PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹੁਣ ਸਵੈ ਇੱਛਾ ਨਾਲ ਹੋਵੇਗਾ ਈ ਪੀ ਐੱਫ ਵਿੱਚ 1,800 ਰੁਪਏ ਤੋਂ ਵੱਧ ਦਾ ਯੋਗਦਾਨ

ਨਵੀਂ ਦਿੱਲੀ-  ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਨਵੀਂ ਈ ਪੀ ਐੱਫ ਯੋਜਨਾ-2026 ਅਧੀਨ 15,000 ਰੁਪਏ ਦੀ ਮਹੀਨਾਵਾਰ ਤਨਖ਼ਾਹ ਸੀਮਾ ਤੋਂ ਵਧ ਆਮਦਨ ਵਾਲਿਆਂ ਲਈ ਈ ਪੀ ਐੱਫ ਯੋਗਦਾਨ ਨੂੰ ਸਵੈਇੱਛੁਕ ਬਣਾ ਦਿੱਤਾ ਹੈ। ਨਵੀਂ ਯੋਜਨਾ ਅਨੁਸਾਰ 15,000 ਰੁਪਏ ਦੀ ਤਨਖ਼ਾਹ ’ਤੇ 12 ਫ਼ੀਸਦੀ ਦੇ ਹਿਸਾਬ ਨਾਲ ਬਣਦਾ 1,800 ਰੁਪਏ ਤੋਂ ਵੱਧ ਯੋਗਦਾਨ ਕਰਨਾ ਹੁਣ ਕਰਮਚਾਰੀ ਅਤੇ ਕੰਪਨੀ ਮਾਲਕ ਦੀ ਆਪਸੀ ਸਹਿਮਤੀ ’ਤੇ ਨਿਰਭਰ ਕਰੇਗਾ। ਪਹਿਲਾਂ ਈ ਪੀ ਐੱਫ ਦੇ ਦਾਇਰੇ ਵਿੱਚ ਆਉਣ ਤੋਂ ਬਾਅਦ ਕਰਮਚਾਰੀ ਅਤੇ ਕੰਪਨੀ ਮਾਲਕ ਅਸਲ ਤਨਖ਼ਾਹ ਦੇ ਆਧਾਰ ’ਤੇ ਯੋਗਦਾਨ ਦਿੰਦੇ ਸਨ, ਭਾਵੇਂ ਤਨਖ਼ਾਹ 15,000 ਰੁਪਏ ਤੋਂ ਵੱਧ ਹੀ ਕਿਉਂ ਨਾ ਹੋਵੇ। ਨਵੀਂ ਯੋਜਨਾ ਮੁਤਾਬਕ ਲਾਜ਼ਮੀ ਯੋਗਦਾਨ ਸਿਰਫ਼ ਸਰਕਾਰ ਵੱਲੋਂ ਨਿਰਧਾਰਤ ਤਨਖ਼ਾਹ ਸੀਮਾ ਤੱਕ ਹੀ ਹੋਵੇਗਾ। ਹਾਲਾਂਕਿ, ਜੇ ਦੋਵੇਂ ਧਿਰਾਂ ਚਾਹੁਣ ਤਾਂ ਇਸ ਤੋਂ ਵੱਧ ਤਨਖ਼ਾਹ ’ਤੇ ਵੀ ਸਵੈਇੱਛੁਕ ਤੌਰ ’ਤੇ ਈਪੀਐਫ ਵਿੱਚ ਯੋਗਦਾਨ ਜਾਰੀ ਰੱਖ ਸਕਦੀਆਂ ਹਨ।

ਸਭ ਤੋਂ ਅਹਿਮ ਗੱਲ ਇਹ ਹੈ ਕਿ 12 ਫੀਸਦੀ ਪੀ ਐਫ ਯੋਗਦਾਨ ਸਿਰਫ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਸੀਮਾ ਤਕ ਹੀ ਜ਼ਰੂਰੀ ਹੈ। ਇਸ ਤੋਂ ਜ਼ਿਆਦਾ ਯੋਗਦਾਨ ਹੁਣ ਸਵੈ ਇੱਛਾ ਅਨੁਸਾਰ ਹੋਵੇਗਾ। ਇਸ ਨਾਲ ਮੁਲਾਜ਼ਮਾਂ ਨੂੰ ਇਹ ਨਿਰਧਾਰਤ ਕਰਨ ਦੀ ਆਜ਼ਾਦੀ ਮਿਲੇਗੀ ਕਿ ਉਹ ਆਪਣੀ ਤਨਖਾਹ ਦਾ ਕਿੰਨਾ ਹਿੱਸਾ ਆਪਣੇ ਪੀ ਐਫ ਖਾਤੇ ਵਿਚ ਜਮ੍ਹਾਂ ਕਰਵਾਉਣਾ ਚਾਹੁੰਦੇ ਹਨ। ਨਵੇਂ ਨਿਯਮਾਂ ਅਨੁਸਾਰ ਪੀ ਐਫ ਕੰਟਰਬਿਊਸ਼ਨ ਵਿਚ ਜ਼ਰੂਰੀ 1800 ਦੀ ਲਿਮਟ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਤਹਿਤ ਇਕ ਲੱਖ ਰੁਪਏ ਮਹੀਨਾ ਤਨਖਾਹ ਲੈਣ ਵਾਲੇ ਮੁਲਾਜ਼ਮ ਨੂੰ ਵੀ ਈਪੀਐਫ ਤਹਿਤ ਪੀਐਫ ਕੰਟਰੀਬਿਊਸ਼ਨ ਵਿਚ ਸਿਰਫ 1800 ਦਾ ਯੋਗਦਾਨ ਦੇਣਾ ਪਵੇਗਾ। ਜਿਹੜੇ ਮੁਲਾਜ਼ਮ ਸੇਵਾਮੁਕਤੀ ਵੇਲੇ ਵੱਧ ਬਚਤ ਕਰਨਾ ਚਾਹੁੰਦੇ ਹਨ, ਉਹ ਇਸ ਜ਼ਰੂਰੀ ਰਾਸ਼ੀ ਤੋਂ ਵੱਧ ਯੋਗਦਾਨ ਦੇ ਸਕਦੇ ਹਨ ਪਰ ਇਸ ਨੂੰ ਸਵੈਇੱਛਾ ਅਨੁਸਾਰ ਮੰਨਿਆ ਜਾਵੇਗਾ।/

ਪਹਿਲਾਂ Employees’ Provident Funds Scheme 1952 ਅਧੀਨ 15,000 ਰੁਪਏ ਮਹੀਨਾਵਾਰ ਤਨਖ਼ਾਹ ਦੀ ਸੀਮਾ ਕਰਮਚਾਰੀ ਨੂੰ EPF ਦੀ ਲਾਜ਼ਮੀ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਲਿਆਉਣ ਲਈ ਲਾਗੂ ਹੁੰਦੀ ਸੀ ਜਿਨ੍ਹਾਂ ਕਰਮਚਾਰੀਆਂ ਦੀ ਮੁੱਢਲੀ ਤਨਖ਼ਾਹ 15,000 ਰੁਪਏ ਜਾਂ ਇਸ ਤੋਂ ਘੱਟ ਹੁੰਦੀ ਸੀ, ਉਨ੍ਹਾਂ ਲਈ EPF ਯੋਜਨਾ ਲਾਜ਼ਮੀ ਸੀ, ਜਦਕਿ ਇਸ ਤੋਂ ਵੱਧ ਤਨਖ਼ਾਹ ਵਾਲੇ ਕਰਮਚਾਰੀ ਆਪਣੀ ਇੱਛਾ ਨਾਲ EPFO ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਵਿੱਚ ਸ਼ਾਮਲ ਹੋ ਸਕਦੇ ਸਨ। ਪੁਰਾਣੇ ਨਿਯਮਾਂ ਤਹਿਤ ਇੱਕ ਵਾਰ EPF ਦੇ ਦਾਇਰੇ ਵਿੱਚ ਆਉਣ ਤੋਂ ਬਾਅਦ ਕਰਮਚਾਰੀ ਆਪਣੀ ਅਸਲ ਮੁੱਢਲੀ ਤਨਖ਼ਾਹ ਦੇ ਆਧਾਰ ‘ਤੇ PF ਜਮ੍ਹਾਂ ਕਰਵਾਉਂਦੇ ਸਨ ਅਤੇ ਸੰਸਥਾਨ ਵੀ ਉਸੇ ਅਨੁਸਾਰ ਬਰਾਬਰ ਦਾ ਯੋਗਦਾਨ ਦਿੰਦਾ ਸੀ। ਕਈ ਮਾਮਲਿਆਂ ਵਿੱਚ ਇਹ ਯੋਗਦਾਨ ਸਰਕਾਰ ਵੱਲੋਂ ਨਿਰਧਾਰਤ 15,000 ਰੁਪਏ ਦੀ ਸੀਮਾ ਤੋਂ ਵੀ ਵੱਧ ਤਨਖ਼ਾਹ ‘ਤੇ ਕੀਤਾ ਜਾਂਦਾ ਸੀ।

ਨਵੇਂ ਨਿਯਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ EPF ਵਿੱਚ ਲਾਜ਼ਮੀ ਯੋਗਦਾਨ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਨਿਰਧਾਰਤ ਕੀਤੀ ਜਾਣ ਵਾਲੀ ਤਨਖ਼ਾਹ ਸੀਮਾ ਤੱਕ ਹੀ ਹੋਵੇਗਾ। ਜੇ ਕਿਸੇ ਕਰਮਚਾਰੀ ਦੀ ਮਹੀਨਾਵਾਰ ਤਨਖ਼ਾਹ ਇਸ ਸੀਮਾ ਤੋਂ ਵੱਧ ਹੈ ਤਾਂ ਕਰਮਚਾਰੀ ਅਤੇ ਸੰਸਥਾਨ ਦੋਵਾਂ ਦਾ ਲਾਜ਼ਮੀ ਯੋਗਦਾਨ ਸਿਰਫ਼ ਇਸੇ ਸੀਮਾ ਦੇ ਆਧਾਰ ‘ਤੇ ਗਿਣਿਆ ਜਾਵੇਗਾ। ਹਾਲਾਂਕਿ, ਨਵੇਂ ਨਿਯਮਾਂ ਵਿੱਚ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਜੇ ਸੰਸਥਾਨ ਅਤੇ ਕਰਮਚਾਰੀ ਚਾਹੁਣ ਤਾਂ ਉਹ 15,000 ਰੁਪਏ ਤੋਂ ਵੱਧ ਤਨਖ਼ਾਹ ਦੇ ਆਧਾਰ ‘ਤੇ ਵੀ EPF ਵਿੱਚ ਯੋਗਦਾਨ ਦੇ ਸਕਦੇ ਹਨ। ਇਹ ਪੂਰੀ ਤਰ੍ਹਾਂ ਦੋਵਾਂ ਧਿਰਾਂ ਦੀ ਸਹਿਮਤੀ ‘ਤੇ ਨਿਰਭਰ ਕਰੇਗਾ। ਨਿਯਮਾਂ ਅਨੁਸਾਰ ਸੰਸਥਾਨ ਦਾ EPF ਯੋਗਦਾਨ ਕਰਮਚਾਰੀ ਦੀ ਲਾਗੂ ਤਨਖ਼ਾਹ ਦਾ 12 ਫੀਸਦੀ ਰਹੇਗਾ ਅਤੇ ਕਰਮਚਾਰੀ ਵੀ ਇੰਨੀ ਹੀ ਰਕਮ ਆਪਣੇ ਹਿੱਸੇ ਵਜੋਂ ਜਮ੍ਹਾਂ ਕਰਵਾਏਗਾ।

ਸਾਲ 2014 ਵਿੱਚ ਕਰਮਚਾਰੀ ਪੈਨਸ਼ਨ ਯੋਜਨਾ (EPS) ਵਿੱਚ ਸੋਧ ਤੋਂ ਬਾਅਦ ਸੰਸਥਾਨਾਂ ਵੱਲੋਂ 8.33 ਫੀਸਦੀ ਪੈਨਸ਼ਨ ਯੋਗਦਾਨ ਨੂੰ 15,000 ਰੁਪਏ ਦੀ ਤਨਖ਼ਾਹ ਸੀਮਾ ਤੱਕ ਹੀ ਸੀਮਤ ਕਰ ਦਿੱਤਾ ਗਿਆ ਸੀ। ਇਸ ਕਰਕੇ ਵਾਧੂ ਤਨਖ਼ਾਹ ‘ਤੇ ਸੰਥਥਾਨ ਵੱਲੋਂ ਕੀਤਾ ਗਿਆ ਯੋਗਦਾਨ ਕਰਮਚਾਰੀ ਦੇ EPF ਖਾਤੇ ਵਿੱਚ ਜਮ੍ਹਾਂ ਹੁੰਦਾ ਸੀ। ਨਵੇਂ ਨਿਯਮਾਂ ਨਾਲ ਹੁਣ ਕਰਮਚਾਰੀਆਂ ਅਤੇ ਸੰਸਥਾਨਾਂ ਨੂੰ ਇਹ ਚੋਣ ਮਿਲੇਗੀ ਕਿ ਉਹ ਕੇਵਲ ਨਿਰਧਾਰਤ ਤਨਖ਼ਾਹ ਸੀਮਾ ਦੇ ਆਧਾਰ ‘ਤੇ EPF ਵਿੱਚ ਯੋਗਦਾਨ ਦੇਣ ਜਾਂ ਫਿਰ ਆਪਣੀ ਅਸਲ ਵੱਧ ਤਨਖ਼ਾਹ ਦੇ ਆਧਾਰ ‘ਤੇ ਵੀ ਯੋਗਦਾਨ ਜਾਰੀ ਰੱਖਣ।

Related posts

World Covid-19 Update : ਦੁਨੀਆ ਭਰ ’ਚ ਕੋਰੋਨਾ ਨੇ ਢਾਹਿਆ ਕਹਿਰ, ਵਿਸ਼ਵ ਪੱਧਰੀ ਮਾਮਲੇ ਵੱਧ ਕੇ 325.7 ਕਰੋੜ ਹੋਏ

On Punjab

ਲੋਕ ਸਭਾ ਸਪੀਕਰ ਬਾਰੇ ਨਾ ਬਣੀ ਸਹਿਮਤੀ, ਐੱਨਡੀਏ ਦੇ ਓਮ ਬਿਰਲਾ ਤੇ ਇੰਡੀਆ ਦੇ ਸੁਰੇਸ਼ ਵਿਚਾਲੇ ਮੁਕਾਬਲਾ ਅੱਜ

On Punjab

ਕੋਰੀਆ ਪ੍ਰਇਦੀਪ ‘ਚ ਤਣਾਅ ਨਾਲ ਅਮਰੀਕੀ ਮਿਜ਼ਾਇਲ ਡਿਫੈਂਸ ਸਿਸਟਮ ਯੋਜਨਾ ਨੂੰ ਝਟਕਾ

On Punjab