46.17 F
New York, US
April 18, 2024
PreetNama
ਸਮਾਜ/Social

ਮਿਹਣੇ ਮਾਰਨ ਵਾਲੀ ਰੁਖ਼ਸਤ ਹੋਈ

ਚਾਲੀ ਸਾਲ ਪਿੰਡ ਤੋਂ ਦੂਰ ਪੰਜਾਬ ਦੇ ਇਕ ਕੋਨੇ ਬਠਿੰਡੇ ਤੋਂ ਲੈ ਕੇ ਜੰਮੂ ਕਸ਼ਮੀਰ ਦੀ ਹੱਦ ਨਾਲ ਲੱਗਦੇ ਸ਼ਾਹਪੁਰਕੰਡੀ ਤੱਕ ਸਰਕਾਰੀ ਨੌਕਰੀ ਕਰਦਿਆਂ ਮੈਂ ਰਿਸ਼ਤੇਦਾਰੀਆਂ ਵੱਲੋਂ ਟੁੱਟਿਆ ਹੀ ਰਿਹਾ। ਬਹੁਤੀਆਂ ਨੇੜੇ ਦੀਆਂ ਰਿਸ਼ਤੇਦਾਰੀਆਂ ਵਾਲੇ ਵੀ ਮੈਨੂੰ ਵਿਆਹ- ਸ਼ਾਦੀਆਂ ‘ਚ ਨਾ ਬੁਲਾਉਂਦੇ। ਮੇਰੇ ਦੂਜੇ ਭੈਣ- ਭਰਾ ਹੀ ਵਿਆਹ ਭੁਗਤਾ ਆਉਂਦੇ। ਸ਼ਾਇਦ ਉਹ ਸੋਚਦੇ ਹੋਣਗੇ ਕਿ ਏਨੀ ਦੂਰ ਤੋਂ ਮੈਂ ਕਿੱਥੋਂ ਆਉਣੈਂ? ਏਨੇ ਸਾਲਾਂ ‘ਚ ਮੇਰੇ ਮਾਮੇ, ਮਾਸੀਆਂ ਤੇ ਭੂਆ ਦੇ ਪੁੱਤ ਵੀ ਪੋਤੇ- ਦੋਹਤਿਆਂ ਵਾਲੇ ਹੋ ਗਏ ਸਨ। ਬਚਪਨ ‘ਚ ਇਕੱਠੇ ਖੇਡਦਿਆਂ ਦੀਆਂ ਮੈਨੂੰ ਤਾਂ ਹੁਣ ਸ਼ਕਲਾਂ ਵੀ ਭੁੱਲ ਗਈਆਂ ਸਨ।

ਜਦੋਂ ਕਦੇ ਸਾਲ ਛਿਮਾਹੀ ਪਿੰਡ ਗੇੜਾ ਮਾਰਦਾ ਤਾਂ ਖੁਸ਼ੀ- ਗਮੀ ਦੇ ਮੌਕੇ ‘ਚ ਰੁੱਝਿਆ ਕਿਸੇ ਰਿਸ਼ਤੇਦਾਰੀ ‘ਚ ਨਾ ਜਾ ਸਕਦਾ ਕਿਉਂਕਿ ਗਿਣਤੀ ਦੀਆਂ ਛੁੱਟੀਆਂ ਹੁੰਦੀਆਂ । ਕੁਝ ਸਾਡੇ ਬੱਚੇ ਵੀ ਪਿੰਡ ਰਹਿਣਾ ਪਸੰਦ ਨਾ ਕਰਦੇ। ਬੱਚੇ ਤਾਂ ਮੌਕਾ ਭਾਲਦੇ ਕਿ ਕਿਹੜੇ ਮੌਕੇ ਇੱਥੋਂ ਖਿਸਕੀਏ। ਜੇ ਕਿਤੇ ਰਿਸ਼ਤੇਦਾਰੀ ‘ਚ ਚਲਿਆ ਵੀ ਜਾਂਦਾ ਤਾਂ ਲੱਗਦੇ ਹੱਥ ਥੋੜੀ ਦੂਰੀ ‘ਤੇ ਆਪਣੀ ਭੂਆ ਦੇ ਪਿੰਡ ਹਿੱਸੋਵਾਲ ਜਾਣ ਦੀ ਇੱਛਾ ਜ਼ਾਹਰ ਕਰਦਾ ਤਾਂ ਮੇਰਾ ਮੁੰਡਾ ਝੱਟ ਕਹਿ ਦਿੰਦਾ ਕਿ ਛੱਡੋ ਪਰ੍ਹੇ, ਉੱਥੇ ਜਾ ਕੇ ਕੀ ਕਰਨਾ। ਹਾਲਾਂਕਿ ਰੁੜਕੇ ਤੋਂ ਹਿੱਸੋਵਾਲ ਵੀਹ ਮਿੰਟਾਂ ਦਾ ਰਾਹ ਹੈ। ਮੈਂ ਮਨ ਮਸੋਸ ਕੇ ਰਹਿ ਜਾਂਦਾ। ਦਿਲ ‘ਚ ਸੋਚਦਾ ਕਿ ਮੈਨੂੰ ਕਾਰ ਖ਼ਰੀਦਣ ਦਾ ਕੀ ਫਾਇਦਾ ਹੋਇਆ, ਤੇਤੀ ਸਾਲਾਂ ਦੀ ਰੀਝ ਹਾਲੇ ਤਕ ਵੀ ਪੂਰੀ ਨਹੀਂ ਹੁੰਦੀ।

ਘਰੇਲੂ ਝਗੜੇ ਦੇ ਸਬੰਧ ‘ਚ ਲੁਧਿਆਣੇ ਆਉਣ ਦਾ ਮੌਕਾ ਮਿਲਿਆ। ਆਪਣੇ ਰਿਸ਼ਤੇਦਾਰ ਦੇ ਪਿੰਡੋਂ ਆਪਣੇ ਪਿੰਡ ਜਾਣ ਲੱਗਿਆ ਤਾਂ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਕਾਰ ‘ਚ ਬਹਿਣਾ, ਪਰਨਾ ਵੀ ਲਪੇਟ ਲਵੋ। ਮੇਰੇ ਮਾਮੇ ਨੇ ਇਤਰਾਜ਼ ਕੀਤਾ ਕਿ ਏਨੇ ਸਾਲਾਂ ਬਾਅਦ ਪਿੰਡ ਏਦਾਂ ਜਾਂਦਾ ਚੰਗਾ ਨਹੀਂ ਲੱਗਦਾ। ਖ਼ੈਰ ਮੈਂ ਪੱਗ ਬੰਨ੍ਹ ਕੇ ਆਪਣੀ ਬੀਮਾਰ ਮਾਂ ਦੀ ਖ਼ਬਰਸਾਰ ਲੈਣ ਲਈ ਪਿੰਡ ਨੂੰ ਤੁਰ ਪਿਆ। ਪਿੰਡ ਵੜਦਿਆਂ ਹੀ ਮੇਰੇ ਲੇਖਕ ਮਿੱਤਰ ਦਾ ਘਰ ਸੀ। ਸਾਰੇ ਟੱਬਰ ਨੇ ਉੱਥੇ ਹੀ ਚਾਹ ਪਾਣੀ ਪੀ ਲਿਆ ਕਿਉਂਕਿ ਜੱਦੀ ਮਕਾਨ ‘ਚ ਰਹਿੰਦੇ ਮੇਰੇ ਛੋਟੇ ਭਰਾ ਨਾਲ ਮੇਰੀ ਬਣਦੀ ਨਹੀਂ ਸੀ। ਸਾਰੇ ਟੱਬਰ ਨੇ ਬੇਬੇ ਦੇ ਪੈਰੀਂ ਹੱਥ ਲਾਏ ਤੇ ਮੂੰਹੋਂ ਬੋਲ ਕੇ ਆਪਣੇ ਬਾਰੇ ਦੱਸਿਆ ਪਰ ਬੇਬੇ ਦੀ ਨਜ਼ਰ ਜ਼ਿਆਦਾ ਕਮਜ਼ੋਰ ਹੋਣ ਕਰਕੇ ਕਿਸੇ ਦੀ ਵੀ ਪਛਾਣ ਨਹੀਂ ਆਈ। ਫਿਰ ਉਹ ਉੱਠ ਕੇ ਬੈਠ ਗਈ ਤਾਂ ਕਿਤੇ ਮੋਟੇ ਸ਼ੀਸ਼ਿਆਂ ਦੀ ਐਨਕ ‘ਚੋਂ ਸਾਰਿਆਂ ਨੂੰ ਪਛਾਣਿਆ। ਬੇਬੇ ਦੀ ਖ਼ਬਰਸਾਰ ਤੋਂ ਬਾਅਦ ਮੈਂ ਦਰਵਾਜ਼ੇ ਮੂਹਰੇ ਤਾਸ਼ ਖੇਡਦੇ ਯਾਰਾਂ ਦੋਸਤਾਂ , ਚਾਚੇ-ਤਾਇਆਂ ਨੂੰ ਮਿਲਿਆ ਤੇ ਮੁੜ ਗੱਡੀ ਸਹੁਰਿਆਂ ਦੇ ਪਿੰਡ ਵੱਲ ਨੂੰ ਤੋਰ ਲਈ।

ਸਹੁਰੇ ਪਿੰਡ ਮੈਂ ਬਹੁਤ ਘੱਟ ਜਾਦਾ ਹਾਂ। ਇਨ੍ਹਾਂ ਦੀ ਬੋਲ ਬਾਣੀ ਬਹੁਤੀ ਸੱਭਿਅਕ ਨਹੀਂ। ‘ਜੀ’ ਕਹਿਣਾ ਇਨ੍ਹਾਂ ਦੇ ਸਾਰੇ ਕੋੜਮੇ ਨੇ ਸਿੱਖਿਆ ਹੀ ਨਹੀਂ। ‘ਤੂੰ- ਤੂੰ-ਮੈਂ ਮੈਂ’ ਕਹਿ ਕੇ ਹੀ ਇਕ ਦੂਜੇ ਨੂੰ ਬੁਲਾਉਂਦੇ ਹਨ ਭਾਵੇਂ ਕੋਈ ਬੱਚਾ ਹੈ ਜਾਂ ਬਜ਼ੁਰਗ। ਇਸੇ ਕਰਕੇ ਮੇਰੀ ਪਤਨੀ ਨੇ ਮੇਰੀ ਪੱਗ ਲੁਕੋ ਦਿੱਤੀ ਕਿ ਇਹ ਕਿਤੇ ਗੁੱਸੇ ਹੋ ਕੇ ਭੱਜ ਨਾ ਜਾਵੇ। ਮੈਂ ਪਹਿਲਾਂ ਵੀ ਇਹੋ ਜਿਹੇ ਮਾਹੌਲ ਤੋਂ ਦੁਖੀ ਹੋ ਕੇ ਭੱਜ ਜਾਂਦਾ ਸੀ। ਦੂਜੇ ਦਿਨ ਘਰ ਵਾਲੀ ਦੇ ਤਾਏ ਦੇ ਮੁੰਡੇ ਦੇ ਪੋਤੇ ਦੀ ਫ਼ੌਜ ‘ਚੋਂ ਪਹਿਲੀ ਛੁੱਟੀ ਆਉਣ ਦੀ ਖੁਸ਼ੀ ‘ਚ ਭੋਗ ਪੈਣਾ ਸੀ। ਮੇਰੀ ਪਤਨੀ ਨੂੰ ਲੁਕੋਈ ਹੋਈ ਪੱਗ ਦਾ ਵੀ ਚੇਤਾ ਭੁੱਲ ਗਿਆ। ਖ਼ੈਰ ਘਰ ‘ਚੋਂ ਹੋਰ ਪੁਰਾਣੀ ਪੱਗ ਲੈ ਕੇ ਭੋਗ ਦਾ ਪ੍ਰੋਗਰਾਮ ਭੁਗਤਾ ਆਇਆ। ਘੰਟੇ ਕੁ ਬਾਅਦ ਮੈਨੂੰ ਘਰੇ ਆਉਣ ਦਾ ਸੁਨੇਹਾ ਮਿਲਿਆ ਤਾਂ ਘਰੇ ਮੇਰੀ ਮਲਕ ਵਾਲੀ ਮਾਸੀ ਦੀ ਨੂੰਹ ਬੈਠੀ ਸੀ। ਇਹ ਵੀ ਮੇਰੀ ਪਤਨੀ ਦੇ ਤਾਏ ਦੀ ਕੁੜੀ ਸੀ। ਉਹ ਮੈਨੂੰ ਮਿਹਣੇ ਮਾਰਨ ਲੱਗ ਪਈ ਕਿ ਤੂੰ ਸਾਡੇ ਪਿੰਡ ਕਿਉਂ ਨਹੀਂ ਆਉਂਦਾ। ਉਸ ਦਾ ਗਿਲਾ ਜਾਇਜ਼ ਸੀ, ਮੈਂ ਉਸ ਨਾਲ ਆਉਣ ਦਾ ਵਾਅਦਾ ਕਰ ਲਿਆ।

ਸਬੱਬ ਨਾਲ ਅਗਲੇ ਦਿਨ ਰੱਖੜੀ ਦਾ ਤਿਉਹਾਰ ਸੀ। ਮੇਰੀ ਪਤਨੀ ਨੇ ਜਗਰਾਓਂ ਰਹਿੰਦੇ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾਣਾ ਸੀ। ਉਹ ਮੈਨੂੰ ਵੀ ਨਾਲ ਲੈ ਗਏ। ਹਾਲਾਂਕਿ ਇਹੋ ਜਿਹੇ ਤਿਉਹਾਰ ਮੌਕੇ ਮੇਰਾ ਜਾਣਾ ਬਣਦਾ ਨਹੀਂ ਸੀ ਪਰ ਬਹਾਨੇ ਨਾਲ ਮੇਲ -ਮਿਲਾਪ ਹੀ ਹੋਣਾ ਸੀ। ਮੈਂ ਚਾਹ ਪੀਣ ਤੋਂ ਬਾਅਦ ਆਪਣੇ ਸਾਲੇ ਨੂੰ ਮੋਟਰ ਸਾਈਕਲ ‘ਤੇ ਮਲਕ ਜਾਣ ਲਈ ਆਖ ਦਿੱਤਾ ਕਿ ਅੱਜ ਮਾਸੀ ਦੇ ਪਿੰਡ ਜ਼ਰੂਰ ਜਾਣਾ ਹੈ। ਪਤਾ ਨਹੀਂ, ਮਾਸੀ ਦੇ ਮੁੰਡੇ ਭੁੱਲ- ਭੁਲਾ ਗਏ ਹੋਣਗੇ। ਮਸਾਂ ਦੋ ਕਿਲੋਮੀਟਰ ਦੀ ਵਾਟ ਸੀ। ਇੰਨੇ ਨੂੰ ਮੇਰੀ ਛੋਟੀ ਸਾਲੀ ਵੀ ਰੱਖੜੀ ਬੰਨ੍ਹਣ ਆ ਗਈ। ਗੱਲਾਂ -ਬਾਤਾਂ ਕਰਦਿਆਂ ਨੂੰ ਵਕਤ ਲੱਗ ਗਿਆ। ਫਿਰ ਮੇਰੇ ਸਾਲੇ ਨੂੰ ਫੋਨ ਆ ਗਿਆ ਤੇ ਉਹ ਮੋਟਰ ਸਾਈਕਲ ‘ਤੇ ਬਾਹਰ ਚਲਿਆ ਗਿਆ। ਮੈਂ ਦੂਜੇ ਦਿਨ ਦੀ ਆਸ ‘ਤੇ ਮਨ ਵਿਚਾਰ ਲਿਆ। ਜਦੋਂ ਮੇਰਾ ਸਾਲਾ ਰਾਤ ਦੇ ਅੱਠ ਵਜੇ ਤਕ ਨਾ ਆਇਆ ਤਾਂ ਮੈਨੂੰ ਦੱਸਿਆ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਹੈ। ਮੈਂ ਆਪਣਾ ਖਾਣ- ਪੀਣ ਦਾ ਕੰਮ ਨਿਬੇੜ ਕੇ ਸੌਂ ਗਿਆ।

ਦੂਜੇ ਦਿਨ ਫਿਰ ਉਹ ਸਵੇਰੇ ਚਾਹ ਪੀ ਕੇ ਬਾਹਰ ਚਲਿਆ ਗਿਆ। ਐਤਵਾਰ ਹੋਣ ਕਰਕੇ ਮੈਂ ਸ਼ਹਿਰੋਂ ਅਖ਼ਬਾਰ ਲੈਣ ਚਲਿਆ ਗਿਆ। ਆਪਣੀਆਂ ਮਨਪਸੰਦ ਅਖ਼ਬਾਰਾਂ ਲੈ ਕੇ ਜਦੋਂ ਘਰੇ ਆ ਕੇ ਅਖ਼ਬਾਰ ‘ਚ ਖ਼ਬਰ ਪੜ੍ਹੀ ਤਾਂ ਦਿਲ ਧੱਕ ਕਰ ਕੇ ਰਹਿ ਗਿਆ। ਖ਼ਬਰ ਸੀ ਕਿ ਮਲਕ ਵਾਲੇ ਚੌਕ ‘ਚ ਸੁਰਿੰਦਰ ਕੌਰ ਪਤਨੀ ਬਚਿੱਤਰ ਸਿੰਘ ਵਾਸੀ ਮਲਕ ਦੀ ਬੱਸ ਦੀ ਫੇਟ ਲੱਗਣ ਕਾਰਨ ਮੌਤ ਹੋ ਗਈ ਹੈ। ਉਹ ਲੁਧਿਆਣੇ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਕੇ ਵਾਪਸ ਆਪਣੇ ਪਿੰਡ ਜਾ ਰਹੀ ਸੀ। ਪੜ੍ਹ ਕੇ ਦਿਲ ‘ਚੋਂ ਹੂਕ ਨਿਕਲੀ। ਮੈਂ ਉਦਾਸ ਮਨ ਨਾਲ ਅਖ਼ਬਾਰਾਂ ਦੇ ਵਰਕੇ ਫਰੋਲਦਾ ਰਿਹਾ। ਪੜ੍ਹਨ ਨੂੰ ਦਿਲ ਨਾ ਕੀਤਾ। ਦੂਜੇ ਪਾਸੇ ਮੇਰੇ ਪਤਨੀ ਤੇ ਸਾਲੇਹਾਰ ਚਿੱਟੀਆਂ ਚੁੰਨੀਆਂ ਲੈ ਕੇ ਮਲਕ ਨੂੰ ਚਲੇ ਗਈਆਂ। ਮੈਂ ਇਕੱਲਾ ਰਹਿ ਗਿਆ। ਦਿਲ ‘ਚ ਸੋਚੀ ਜਾਵਾਂ ਕਿ ਇਹ ਸਾਰੇ ਸਮਝਦੇ ਨੇ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਪਰ ਇਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਤਾਂ ਅਖ਼ਬਾਰ ‘ਚ ਪਹਿਲਾਂ ਹੀ ਖ਼ਬਰ ਪੜ੍ਹ ਲਈ ਹੈ। ਘੰਟੇ ਕੁ ਬਾਅਦ ਮੇਰੇ ਸਾਲੇ ਦਾ ਰਿਸ਼ਤੇਦਾਰ ਮੋਟਰ ਸਾਈਕਲ ਲੈ ਕੇ ਆਇਆ ਤਾਂ ਮੈਂ ਉਸ ਨੂੰ ਮਲਕ ਜਾਣ ਲਈ ਆਖਿਆ। ਅੱਗੇ ਉਹ ਹੈਰਾਨ ਹੋ ਕੇ ਪੁੱਛਣ ਲੱਗਿਆ ਕਿ ਤੁਸੀਂ ਵੀ ਜਾਣਾ? ਮੈਂ ਹੈਰਾਨ ਪਰੇਸ਼ਾਨ ਕਿ ਮੇਰੀ ਭਾਬੀ ਦੀ ਮੌਤ ਹੋਈ ਹੈ ਪਰ ਇਹ ਪੁੱਛਦਾ ਬਈ ਤੂੰ ਵੀ ਜਾਣਾ। ਅਸਲ ‘ਚ ਉਸ ਨੂੰ ਪਤਾ ਨਹੀਂ ਸੀ ਕਿ ਮਲਕ ਮੇਰੀ ਕੀ ਰਿਸ਼ਤੇਦਾਰੀ ਹੈ। ਉਹ ਤਾਂ ਆਪਣੀ ਭੈਣ ਦੀ ਨਣਦ ਮਰੀ ਹੀ ਸਮਝੀ ਜਾ ਰਿਹਾ ਸੀ।

ਫਿਰ ਉਸ ਨੇ ਦੱਸਿਆ ਕਿ ਲਾਸ਼ ਹਾਲੇ ਪੋਸਟ ਮਾਰਟਮ ਕਰ ਕੇ ਪਿੰਡ ਨਹੀਂ ਪਹੁੰਚੀ। ਅੱਧੇ ਕੁ ਘੰਟੇ ਬਾਅਦ ਲਾਸ਼ ਪਿੰਡ ਪਹੁੰਚਣ ਦਾ ਫੋਨ ਆ ਗਿਆ ਤਾਂ ਮੈਂ ਉਸ ਦੇ ਮੋਟਰ ਸਾਈਕਲ ‘ਤੇ ਬੈਠ ਗਿਆ। ਘਰੇ ਤਾਂ ਸੱਥਰ ਵਿਛਿਆ ਹੋਇਆ ਸੀ। ਪੰਜ- ਸੱਤ ਬੰਦਿਆਂ ਦੀਆਂ ਟੋਲੀਆਂ ਦਰੱਖ਼ਤਾਂ ਦੀ ਛਾਂਵੇਂ ਬੈਠੀਆਂ ਅਫ਼ਸੋਸ ਕਰ ਰਹੀਆਂ ਸਨ। ਸੱਥਰ ‘ਤੇ ਮੇਰੇ ਨਾਨਕੇ, ਮੇਰੀਆਂ ਮਾਸੀਆਂ ਦੇ ਮੁੰਡੇ ਤੇ ਹੋਰ ਰਿਸ਼ਤੇਦਾਰ ਬੈਠੇ ਦੇਖ ਕੇ ਮੇਰੀ ਧਾਹ ਨਿਕਲ ਗਈ। ਮੈਂ ਆਪਣੇ ਸੁਖਦੇਵ ਮਾਮੇ ਦੀ ਬੁੱਕਲ ‘ਚ ਸਿਰ ਰੱਖ ਦਿੱਤਾ। ਜਦੋਂ ਅਰਥੀ ਸਿਵਿਆਂ ਵੱਲ ਨੂੰ ਜਾ ਰਹੀ ਸੀ ਤਾਂ ਮੈਂ ਹੰਝੂ ਕੇਰਦਾ ਸੋਚ ਰਿਹਾ ਸੀ ਕਿ ਵਾਹ ਨੀ ਕਿਸਮਤੇ ਮੇਰੀਏ ! ਚਾਲੀ ਸਾਲਾਂ ਬਾਅਦ ਰਿਸ਼ਤੇਦਾਰ ਤਾਂ ਸਾਰੇ ‘ਕੱਠੇ ਹੀ ਮਿਲ ਗਏ ਪਰ ਮਿਲੇ ਵੀ ਉਦੋਂ ਜਦੋਂ ਮੈਨੂੰ ਨਾ ਮਿਲਣ ਦਾ ਮਿਹਣਾ ਮਾਰਨ ਵਾਲੀ ਆਪ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ ਸੀ।

ਮਲਕੀਤ ਦਰਦੀ

Related posts

ਹੁਣ ਘਰ ਬੈਠੇ ਮਿਲੇਗਾ ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ, ਸਰਕਾਰ ਨੇ ਸ਼ੁਰੂ ਕੀਤੀ E-RC ਸੇਵਾ

On Punjab

Beetroot Juice Benefits: ਬਹੁਤੇ ਲੋਕ ਨਹੀਂ ਜਾਣਦੇ ਚੁਕੰਦਰ ਦੇ ਜੂਸ ਦੇ ਫਾਇਦੇ! ਜਾਣੋ ਆਖਰ ਕਿਉਂ ਮੰਨਿਆ ਜਾਂਦਾ ਪੌਸਟਿਕ ਤੱਤਾਂ ਦਾ ਖ਼ਜ਼ਾਨਾ

On Punjab

ਵਾਇਸ ਆਫ ਅਮਰੀਕਾ ਦੇ ਮੁਖੀ ਨੂੰ ਅਸਤੀਫ਼ਾ ਦੇਣਾ ਪਿਆ

On Punjab