PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿਲਜੀਤ ਦੋਸਾਂਝ ਨੇ ਪਾਬੰਦੀ ਦੇ ਹੁਕਮਾਂ ਦੇ ਬਾਵਜੂਦ ਇੰਦੌਰ ’ਚ ਗਾਇਆ ‘ਪਟਿਆਲਾ ਪੈੱਗ’

ਇੰਦੌਰ-  ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਇੰਦੌਰ ਵਿੱਚ ਆਪਣੇ ਸੰਗੀਤਕ ਸਮਾਗਮ ਦੌਰਾਨ ਆਪਣਾ ਮਕਬੂਲ ਗੀਤ ‘ਪਟਿਆਲਾ ਪੈੱਗ’ ਗਾ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (ਡੀਸੀਪੀਓ) ਵੱਲੋਂ ਸ਼ਰਾਬ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਹੇਠ ਉਨ੍ਹਾਂ ਦੇ ਚਾਰ ਗੀਤਾਂ ’ਤੇ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਇਸ ਦੇ ਬਾਵਜੂਦ ਦਿਲਜੀਤ ਨੇ ਐਤਵਾਰ ਰਾਤ ਦੇ ਸਮਾਗਮ ਵਿੱਚ ਇਹ ਗੀਤ ਗਾਇਆ। ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ’ਤੇ ਪ੍ਰਸ਼ੰਸਕ ਵੱਲੋਂ ਬਣਾਈ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ‘ਪਟਿਆਲਾ ਪੈੱਗ’ ਗਾਉਂਦੇ ਨਜ਼ਰ ਆ ਰਹੇ ਹਨ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਜਨੀਸ਼ ਸਿਨਹਾ ਨੇ 6 ਨਵੰਬਰ ਨੂੰ ਸਮਾਗਮ ਵਾਲੀ ਥਾਂ ਦੇ ਪ੍ਰਬੰਧਕ ਨੂੰ ਪੱਤਰ ਲਿਖ ਕੇ ਦਿਲਜੀਤ ਦੇ ਚਾਰ ਗੀਤ ਨਾ ਗਾਉਣ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 2019 ਦੇ ਹੁਕਮਾਂ ਦੀ ਜਾਂਚ ਕਰਨ ਮਗਰੋਂ ਅਗਲੀ ਕਾਰਵਾਈ ਬਾਰੇ ਫ਼ੈਸਲਾ ਲਿਆ ਜਾਵੇਗਾ।

ਚੰਡੀਗੜ੍ਹ ਦੇ ਪ੍ਰੋਫੈਸਰ ਨੇ ਗੀਤਾਂ ’ਤੇ ਰੋਕ ਲਾਉਣ ਦੀ ਕੀਤੀ ਸੀ ਮੰਗ- ਬਾਲ ਕਮਿਸ਼ਨ ਦੇ ਅਧਿਕਾਰੀ ਰਜਨੀਸ਼ ਸਿਨਹਾ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਦੀ ਸ਼ਿਕਾਇਤ ਮਗਰੋਂ ਇਹ ਨਿਰਦੇਸ਼ ਜਾਰੀ ਕੀਤੇ ਸਨ। ਸ਼ਿਕਾਇਤਕਰਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਇੰਦੌਰ ਦੇ ਸਮਾਗਮ ਵਿੱਚ ਦਿਲਜੀਤ ਦੇ ਚਾਰ ਗੀਤਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਇਨ੍ਹਾਂ ਗੀਤਾਂ ਵਿੱਚ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’, ‘ਜੇਬ ਵਿੱਚੋਂ ਫੀਮ’ ਅਤੇ ‘ਜੱਟ ਫਾਇਰ ਕਰਦਾ’ ਸ਼ਾਮਲ ਹਨ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਇਨ੍ਹਾਂ ਗੀਤਾਂ ਵਿੱਚ ਸ਼ਰਾਬ ਅਤੇ ਹਿੰਸਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸ ਦਾ ਛੋਟੀ ਉਮਰ ਦੇ ਬੱਚਿਆਂ ’ਤੇ ਮਾੜਾ ਅਸਰ ਪੈ ਸਕਦਾ ਹੈ। ਸਿਨਹਾ ਨੇ ਕਿਹਾ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਭੇਜਣ ਲਈ ਕਿਹਾ ਹੈ। ਇਸ ਹੁਕਮ ਦਾ ਅਧਿਐਨ ਕਰਨ ਮਗਰੋਂ ਹੀ ਸਪੱਸ਼ਟ ਹੋਵੇਗਾ ਕਿ ਕੀ ਇਸ ਵਿੱਚ ਕਿਸੇ ਖ਼ਾਸ ਗਾਇਕ ਨੂੰ ਕਿਸੇ ਖ਼ਾਸ ਗੀਤ ਨੂੰ ਲਾਈਵ ਸਮਾਗਮਾਂ ਵਿੱਚ ਗਾਉਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਘੋਖ ਤੋਂ ਬਾਅਦ ਹੀ ਇਹ ਤੈਅ ਕੀਤਾ ਜਾ ਸਕੇਗਾ ਕਿ ਦਿਲਜੀਤ ਵੱਲੋਂ ਇੰਦੌਰ ਵਿੱਚ ਗੀਤ ਗਾਉਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਜਾਂ ਨਹੀਂ।

ਦਿਲਜੀਤ ਨੇ ਇੰਦੌਰੀ ਦੀਆਂ ਸਤਰਾਂ ਸੁਣਾ ਕੇ ਦਿੱਤਾ ਜਵਾਬ- ਐਤਵਾਰ ਦੇ ਸਮਾਗਮ ਦੌਰਾਨ 42 ਸਾਲਾ ਗਾਇਕ ਨੇ ਗੀਤਾਂ ’ਤੇ ਲਾਈਆਂ ਪਾਬੰਦੀਆਂ ਨੂੰ ਲੈ ਕੇ ਨਾਰਾਜ਼ਗੀ ਵੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, ‘ਇਹ ਨਹੀਂ ਗਾ ਸਕਦੇ, ਉਹ ਨਹੀਂ ਗਾ ਸਕਦੇ। ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ।’ ਇਸ ਤੋਂ ਬਾਅਦ ਉਨ੍ਹਾਂ ਨੇ ਕਵੀ ਰਹਾਤ ਇੰਦੌਰੀ ਦੀਆਂ ਮਸ਼ਹੂਰ ਸਤਰਾਂ ਸੁਣਾਈਆਂ, ਜਿਨ੍ਹਾਂ ਨੂੰ ਸੁਣ ਕੇ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਮਾਰੀਆਂ। ਉਨ੍ਹਾਂ ਕਿਹਾ, ‘ਸਾਡੇ ਮੂੰਹੋਂ ਜੋ ਨਿਕਲਦਾ ਹੈ, ਉਹੀ ਸੱਚਾਈ ਹੈ। ਸਾਡੇ ਮੂੰਹ ਵਿੱਚ ਤੁਹਾਡੀ ਜ਼ੁਬਾਨ ਥੋੜ੍ਹੀ ਹੈ… ਇਸ ਧਰਤੀ ਦੀ ਮਿੱਟੀ ਵਿੱਚ ਸਾਰਿਆਂ ਦਾ ਖ਼ੂਨ ਸ਼ਾਮਲ ਹੈ, ਹਿੰਦੋਸਤਾਨ ਕਿਸੇ ਦੇ ਬਾਪ ਦਾ ਥੋੜ੍ਹੀ ਹੈ।’ ਦਿਲਜੀਤ ਨੇ ਇਸ ਮੌਕੇ ਆਪਣੇ ਪ੍ਰਸ਼ੰਸਕਾਂ ਦਾ ਸਮਰਥਨ ਲਈ ਧੰਨਵਾਦ ਵੀ ਕੀਤਾ।

ਸਮਾਗਮ ਤੋਂ ਪਹਿਲਾਂ ਬੰਬ ਧਮਾਕਿਆਂ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਸਨ ਦਿਲਜੀਤ ਦਾ ਇੰਦੌਰ ਸਮਾਗਮ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਸੀ। ਸਮਾਗਮ ਤੋਂ ਪਹਿਲਾਂ ਮੇਅਰ ਦੇ ਦਫ਼ਤਰ, ਤਿੰਨ ਬੈਂਕਾਂ ਅਤੇ ਤਿੰਨ ਨਿੱਜੀ ਸਕੂਲਾਂ ਨੂੰ ਬੰਬ ਧਮਾਕੇ ਕਰਨ ਦੀਆਂ ਧਮਕੀ ਭਰੀਆਂ ਈਮੇਲਾਂ ਭੇਜੀਆਂ ਗਈਆਂ ਸਨ। ਹਾਲਾਂਕਿ ਪੁਲੀਸ ਨੇ ਜਾਂਚ ਤੋਂ ਬਾਅਦ ਇਨ੍ਹਾਂ ਸੁਨੇਹਿਆਂ ਨੂੰ ਮੁੱਢਲੀ ਜਾਂਚ ਵਿੱਚ ਫਰਜ਼ੀ ਕਰਾਰ ਦਿੱਤਾ ਸੀ।

ਹਾਈ ਕੋਰਟ ਨੇ 2019 ਵਿੱਚ ਜਾਰੀ ਕੀਤੇ ਸਨ ਹੁਕਮ-  ਜਾਬ ਅਤੇ ਹਰਿਆਣਾ ਹਾਈ ਕੋਰਟ ਨੇ 22 ਜੁਲਾਈ 2019 ਨੂੰ ਜਾਰੀ ਹੁਕਮਾਂ ਵਿੱਚ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪੁਲੀਸ ਮੁਖੀਆਂ ਨੂੰ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਲਾਈਵ ਸਮਾਗਮਾਂ ਵਿੱਚ ਸ਼ਰਾਬ, ਵਾਈਨ, ਨਸ਼ਿਆਂ ਅਤੇ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤ ਨਾ ਚਲਾਏ ਜਾਣ। ਅਦਾਲਤ ਨੇ ਕਿਹਾ ਸੀ ਕਿ ਅਜਿਹੇ ਗੀਤਾਂ ਦਾ ਛੋਟੀ ਉਮਰ ਦੇ ਬੱਚਿਆਂ ’ਤੇ ਮਾੜਾ ਅਸਰ ਪੈਂਦਾ ਹੈ।

Related posts

ਆਰਜੀ ਕਰ ਹਾਦਸੇ ਦੀ ਪੀੜਤਾ ਨੂੰ ਮਮਤਾ ਨੇ ਦੱਸਿਆ ਆਪਣੀ ‘ਭੈਣ’, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਕੀਤੀ ਮੰਗ

On Punjab

ਤਰੱਕੀ ਲਈ ਡੈਪੂਟੇਸ਼ਨ ਅਤੇ ਤਬਾਦਲੇ ਨਾਲੋਂ ਆਪਣੇ ਕਰਮਚਾਰੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ: ਹਾਈਕੋਰਟ

On Punjab

ਹੁਣ ਅੰਗਰੇਜ਼ੀ-ਹਿੰਦੀ ਦੀਆਂ ਕਿਤਾਬਾਂ ਵਿੱਚ ਵੀ ਹੋਵੇਗਾ ‘ਊੜਾ ਐੜਾ’

On Punjab