58.78 F
New York, US
October 15, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਿਨਾਂ ਸੀਐੱਮ ਚਿਹਰੇ ਦੇ ਲੜੇਗੀ ਕਾਂਗਰਸ; ਪੰਜਾਬ ਵਿੱਚ 100 ਫੀਸਦੀ ਸਰਕਾਰ ਬਣਾਵਾਂਗੇ: ਪਾਇਲਟ

ਨਵੀਂ ਦਿੱਲੀ-  ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ “100 ਫੀਸਦੀ” ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ “ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਕਪਤਾਨ” ਪਰਗਟ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਕੋਲ ਇੱਕ “ਮਜ਼ਬੂਤ ਟੀਮ” ਹੈ। ਪਿਛਲੇ ਮਹੀਨੇ ਪੰਜਾਬ ਦੇ ਏ ਆਈ ਸੀ ਸੀ ਜਨਰਲ ਸਕੱਤਰ ਇੰਚਾਰਜ ਵਜੋਂ ਅਹੁਦਾ ਸੰਭਾਲਣ ਵਾਲੇ ਪਾਇਲਟ ਨੇ ਸਪਸ਼ਟ ਕੀਤਾ ਕਿ ਸੂਬੇ ਵਿੱਚ ਪਾਰਟੀ ਦਾ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੋਵੇਗਾ ਅਤੇ ਸਾਰੇ ਆਗੂ “ਇੱਕ ਟੀਮ ਵਜੋਂ ਇਕੱਠੇ ਮਿਲ ਕੇ ਲੜ ਰਹੇ ਹਨ”। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਪਾਰਟੀ ਵਰਕਰਾਂ, ਆਗੂਆਂ ਅਤੇ ਵਿਧਾਇਕਾਂ ਦੀ ਸਲਾਹ ਨਾਲ ਮੁੱਖ ਮੰਤਰੀ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ।

ਪਾਇਲਟ ਨੇ ਕਿਹਾ, “ਪੰਜਾਬ ਨੇ ਅਕਾਲੀ ਦਲ-ਭਾਜਪਾ ਅਤੇ ‘ਆਪ’ ਦੀਆਂ ਸਰਕਾਰਾਂ ਦੇਖੀਆਂ ਹਨ, ਪਰ ਕਾਂਗਰਸ ਨੇ ਹੀ ਅਤਿਵਾਦ ਦਾ ਖਾਤਮਾ ਕੀਤਾ, ਵਿਕਾਸ ਕਰਵਾਇਆ ਅਤੇ ਨਿਵੇਸ਼ ਲਿਆਂਦਾ।” ਉਨ੍ਹਾਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੇ ਆਗੂਆਂ ਨੂੰ ਨਾਲ ਜੋੜਿਆ ਹੈ ਅਤੇ ਟੀਮ ਦੇ 11 ਖਿਡਾਰੀ ਬਹੁਤ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗੇ ਤਜ਼ਰਬੇਕਾਰ ਅਤੇ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਆਗੂ ਹਨ, ਜਿਸ ਨਾਲ ਉਨ੍ਹਾਂ ਦੀ ਟੀਮ ਕਾਫ਼ੀ ਮਜ਼ਬੂਤ ਹੈ।

ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਰਭਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਹੈ। ਭਾਜਪਾ ਬਾਰੇ ਗੱਲ ਕਰਦਿਆਂ ਪਾਇਲਟ ਨੇ ਕਿਹਾ ਕਿ ਉਨ੍ਹਾਂ ਕੋਲ ਸਾਧਨ ਬਹੁਤ ਹਨ ਪਰ ਉਹ ਵੱਡੀ ਤਾਕਤ ਨਹੀਂ ਬਣ ਸਕਣਗੇ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਅਕਾਲੀ ਦਲ ਦਾ ਸਹਾਰਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ ਅਤੇ ਹੁਣ ਪਹਿਲਾਂ ਵਰਗੀ ਮਜ਼ਬੂਤ ਨਹੀਂ ਰਹੀ। ਪਾਇਲਟ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੁਕਾਬਲਾ ਕਾਂਗਰਸ ਅਤੇ ‘ਆਪ’ ਵਿਚਾਲੇ ਹੀ ਹੋਵੇਗਾ ਅਤੇ ਕਾਂਗਰਸ ਇਹ ਚੋਣਾਂ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ।

Related posts

ਜਾਣਕਾਰੀ ਲੁਕਾਉਣ ਦੇ ਦੋਸ਼ ਹੇਠ ਉਪ-ਠੇਕੇਦਾਰ ਗ੍ਰਿਫ਼ਤਾਰ

On Punjab

5 ਸਾਲਾਂ ’ਚ ਟੋਇਆਂ ਨਾਲ ਹੋਣ ਵਾਲੀਆਂ ਮੌਤਾਂ ’ਚ 53 ਫੀ ਸਦੀ ਦਾ ਵਾਧਾ

On Punjab

ਹਾਈ ਕੋਰਟ ਵੱਲੋਂ ਜਸੀਰ ਬਿਲਾਲ ਵਾਨੀ ਦੀ ਵਕੀਲ ਨਾਲ ਮੁਲਾਕਾਤ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

On Punjab