64.92 F
New York, US
August 21, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੰਬ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ West Bengal ਤੋਂ ਇੱਕ ਗ੍ਰਿਫ਼ਤਾਰ; 300 ਤੋਂ ਵੱਧ Gmail ਖਾਤੇ ਬਰਾਮਦ, ਪਾਕਿਸਤਾਨ ਤੱਕ ਜੁੜੇ ਤਾਰ

ਅੰਮ੍ਰਿਤਸਰ-  ਕਈ ਸੂਬਿਆਂ ਦੇ ਸਕੂਲਾਂ ਅਤੇ ਹੋਰ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਭੇਜਣ ਦੇ ਦੋਸ਼ ਤਹਿਤ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੇ ਪੱਛਮੀ ਬੰਗਾਲ ਤੋਂ ਇੱਕ ਮੁੱਖ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਦੌਰਾਨ ਅੱਜ ਵੀ ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਧਮਾਕੇ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਹਨ। ਇਸ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੌਰਵ ਬਿਸਵਾਸ ਉਰਫ਼ ਮਾਈਕਲ ਵਾਸੀ ਪੱਛਮੀ ਬੰਗਾਲ ਵਜੋਂ ਹੋਈ ਹੈ। ਉਹ ਲਗਪਗ 30 ਸਾਲਾਂ ਦਾ ਹੈ ਅਤੇ 12ਵੀਂ ਜਮਾਤ ਤੱਕ ਪੜ੍ਹਿਆ ਹੋਇਆ ਹੈ। ਉਹ ਗ੍ਰਾਫਿਕ ਡਿਜ਼ਾਈਨਰ ਦਾ ਕੰਮ ਕਰਦਾ ਹੈ। ਪੁਲੀਸ ਨੇ ਉਸ ਦੇ ਕੋਲੋਂ ਇਸ ਮਾਮਲੇ ਵਿੱਚ ਵਰਤੇ ਗਏ 3 ਸੀ ਪੀ ਯੂ (CPUs), 5 ਕੰਪਿਊਟਰ ਹਾਰਡ ਡਿਸਕਾਂ, 3 ਮੋਬਾਈਲ ਫ਼ੋਨ, 1 ਇੰਟਰਨੈੱਟ ਰਾਊਟਰ ਅਤੇ ਪਾਸਵਰਡ ਤੇ ਰਿਕਵਰੀ ਵੇਰਵਿਆਂ ਸਮੇਤ 300 ਤੋਂ ਵੱਧ ਜੀਮੇਲ (Gmail) ਆਈਡੀ ਅਤੇ 15 ਹੌਟਮੇਲ (Hotmail) ਖਾਤੇ ਬਰਾਮਦ ਕੀਤੇ ਹਨ।

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇੱਕ ਡਿਜੀਟਲ ਟ੍ਰੇਲ ਅਤੇ ਤਕਨੀਕੀ ਵਿਸ਼ਲੇਸ਼ਣ ਤੋਂ ਬਾਅਦ ਪੁਲੀਸ ਟੀਮ ਨੇ ਮੁਲਜ਼ਮ ਨੂੰ ਪੱਛਮੀ ਬੰਗਾਲ ਤੱਕ ਟਰੈਕ ਕੀਤਾ, ਜਿਸ ਤੋਂ ਬਾਅਦ ਉਸ ਨੂੰ ਮੌਜੂਦਾ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗੁਜਰਾਤ ਪੁਲੀਸ ਨੇ ਵੀ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੀਤੀ ਗਈ ਜਾਂਚ ਦੌਰਾਨ ਤਕਨੀਕੀ ਵਿਸ਼ਲੇਸ਼ਣ ਤੋਂ ਪੁਸ਼ਟੀ ਹੋਈ ਹੈ ਕਿ ਇਨ੍ਹਾਂ ਈਮੇਲ ਖਾਤਿਆਂ ਦੀ ਵਰਤੋਂ ਅੰਮ੍ਰਿਤਸਰ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਧਮਕੀ ਭਰੇ ਈਮੇਲ ਭੇਜਣ ਲਈ ਕੀਤੀ ਗਈ ਸੀ।

ਜਾਂਚ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਕਿ ਉਹ ਵੱਖ-ਵੱਖ ਫੇਸਬੁੱਕ ਗਰੁੱਪਾਂ ਰਾਹੀਂ ਈਮੇਲ ਖਾਤਿਆਂ ਨੂੰ ਖਰੀਦਣ ਅਤੇ ਵੇਚਣ ਦੇ ਕਾਰੋਬਾਰ ਵਿੱਚ ਸ਼ਾਮਲ ਸੀ। ਲਗਪਗ 300 ਜੀਮੇਲ ਖਾਤੇ ਅਣਪਛਾਤੇ ਵਿਅਕਤੀਆਂ ਤੋਂ ਔਨਲਾਈਨ ਪਲੇਟਫਾਰਮਾਂ ਰਾਹੀਂ ਖਰੀਦੇ ਗਏ ਸਨ, ਜਿਨ੍ਹਾਂ ਵਿੱਚੋਂ 219 ਜੀਮੇਲ ਖਾਤੇ ਵਟਸਐਪ ਰਾਹੀਂ ਬੰਗਲਾਦੇਸ਼ ਵਿੱਚ ਸਥਿਤ ਇੱਕ ਵਿਅਕਤੀ ਨੂੰ ਵੇਚੇ ਗਏ ਸਨ। ਇਨ੍ਹਾਂ ਖਾਤਿਆਂ ਨੂੰ ਖਰੀਦਣ ਅਤੇ ਵੇਚਣ ਦੇ ਲੈਣ-ਦੇਣ ਵਾਸਤੇ ਯੂ ਐੱਸ ਡੀ ਟੀ (USDT) ਕ੍ਰਿਪਟੋਕਰੰਸੀ ਦੀ ਵਰਤੋਂ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਈਮੇਲ ਖਾਤਿਆਂ ਨੂੰ ਬਾਅਦ ਵਿੱਚ ਪਾਕਿਸਤਾਨ ਸਥਿਤ ਅਣਪਛਾਤੇ ਵਿਅਕਤੀਆਂ ਨੂੰ ਸਪਲਾਈ ਕੀਤਾ ਗਿਆ ਸੀ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਇਨ੍ਹਾਂ ਦੀ ਵਰਤੋਂ ਬੰਬ ਧਮਕੀ ਵਾਲੀਆਂ ਈਮੇਲਾਂ ਭੇਜਣ ਅਤੇ ਹੋਰ ਗ਼ੈਰ-ਕਾਨੂੰਨੀ ਸਾਈਬਰ ਗਤੀਵਿਧੀਆਂ ਲਈ ਕੀਤੀ ਸੀ। ਇਸੇ ਦੌਰਾਨ, ਬੰਗਲਾਦੇਸ਼ ਲਿੰਕ ਸਬੰਧੀ ਵੀ ਸਬੰਧਤ ਏਜੰਸੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਧਮਕੀ ਭਰੇ ਈਮੇਲਾਂ ਦਾ ਉਦੇਸ਼ ਡਰ ਦਾ ਮਾਹੌਲ ਪੈਦਾ ਕਰਨਾ ਅਤੇ ਜਨਤਕ ਸ਼ਾਂਤੀ ਤੇ ਕੌਮੀ ਸੁਰੱਖਿਆ ਨੂੰ ਭੰਗ ਕਰਨਾ ਸੀ। ਪੁਲੀਸ ਵੱਲੋਂ ਇਸ ਸਬੰਧ ਵਿੱਚ ਵੱਖ-ਵੱਖ ਚਾਰ ਕੇਸ ਦਰਜ ਕੀਤੇ ਹੋਏ ਹਨ।

Related posts

UAE ਨਹੀਂ ਜਾ ਸਕਣਗੇ 12 ਮੁਲਕਾਂ ਦੇ ਨਾਗਰਿਕ, ਭਾਰਤ ਸੂਚੀ ‘ਚੋਂ ਬਾਹਰ

On Punjab

369 ਫੁੱਟ ਉੱਚੀ ਸ਼ਿਵ ਮੂਰਤੀ ‘ਵਿਸ਼ਵਾਸ ਸਵਰੂਪਮ’ ਦਾ ਹੋਵੇਗਾ ਉਦਘਾਟਨ, 20 ਕਿਲੋਮੀਟਰ ਦੂਰ ਤੋਂ ਹੀ ਹੋਣਗੇ ਦਰਸ਼ਨ

On Punjab

ABP Cvoter Survey: ਪੰਜਾਬ ‘ਚ AAP, ਭਾਜਪਾ ਅਤੇ ਕਾਂਗਰਸ ਦੇ ਹਿੱਸੇ ਆਈਆਂ ਸਿਰਫ਼ ਇੰਨੀਆਂ ਸੀਟਾਂ, ਸਰਵੇ ਨੇ ਕੀਤਾ ਹੈਰਾਨ

On Punjab