਂ ਹੀ ਉਸ ਦੀ ਲਾਸ਼ ਵੀ ਬਰਾਮਦ ਹੋ ਗਈ। ਸ਼ੱਕ ਹੈ ਕਿ ਮੁਲਜ਼ਮ ਵੱਲੋਂ ਉਸ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਅਤੇ ਬਾਅਦ ਵਿੱਚ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਕਾਰ ਦੇ ਅੰਦਰੋਂ ਇੱਕ ਗੋਲੀ ਦਾ ਖੋਲ ਵੀ ਮਿਲਿਆ ਹੈ, ਜਿਸ ਨਾਲ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਗਾਇਕਾ ਦਾ ਕਤਲ ਗੋਲੀ ਮਾਰ ਕੇ ਕੀਤਾ ਹੋ ਸਕਦਾ ਹੈ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਮੁਲਜ਼ਮ ਮੋਗਾ ਤੋਂ ਇੱਕ ਟੈਕਸੀ ਕਿਰਾਏ ‘ਤੇ ਕਰਕੇ ਨੇਪਾਲ ਬਾਰਡਰ ‘ਤੇ ਪਹੁੰਚ ਗਿਆ ਅਤੇ ਉੱਥੋਂ ਨੇਪਾਲ ਦੇ ਰਸਤੇ ਕੈਨੇਡਾ ਭੱਜ ਗਿਆ। ਉਹ ਭਾਰਤ ਆਉਣ ਵੇਲੇ ਵੀ ਨੇਪਾਲ ਦੇ ਰਸਤੇ ਹੀ ਆਇਆ ਸੀ।”  ਏ ਸੀ ਪੀ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਸੁੱਖੀ ਦੇ ਪਿਤਾ ਪ੍ਰੀਤਮ ਸਿੰਘ, ਕਰਮਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।

Related posts

ਵਿਕਸਿਤ ਦੇਸ਼ਾਂ ਵਾਲੀਆਂ ਸਿਹਤ ਸੇਵਾਵਾਂ ਵੱਲ ਪੰਜਾਬ

On Punjab

ਕੋਰੋਨਾ ਦੇ ਖ਼ਤਮ ਹੋਣ ਦੇ ਬਾਅਦ ਹੋਵੇਗਾ ਬਦਲਾਅ, ਭੀੜ ‘ਚ ਜਾਣ ਤੋਂ ਬਚਣਗੇ 46% ਲੋਕ : ਸਰਵੇ

On Punjab

ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਚੁੱਕਿਆ ਬੈਂਕ ਡਿਫਾਲਟਰਾਂ ਦਾ ਮੁੱਦਾ

On Punjab