ਗੁਰਦਾਸਪੁਰ- ਗੁਰਦਾਸਪੁਰ ਵਿੱਚ ਹੈੱਡ ਕਾਂਸਟੇਬਲ ਵਿਨੋਦ ਕੁਮਾਰ ਦੀ ਸ਼ੱਕੀ ਮੌਤ ਤੋਂ ਬਾਅਦ ਇਸ ਸਾਲ ਦੌਰਾਨ ਪੰਜਾਬ ਦੇ ਕਿਸੇ ਪੁਲੀਸ ਮੁਲਾਜ਼ਮ ਦਾ ਛੇਵਾਂ ਕਤਲ ਹੋਇਆ ਹੈ, ਜਦਕਿ ਦੋ ਹੋਰ ਪੁਲੀਸ ਕਰਮੀ ਹਮਲਿਆਂ ਵਿੱਚ ਬਚ ਗਏ ਹਨ। ਭਾਜਪਾ ਨੇ ਸੋਮਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਅਮਨ-ਕਾਨੂੰਨ ਦੀ ਸਥਿਤੀ ‘ਤੇ ‘ਆਪ’ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁਮਾਰ ਦੀ ਲਾਸ਼ ਗੁਰਦਾਸਪੁਰ ਦੇ ਮਾਨ ਕੌਰ ਬਾਈਪਾਸ ਨੇੜਿਓਂ ਮਿਲੀ ਹੈ। ਉਸ ਦੇ ਪਰਿਵਾਰ ਨੇ ਦੱਸਿਆ ਕਿ ਉਹ ਪਠਾਨਕੋਟ ਦੇ ਸੁਜਾਨਪੁਰ ਵਿਖੇ ਵਾਇਰਲੈੱਸ ਡਿਊਟੀ ‘ਤੇ ਤਾਇਨਾਤ ਸੀ ਅਤੇ ਉਸ ਨੇ ਐਤਵਾਰ ਸ਼ਾਮ ਨੂੰ ਆਪਣੇ ਭਰਾ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਉਹ ਬਾਈਪਾਸ ‘ਤੇ ਉਡੀਕ ਕਰ ਰਿਹਾ ਹੈ। ਭਰਾ ਨੂੰ ਉਹ ਉੱਥੇ ਨਹੀਂ ਮਿਲਿਆ, ਅਤੇ ਰਾਤ ਕਰੀਬ 1 ਵਜੇ ਸੜਕ ਕਿਨਾਰੇ ਲਾਸ਼ ਮਿਲੀ। ਪਰਿਵਾਰ ਨੂੰ ਸ਼ੱਕ ਹੈ ਕਿ ਉਸ ਨੂੰ ਗੋਲੀ ਮਾਰੀ ਗਈ ਹੈ, ਪਰ ਗੁਰਦਾਸਪੁਰ ਦੇ ਐੱਸ.ਐੱਸ.ਪੀ. ਆਦਿੱਤਿਆ ਨੇ ਕਿਹਾ ਕਿ ਗੋਲੀ ਲੱਗਣ ਦੇ ਦਾਅਵੇ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਈ ਵਿੱਚ ਮਜੀਠਾ ਵਿਖੇ ਏ.ਐੱਸ.ਆਈ. ਜੋਗਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 17-18 ਸਤੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੀ ਭਗਤਾਂਵਾਲਾ ਦਾਣਾ ਮੰਡੀ ਨੇੜੇ ਏ.ਐੱਸ.ਆਈ. ਹਰਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਅਕਤੂਬਰ ਵਿੱਚ ਤਰਨਤਾਰਨ ਜ਼ਿਲ੍ਹੇ ਦੀ ਲੌਹੁਕਾ ਰੋਡ ‘ਤੇ ਡਿਊਟੀ ਤੋਂ ਘਰ ਪਰਤਦੇ ਸਮੇਂ ਏ.ਐੱਸ.ਆਈ. ਇਕਬਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵਿਦੇਸ਼ ਬੈਠੇ ਗੈਂਗਸਟਰਾਂ ਦੀ ਇੱਕ ਕਥਿਤ ਸੋਸ਼ਲ ਮੀਡੀਆ ਪੋਸਟ ਵਿੱਚ ਉਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੁਮਾਰ ਦੀ ਮੌਤ ਨੂੰ “ਬੇਹੱਦ ਦੁਖਦਾਈ ਅਤੇ ਚਿੰਤਾਜਨਕ” ਕਰਾਰ ਦਿੱਤਾ ਅਤੇ ਨਿਰਪੱਖ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਸਵਾਲ ਕੀਤਾ, “ਜਦੋਂ ਸੂਬੇ ਦੇ ਰਾਖੇ, ਭਾਵ ਪੁਲੀਸ ਮੁਲਾਜ਼ਮ ਖ਼ੁਦ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ, ਤਾਂ ਆਮ ਨਾਗਰਿਕਾਂ ਦੀ ਸੁਰੱਖਿਆ ਦੀ ਗਾਰੰਟੀ ਕੌਣ ਦੇਵੇਗਾ?”
ਢਿੱਲੋਂ ਨੇ ਪਿਛਲੇ ਸਾਲਾਂ ਵਿੱਚ ਥਾਣਿਆਂ ਅਤੇ ਚੌਕੀਆਂ ‘ਤੇ ਹੋਏ ਹਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਾਲੀਆ ਸਮੇਂ ਵਿੱਚ ਪੁਲੀਸ ਮੁਲਾਜ਼ਮਾਂ ਅਤੇ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਲਗਪਗ ਦੋ ਦਰਜਨ ਘਟਨਾਵਾਂ ਸਾਹਮਣੇ ਆਈਆਂ ਹਨ। ਦਸੰਬਰ 2024 ਵਿੱਚ, ਮਜੀਠਾ ਅਤੇ ਇਸਲਾਮਾਬਾਦ ਥਾਣਿਆਂ ਅਤੇ ਬਟਾਲਾ ਤੇ ਗੁਰਦਾਸਪੁਰ ਦੀਆਂ ਚੌਕੀਆਂ ਨੂੰ ਗ੍ਰਨੇਡਾਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਜਨਵਰੀ 2025 ਵਿੱਚ ਅੰਮ੍ਰਿਤਸਰ ਦੇ ਗੁਮਟਾਲਾ ਅਤੇ ਫਰਵਰੀ 2025 ਵਿੱਚ ਫਤਿਹਗੜ੍ਹ ਚੂੜੀਆਂ ਬਾਈਪਾਸ ਚੌਕੀ ‘ਤੇ ਹਮਲਾ ਹੋਇਆ ਸੀ। ਅਪਰੈਲ 2025 ਵਿੱਚ ਕਿਲ੍ਹਾ ਲਾਲ ਸਿੰਘ ਥਾਣੇ ‘ਤੇ ਹੋਏ ਆਰ.ਪੀ.ਜੀ. (RPG) ਹਮਲੇ ਦੀ ਜਾਂਚ ਐੱਨ.ਆਈ.ਏ. (NIA) ਵੱਲੋਂ ਕੀਤੀ ਗਈ ਸੀ। ਉਨ੍ਹਾਂ ਪਠਾਨਕੋਟ ਵਿੱਚ ਕੌਮੀ ਮਾਰਗ ‘ਤੇ ਦਿਨ-ਦਿਹਾੜੇ ਬੰਦੂਕ ਦੀ ਨੋਕ ‘ਤੇ ਕਾਰ ਖੋਹਣ ਦੀ ਘਟਨਾ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ, “ਸੂਬੇ ਭਰ ਵਿੱਚ ਸ਼ਰੇਆਮ ਲੁੱਟਾਂ-ਖੋਹਾਂ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ।”

