PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵਿਸ਼ਵ ਪ੍ਰਸਿੱਧ ‘ਅੰਮ੍ਰਿਤਸਰੀ ਕੁਲਚੇ’ ਨੂੰ GI ਟੈਗ ਦਵਾਉਣ ਲਈ ਪ੍ਰਸ਼ਾਸਨਿਕ ਚਾਰਾਜੋਈ ਸ਼ੁਰੂ; DC ਦਫ਼ਤਰ ਵਿਖੇ ਹੋਈ ਅਹਿਮ ਮੀਟਿੰਗ

ਅੰਮ੍ਰਿਤਸਰ-  ਪਵਿੱਤਰ ਨਗਰੀ ਅੰਮ੍ਰਿਤਸਰ ਦੀ ਵਿਸ਼ਵ ਭਰ ਵਿੱਚ ਪ੍ਰਸਿੱਧ ਖਾਣ-ਪੀਣ ਦੀ ਵਿਰਾਸਤ ਦੇ ਅਹਿਮ ਹਿੱਸੇ ‘ਅੰਮ੍ਰਿਤਸਰੀ ਕੁਲਚੇ’ ਨੂੰ ਜੀਓਗ੍ਰਾਫਿਕਲ ਇੰਡੀਕੇਸ਼ਨ (GI) ਟੈਗ ਦਿਵਾਉਣ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਪਹਿਲਕਦਮੀ ਕੀਤੀ ਗਈ ਹੈ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੰਮ੍ਰਿਤਸਰ ਵਿਖੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਵਿਸ਼ੇਸ਼ ਸਕੱਤਰ ਸੰਦੀਪ ਹੰਸ ਦੀ ਅਗਵਾਈ ਹੇਠ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼ਹਿਰ ਦੇ ਨਾਮੀ ਕੁਲਚਾ ਨਿਰਮਾਤਾਵਾਂ ਅਤੇ ਵਪਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਮੀਟਿੰਗ ਦੌਰਾਨ ਵਿਸ਼ੇਸ਼ ਸਕੱਤਰ ਸੰਦੀਪ ਹੰਸ ਨੇ ਆਖਿਆ ਕਿ ਅੰਮ੍ਰਿਤਸਰੀ ਕੁਲਚਾ ਸਿਰਫ਼ ਇੱਕ ਪਕਵਾਨ ਨਹੀਂ, ਸਗੋਂ ਗੁਰੂ ਕੀ ਨਗਰੀ ਦੀ ਸੱਭਿਆਚਾਰਕ ਪਛਾਣ ਅਤੇ ਅਮੀਰ ਵਿਰਾਸਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜੀ.ਆਈ. ਟੈਗ ਮਿਲਣ ਨਾਲ ਇਸ ਰਵਾਇਤੀ ਸਵਾਦ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਵਿਲੱਖਣ ਅਤੇ ਕਾਨੂੰਨੀ ਪਛਾਣ ਮਿਲੇਗੀ। ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਅੰਮ੍ਰਿਤਸਰੀ ਕੁਲਚੇ ਦੇ ਨਾਮ ਹੇਠ ਨਕਲੀ ਉਤਪਾਦ ਵੇਚ ਕੇ ਇਸ ਦੇ ਅਸਲੀ ਸਵਾਦ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇਗੀ, ਜਿਸ ਨਾਲ ਸਥਾਨਕ ਕਾਰੀਗਰਾਂ ਅਤੇ ਵਪਾਰੀਆਂ ਦੇ ਹੱਕ ਸੁਰੱਖਿਅਤ ਹੋਣਗੇ।

ਇਸ ਮੌਕੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (PSCST) ਦੀ ਜਾਇੰਟ ਸਕੱਤਰ ਡਾ. ਦਪਿੰਦਰ ਕੌਰ ਬਖਸ਼ੀ ਨੇ ਫੁਲਕਾਰੀ ਨੂੰ ਮਿਲੇ ਵਿਸ਼ਵ ਵਿਆਪੀ ਹੁੰਗਾਰੇ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਅੰਮ੍ਰਿਤਸਰੀ ਕੁਲਚੇ ਨੂੰ ਵੀ ਗਲੋਬਲ ਬ੍ਰਾਂਡ ਬਣਾਉਣ ਲਈ ਉਨ੍ਹਾਂ ਦਾ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਜੀ.ਆਈ. ਟੈਗ ਦੀ ਅਧਿਕਾਰਕ ਪ੍ਰਕਿਰਿਆ ਅਤੇ ਅਰਜ਼ੀ ਦਾਖਲ ਕਰਨ ਲਈ ਸਭ ਤੋਂ ਪਹਿਲਾਂ ਕੁਲਚਾ ਨਿਰਮਾਤਾਵਾਂ ਦੀ ਇੱਕ ਅਧਿਕਾਰਤ ਐਸੋਸੀਏਸ਼ਨ (ਸੰਗਠਨ) ਦਾ ਗਠਨ ਕੀਤਾ ਜਾਵੇ। ਸਥਾਨਕ ਵਪਾਰੀਆਂ ਨੇ ਸਰਕਾਰ ਦੀ ਇਸ ਗੰਭੀਰਤਾ ਦਾ ਨਿੱਘਾ ਸਵਾਗਤ ਕਰਦਿਆਂ ਇਸ ਨੂੰ ਇਤਿਹਾਸਕ ਕਦਮ ਦੱਸਿਆ।

ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ‘Geographical Indications of Goods (Registration and Protection) Act, 1999’ ਤਹਿਤ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਪੀ.ਐੱਸ.ਸੀ.ਐੱਸ.ਟੀ., ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੇ ਫੂਡ ਟੈਕਨਾਲੋਜੀ ਵਿਭਾਗ, ਫੂਡ ਪ੍ਰੋਸੈਸਿੰਗ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇੱਕ ਸਾਂਝੀ ਤਾਲਮੇਲ ਕਮੇਟੀ ਬਣਾਈ ਜਾਵੇਗੀ। ਪ੍ਰਸ਼ਾਸਨ ਵੱਲੋਂ ਇਸ ਪੂਰੇ ਪ੍ਰੋਜੈਕਟ ਦੀ ਦੇਖ-ਰੇਖ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਬੈਠਕ ਵਿੱਚ ਸਹਾਇਕ ਕਮਿਸ਼ਨਰ ਮੈਡਮ ਪ੍ਰਗਤੀ ਸੇਠੀ, ਪ੍ਰੋਫੈਸਰ ਦਲਬੀਰ ਸਿੰਘ, ਡਾ. ਦੀਪਕ ਪੂਰ, ਸਹਾਇਕ ਫੂਡ ਕਮਿਸ਼ਨਰ ਰਜਿੰਦਰ ਕੁਮਾਰ ਸਮੇਤ ਸ਼ਹਿਰ ਦੇ ਪ੍ਰਮੁੱਖ ਕੁਲਚਾ ਕਾਰੋਬਾਰੀ ਹਾਜ਼ਰ ਸਨ।

Related posts

ਪਾਕਿਸਤਾਨ ਵੱਲੋਂ ਭਾਰਤ ਨੂੰ ਸਿੰਧੂ ਜਲ ਸੰਧੀ ’ਤੇ ਮੁੜ ਵਿਚਾਰ ਕਰਨ ਦੀ ਅਪੀਲ

On Punjab

Punjab Election 2022: ਪੜ੍ਹੋ- ਪੰਜਾਬ ਚੋਣਾਂ ‘ਚ ਸ਼ੀਲਾ ਦੀਕਸ਼ਿਤ ਦੇ ਬਹਾਨੇ ਅਰਵਿੰਦ ਕੇਜਰੀਵਾਲ ਨੂੰ ਕਾਂਗਰਸ ਕਿਵੇਂ ਦੇ ਰਹੀ ਹੈ ਜਵਾਬ

On Punjab

Russia-Ukraine War : ਰੂਸ ਨੇ ਯੂਕਰੇਨ ‘ਤੇ ਕੀਤੇ ਲੜੀਵਾਰ ਧਮਾਕੇ, ਮਾਰੀਓਪੋਲ ਦੀਆਂ ਸੜਕਾਂ ‘ਤੇ ਪਈਆਂ ਲਾਸ਼ਾਂ

On Punjab