PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੌਮੀ ਫੁੱਟਬਾਲ ਚੈਂਪੀਅਨਸ਼ਿਪ ਨਾਲ ਖੇਡ ਮੈਦਾਨਾਂ ਦੀ ਨੁਹਾਰ ਵੀ ਬਦਲੇਗੀ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਤੇਜ਼ੀ ਨਾਲ ਪ੍ਰਮੁੱਖ ਖੇਡ ਕੇਂਦਰ ਵਜੋਂ ਉੱਭਰ ਰਿਹਾ ਹੈ ਅਤੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦੇ ਸਫ਼ਲ ਪ੍ਰਬੰਧਨ ਤੋਂ ਬਾਅਦ ਹੁਣ ਸੂਬਾ ਕੌਮੀ ਪੱਧਰ ਦੀ ਫੁੱਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਹ ਮੈਚ ਸਰਾਭਾ, ਮਾਹਿਲਪੁਰ, ਹੁਸ਼ਿਆਰਪੁਰ ਅਤੇ ਹੋਰ ਥਾਵਾਂ ‘ਤੇ ਖੇਡੇ ਜਾਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਟੂਰਨਾਮੈਂਟ ਨਾਲ ਦੇਸ਼ ਭਰ ਦੇ ਚੋਟੀ ਦੇ ਖਿਡਾਰੀ ਪੰਜਾਬ ਆਉਣਗੇ ਅਤੇ ਨਾਲ ਹੀ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਵਿੱਚ ਵੀ ਤੇਜ਼ੀ ਆਵੇਗੀ। ਉਨ੍ਹਾਂ ਨੇ ਸਰਾਭਾ ਸਪੋਰਟਸ ਕਲੱਬ ਲਈ 51 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਅਤੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਵਿੱਚ ਇੱਕ ਝਾਕੀ ਰਾਹੀਂ ਪੰਜਾਬ ਦੀਆਂ ਰਵਾਇਤੀ ਬੈਲ ਗੱਡੀਆਂ ਦੀਆਂ ਖੇਡਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਸੀਂ ਹਾਲ ਹੀ ਵਿੱਚ ਹਾਕੀ ਟੂਰਨਾਮੈਂਟ ਕਰਵਾਇਆ, ਜੋ ਸਫ਼ਲ ਰਿਹਾ। ਪੰਜਾਬ ਨੂੰ ਫੁੱਟਬਾਲ ਟੂਰਨਾਮੈਂਟ ਕਰਵਾਉਣ ਦੀਆਂ ਪੇਸ਼ਕਸ਼ਾਂ ਵੀ ਮਿਲ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਅਸੀਂ ਪੰਜਾਬ ਵਿੱਚ ਕੌਮੀ ਪੱਧਰ ਦਾ ਫੁੱਟਬਾਲ ਟੂਰਨਾਮੈਂਟ ਕਰਵਾਵਾਂਗੇ, ਜਿਸ ਦੇ ਕੁਝ ਮੈਚ ਸਰਾਭਾ ਦੇ ਇਸੇ ਮੈਦਾਨ ਵਿੱਚ ਵੀ ਖੇਡੇ ਜਾਣਗੇ। ਅਸੀਂ ਦੋ-ਤਿੰਨ ਮੈਦਾਨਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿੱਚ ਮਾਹਿਲਪੁਰ ਅਤੇ ਸਰਾਭਾ ਸ਼ਾਮਲ ਹਨ। ਫੁੱਟਬਾਲ ਕਈ ਥਾਵਾਂ ‘ਤੇ ਖੇਡੀ ਜਾਂਦੀ ਹੈ, ਖ਼ਾਸ ਕਰ ਕੇ ਹੁਸ਼ਿਆਰਪੁਰ ਖੇਤਰ ਵਿੱਚ।” ਉਨ੍ਹਾਂ ਅੱਗੇ ਕਿਹਾ, “ਅਸੀਂ ਸਰਾਭਾ ਦੇ ਖੇਡ ਮੈਦਾਨ ਨੂੰ ਅਪਗ੍ਰੇਡ ਕਰਾਂਗੇ। ਇੱਥੇ ਕੌਮੀ ਟੀਮ ਅਤੇ ਦੇਸ਼ ਭਰ ਦੇ ਕੁਝ ਬਿਹਤਰੀਨ ਖਿਡਾਰੀ ਖੇਡਣ ਲਈ ਆਉਣਗੇ।”
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਾਭਾ ਸਪੋਰਟਸ ਕਲੱਬ ਦੇ ਬੁਨਿਆਦੀ ਢਾਂਚੇ ਲਈ 51 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, “ਤੁਸੀਂ ਮੈਨੂੰ ਮੁੱਖ ਮੰਤਰੀ ਬਣਾਇਆ ਹੈ ਅਤੇ ਇਹ ਤੁਹਾਡਾ ਆਪਣਾ ਪੈਸਾ ਹੈ, ਜੋ ਤੁਸੀਂ ਟੈਕਸਾਂ ਦੇ ਰੂਪ ਵਿੱਚ ਅਦਾ ਕਰਦੇ ਹੋ। ਇੱਥੇ ਬਹੁਤ ਸਾਰੇ ਖਿਡਾਰੀ ਹਨ, ਇਸ ਲਈ ਤੁਹਾਨੂੰ ਬਹੁਤ ਜਲਦ ਡੀ.ਪੀ.ਆਈ. ਦੀ ਅਸਾਮੀ ਵੀ ਦਿੱਤੀ ਜਾਵੇਗੀ।”
ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦੀ ਦਿਵਸ ਸਮਾਗਮਾਂ ਦੌਰਾਨ ਕਰਵਾਏ ਜਾਂਦੇ ਫੁੱਟਬਾਲ ਅਤੇ ਕਬੱਡੀ ਮੁਕਾਬਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕ੍ਰਾਂਤੀਕਾਰੀ ਸੋਚ ਨੂੰ ਸੱਚੀ ਸ਼ਰਧਾਂਜਲੀ ਹਨ। ਮੁੱਖ ਮੰਤਰੀ ਨੇ ਪਿੰਡ ਵਾਸੀਆਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ਼ ਵਿਕਾਸ ਮੰਗਾਂ ‘ਤੇ ਵਿਚਾਰ ਕੀਤਾ ਜਾਵੇਗਾ ਅਤੇ ਲੋਕਾਂ ਵੱਲੋਂ ਉਠਾਏ ਗਏ ਮੁੱਦਿਆਂ ‘ਤੇ ਡਿਪਟੀ ਕਮਿਸ਼ਨਰ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ, ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਵਿੱਚ ਕਿਲ੍ਹਾ ਰਾਏਪੁਰ ਦੀਆਂ ਰਵਾਇਤੀ ਖੇਡਾਂ ਦਾ ਪ੍ਰਦਰਸ਼ਨ ਕਰੇਗਾ ਪੰਜਾਬ ਵਾਸੀਆਂ ਨਾਲ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “26 ਜਨਵਰੀ ਨੂੰ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਹੁੰਦੀ ਹੈ। ਇਸ ਵਾਰ ਅਸੀਂ ਪਰੇਡ ਲਈ ਬੈਲ ਗੱਡੀਆਂ ਦੀ ਵਿਸ਼ੇਸ਼ਤਾ ਦਰਸਾਉਂਦਾ ਡਿਜ਼ਾਈਨ ਵੀ ਭੇਜਿਆ ਹੈ, ਕਿਉਂਕਿ ਇਹ ਸਾਡੀ ਰਵਾਇਤੀ ਖੇਡ ਹੈ। ਜਦੋਂ ਪੰਜਾਬ ਦੀ ਝਾਕੀ ਪੇਸ਼ ਕੀਤੀ ਜਾਵੇਗੀ ਤਾਂ ਤੁਸੀਂ ਖ਼ੁਦ ਦੇਖੋਗੇ। ਅਸੀਂ ਬੈਲ ਗੱਡੀਆਂ ਨੂੰ ਇਸ ਲਈ ਸ਼ਾਮਲ ਕੀਤਾ ਹੈ ਕਿਉਂਕਿ ਇਹ ਸਾਡੇ ਵਿਰਸੇ ਦਾ ਹਿੱਸਾ ਹਨ। ਇਸ ਖੇਤਰ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਦੀ ਪੁਰਾਣੀ ਪਰੰਪਰਾ ਰਹੀ ਹੈ, ਖ਼ਾਸ ਕਰ ਕੇ ਕਿਲ੍ਹਾ ਰਾਏਪੁਰ ਖੇਡ ਮੇਲੇ ਵਿੱਚ।”

Related posts

ਮੋਦੀ ਦੀ ਰੈਲੀ ‘ਚ ਹੰਗਾਮਾ, “ਚੋਰ ਹੈ, ਚੋਰ ਹੈ” ਦਾ ਰੌਲਾ

On Punjab

ਸਰਹੱਦ ਪਾਰੋਂ ਫਿਰੌਤੀ ਅਤੇ ਧਮਕੀਆਂ ਦੇ ਨੈੱਟਵਰਕ ਦਾ ਪਰਦਾਫਾਸ਼

On Punjab

ਜਥੇਬੰਦਕ ਢਾਂਚੇ ਨੂੰ ਨਵੀਂ ਮਜ਼ਬੂਤੀ ਦੇਣ ਲਈ ਵਰਕਰਾਂ ਦੀ ਰਾਏ ਅਤੇ ਸੁਝਾਵਾਂ ਨੂੰ ਦਿੱਤੀ ਗਈ ਤਰਜੀਹ

On Punjab