PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Amritpal Singh ਦੀ ਕਸਟਡੀ ਪੈਰੋਲ ਲਈ ਨਵੀਂ ਅਰਜ਼ੀ ਦਾਇਰ; ਅਦਾਲਤ ਨੇ ਪੰਜਾਬ ਸਰਕਾਰ ਕੋਲੋਂ ਮੰਗਿਆ ਜਵਾਬ

ਅੰਮ੍ਰਿਤਸਰ-  ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੀ ਕਸਟਡੀ ਪੈਰੋਲ ਹੁਣ 21, 22 ਅਤੇ 23 ਨਵੰਬਰ ਲਈ ਮੰਗੀ ਗਈ ਹੈ। ਇਸ ਸਬੰਧ ਵਿੱਚ ਸਥਾਨਕ ਅਦਾਲਤ ਵਿੱਚ ਨਵੀਂ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ’ਤੇ ਸੁਣਵਾਈ ਕਰਦਿਆਂ ਅਦਾਲਤ ਵੱਲੋਂ ਇਸ ਸਬੰਧ ਵਿੱਚ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਗਿਆ ਹੈ ਅਤੇ ਇਸ ਦੀ ਅਗਲੀ ਸੁਣਵਾਈ ਭਲਕੇ 17 ਨਵੰਬਰ ’ਤੇ ਰੱਖੀ ਗਈ ਹੈ। ਇਸ ਤੋਂ ਪਹਿਲਾਂ ਅਦਾਲਤ ਵੱਲੋਂ ਕਸਟਡੀ ਪੈਰੋਲ 14 ਨਵੰਬਰ ਵਾਸਤੇ ਦਿੱਤੀ ਗਈ ਸੀ, ਪਰ ਸਮਾਂ ਥੋੜ੍ਹਾ ਹੋਣ ਕਾਰਨ ਅਤੇ ਹੁਕਮਾਂ ਦੀ ਤਾਮੀਲ ਹੋਣ ਵਿੱਚ ਸਮਾਂ ਲੱਗਣ ਕਾਰਨ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਨਹੀਂ ਲਿਆਂਦਾ ਜਾ ਸਕਿਆ ਸੀ।

ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦੀਵਾਲੀ ਵਾਲੀ ਸ਼ਾਮ 8 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਸਬੰਧੀ ਅਰਜ਼ੀ 11 ਨਵੰਬਰ ਨੂੰ ਦਾਇਰ ਕੀਤੀ ਗਈ ਸੀ। ਇਸ ਸਬੰਧੀ ਅਦਾਲਤ ਵੱਲੋਂ 13 ਨਵੰਬਰ ਨੂੰ ਹੁਕਮ ਜਾਰੀ ਕਰਦਿਆਂ 14 ਨਵੰਬਰ ਨੂੰ ਉਨ੍ਹਾਂ ਨੂੰ ਪੰਜਾਬ ਲਿਆਉਣ ਸਬੰਧੀ ਇਜਾਜ਼ਤ ਦਿੱਤੀ ਗਈ ਸੀ।

ਇਸ ਦੇ ਨਾਲ ਹੀ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਅਤੇ ਮਾਤਾ ਚਰਨ ਕੌਰ ਦੇ ਦੋਹਤੇ ਸੁਖਮਨਪ੍ਰੀਤ ਸਿੰਘ ਨੂੰ ਵੀ ਨਾਲ ਲਿਆਉਣ ਦੀ ਵਿਵਸਥਾ ਸਬੰਧੀ ਹੁਕਮ ਸਨ। ਪਰ 13 ਨਵੰਬਰ ਨੂੰ ਹੁਕਮ ਜਾਰੀ ਹੋਣ ਤੋਂ ਬਾਅਦ 14 ਨਵੰਬਰ ਤੱਕ ਬਹੁਤ ਥੋੜ੍ਹਾ ਸਮਾਂ ਹੋਣ ਕਾਰਨ ਅਤੇ ਲੋੜੀਂਦੀ ਕਾਨੂੰਨੀ ਤੇ ਪ੍ਰਸ਼ਾਸਨਿਕ ਪ੍ਰਕਿਰਿਆ ਪੂਰੀ ਨਾ ਹੋ ਸਕਣ ਕਾਰਨ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਨਹੀਂ ਲਿਆਂਦਾ ਜਾ ਸਕਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਲੀਗਲ ਸੈੱਲ ਦੇ ਮੈਂਬਰ ਐਡਵੋਕੇਟ ਕਰਮਵੀਰ ਸਿੰਘ ਪੰਨੂ ਨੇ ਦੱਸਿਆ ਕਿ ਅੱਜ ਨਵੀਂ ਅਰਜ਼ੀ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੀ ਕਸਟਡੀ ਪੈਰੋਲ 21, 22 ਅਤੇ 23 ਨਵੰਬਰ ਵਾਸਤੇ ਮੰਗੀ ਗਈ ਹੈ। ਅਦਾਲਤ ਨੇ ਇਸ ’ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਹੈ ਅਤੇ ਅਗਲੀ ਸੁਣਵਾਈ 17 ਨਵੰਬਰ ਵਾਸਤੇ ਰੱਖ ਦਿੱਤੀ ਹੈ।

Related posts

ਦੇਸ਼ ’ਚ ਕੋਰੋਨਾ ਦੇ ਵਿਗੜੇ ਹਾਲਾਤ ਦੇ ਵਿਚਕਾਰ ਪੀਐੱਮ ਮੋਦੀ ਨੇ ਕੀਤੀ ਹਾਈ ਲੈਵਲ ਮੀਟਿੰਗ, ਕੇਂਦਰ ਸਰਕਾਰ ਅਲਰਟ ’ਤੇ!

On Punjab

ਮੇਰੇ ਅਲਫ਼ਾਜ ਹੀ ਮੇਰੇ ਦੁਸ਼ਮਣ ਬਣ ਗਏ,

Pritpal Kaur

ਕੋਵਿਡ 19 : ਸਪੇਨ ਤੇ ਇਟਲੀ ਨੂੰ ਮਿਲੀ ਥੋੜੀ ਰਾਹਤ, ਮਾਮਲਿਆਂ ਅਤੇ ਮੌਤਾਂ ‘ਚ ਆਈ ਕਮੀ

On Punjab