67.23 F
New York, US
October 2, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਖੁੱਡੀਆਂ ਦੀ ਅਰਜ਼, ਚੌਹਾਨ ਦਾ ਜਿਗਰਾ..!; ਪੰਜਾਬ ਨੂੰ ਸੌ ਕਰੋੜ ਦੇ ਫ਼ੰਡ

ਚੰਡੀਗੜ੍ਹ-  ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਤੇ ਕੇਂਦਰ ਦੇ ਸਿਆਸੀ ਟਕਰਾਅ ਵਿਚਾਲੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ’ਤੇ ‘ਮਿਹਰਬਾਨ’ ਹੋਏ ਹਨ। ਕੌਮੀ ਖੇਤੀ ਕਾਨਫ਼ਰੰਸ ਜੋ ਕਿ 28-29 ਸਤੰਬਰ ਨੂੰ ਦਿੱਲੀ ਵਿਖੇ ਹੋਈ, ’ਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਉੱਨਤੀ ਸਕੀਮ ਅਤੇ ਕਣਕ ਦੇ ਬੀਜਾਂ ’ਤੇ ਸਬਸਿਡੀ ਜਾਰੀ ਕਰਨ ਲਈ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੂੰ ਅਪੀਲ ਕੀਤੀ ਸੀ। ਕੇਂਦਰੀ ਮੰਤਰੀ ਚੌਹਾਨ ਨੇ 28 ਸਤੰਬਰ ਨੂੰ ਹੀ ਪੰਜਾਬ ਨੂੰ ਕਣਕ ਦੇ ਬੀਜ ’ਤੇ ਸਬਸਿਡੀ ਲਈ 50 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ।

ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਨੇ ਮੌਕੇ ’ਤੇ ਹੀ ਮਨਜ਼ੂਰੀ ਪੱਤਰ ਖੇਤੀ ਮੰਤਰੀ ਖੁੱਡੀਆਂ ਨੂੰ ਸੌਂਪ ਦਿੱਤਾ। ਕੇਂਦਰੀ ਖੇਤੀ ਮੰਤਰਾਲੇ ਨੇ ਸਾਲ 2026 ਲਈ ਇਕੱਲੇ ਤੇਲ ਬੀਜਾਂ ’ਤੇ ਹੀ ਆਤਮ ਨਿਰਭਰ ਸਕੀਮ ਤਹਿਤ ਰਾਸ਼ੀ ਦਿੱਤੀ ਜਾ ਰਹੀ ਹੈ ਅਤੇ ਇਸੇ ਕਰਕੇ ਕਣਕ ਦੇ ਬੀਜ ’ਤੇ ਐਤਕੀਂ ਪੰਜਾਬ ਸਬਸਿਡੀ ਨਹੀਂ ਦਿੱਤੀ ਗਈ ਸੀ। ਖੁੱਡੀਆਂ ਨੇ ਪੰਜਾਬ ਲਈ ਉਚੇਚੇ ਤੌਰ ’ਤੇ ਕਣਕ ਦੇ ਬੀਜ ’ਤੇ ਸਬਸਿਡੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਜੋ ਫ਼ੌਰੀ ਮਨਜ਼ੂਰ ਹੋ ਗਈ ਜਦੋਂ ਕਿ ਬਾਕੀ ਕਿਸੇ ਸੂਬੇ ਨੂੰ ਕਣਕ ਦੇ ਬੀਜ ’ਤੇ ਸਬਸਿਡੀ ਰਾਸ਼ੀ ਜਾਰੀ ਨਹੀਂ ਹੋਈ ਹੈ।

ਦੱਸਣਯੋਗ ਹੈ ਕਿ ਪੰਜਾਬ ’ਚ ਢਾਈ ਲੱਖ ਕਣਕ ਦੇ ਪ੍ਰਮਾਣਿਤ ਬੀਜ ਦੀ ਵੰਡ ਸਬਸਿਡੀ ’ਤੇ ਕੀਤੀ ਜਾਣੀ ਹੈ। ਇਸੇ ਤਰ੍ਹਾਂ ਕ੍ਰਿਸ਼ੀ ਉੱਨਤੀ ਸਕੀਮ ਦੀ ਰੁਕੀ ਹੋਈ ਦੂਜੀ ਕਿਸ਼ਤ ਵੀ ਕੇਂਦਰ ਨੇ ਜਾਰੀ ਕਰ ਦਿੱਤੀ ਹੈ ਜੋ ਕਿ 43.12 ਕਰੋੜ ਰੁਪਏ ਬਣਦੀ ਹੈ। ਇਸੇ ਤਰ੍ਹਾਂ ਕੁੱਝ ਫੁਟਕਲ ਕੰਮਾਂ ਲਈ ਵੀ ਰਾਸ਼ੀ ਪ੍ਰਵਾਨ ਹੋਈ ਹੈ। ਪੰਜਾਬ ਲਈ ਕਰੀਬ 100 ਕਰੋੜ ਰੁਪਏ ਦੇ ਕੇਂਦਰੀ ਫ਼ੰਡ ਮਨਜ਼ੂਰ ਹੋ ਗਏ ਹਨ। ਖ਼ਾਸ ਗੱਲ ਇਹ ਹੈ ਕਿ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਸਿੰਘ ਖੁੱਡੀਆਂ ਦਰਮਿਆਨ ਕਾਫ਼ੀ ਸੁਖਾਵੇਂ ਸਬੰਧ ਹਨ ਅਤੇ ਚੌਹਾਨ ਆਪਣੇ ਘਰੇਲੂ ਤੇ ਸਮਾਜਿਕ ਸਮਾਗਮਾਂ ’ਚ ਵੀ ਖੁੱਡੀਆਂ ਨੂੰ ਉਚੇਚੇ ਤੌਰ ’ਤੇ ਸੱਦਦੇ ਹਨ।

ਸਿਆਸੀ ਹਲਕਿਆਂ ’ਚ ਇਨ੍ਹਾਂ ਸਬੰਧਾਂ ਦੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਕਈ ਤਰ੍ਹਾਂ ਮਾਇਨੇ ਕੱਢੇ ਜਾ ਰਹੇ ਹਨ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਕੌਮੀ ਕਾਨਫ਼ਰੰਸ ਦੌਰਾਨ ਪੰਜਾਬ ਦੀ ਕਿਸਾਨੀ ਦੇ ਭਲੇ ਲਈ ਕੇਂਦਰੀ ਮੰਤਰੀ ਚੌਹਾਨ ਅੱਗੇ ਫ਼ਰਿਆਦ ਰੱਖੀ ਸੀ ਜਿਸ ਦੇ ਚੱਲਦਿਆਂ ਕੇਂਦਰ ਨੇ ਫ਼ੰਡਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਹ ਸ਼ਿਵਰਾਜ ਚੌਹਾਨ ਦਾ ਧੰਨਵਾਦ ਕਰਦੇ ਹਨ। ਇਹ ਪੰਜਾਬ ਦੀ ਹੱਕੀ ਮੰਗ ਸੀ। ਦੂਸਰੇ ਪਾਸੇ ਦੇਖੀਏ ਤਾਂ ਪੇਂਡੂ ਵਿਕਾਸ ਫ਼ੰਡਾਂ ਦੇ ਬਕਾਏ ਦੇਣ ਲਈ ਕੇਂਦਰ ਪੰਜਾਬ ਨੂੰ ਕੋਈ ਰਾਹ ਨਹੀਂ ਦੇ ਰਿਹਾ ਹੈ।

ਪੰਜਾਬ ਸਰਕਾਰ ਦਾ ਗਿਲਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ ਐਲਾਨੇ ਹੜ੍ਹ ਰਾਹਤ ਪੈਕੇਜ ਦੀ ਰਾਸ਼ੀ ਵੀ ਨਹੀਂ ਦਿੱਤੀ। ਕੌਮੀ ਕਾਨਫ਼ਰੰਸ ਮੌਕੇ ਪੰਜਾਬ ਤਰਫ਼ੋਂ ਖੇਤੀ ਵਿਭਾਗ ਦੇ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਨੇ ਪੰਜਾਬ ਦੀਆਂ ਫ਼ੌਰੀ ਲੋੜਾਂ ਤੇ ਤਰਜੀਹ ਬਾਰੇ ਖ਼ਾਕਾ ਪੇਸ਼ ਕੀਤਾ ਸੀ। ਪੰਜਾਬ ਸਰਕਾਰ ਵੱਲੋਂ ਕਿਸਾਨੀ ਲਈ ਕੀਤੇ ਜਾਂਦੇ ਕੰਮਾਂ ਦੇ ਵੇਰਵੇ ਵੀ ਸਾਂਝੇ ਕੀਤੇ ਗਏ। ਮੁਫ਼ਤ ਬਿਜਲੀ ਦੀ ਸਹੂਲਤ, ਨਰਮੇ ਦੇ ਬੀਜ ’ਤੇ 33 ਫ਼ੀਸਦੀ ਸਬਸਿਡੀ, ਗੰਨੇ ਦਾ ਭਾਅ ਸਭ ਤੋਂ ਵੱਧ 416 ਰੁਪਏ ਪ੍ਰਤੀ ਕੁਇੰਟਲ ਅਤੇ ਪਰਾਲੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਉਭਾਰਿਆ ਗਿਆ।

Related posts

ਕਿੰਨਾ ਨਾਦਾਨ

Pritpal Kaur

Punjab Election 2022 : ਸਖ਼ਤ ਮੁਕਾਬਲੇ ‘ਚ ਫਸੇ ਹਨ ਪੰਜਾਬ ਦੇ ਦਿੱਗਜ, ਪੜ੍ਹੋ ਚੰਨੀ, ਭਗਵੰਤ ਮਾਨ, ਨਵਜੋਤ ਸਿੱਧੂ ਤੇ ਸੁਖਬੀਰ ਬਾਦਲ ਦੀ ਸੀਟ ਦੀ ਗਰਾਊਂਡ ਰਿਪੋਰਟ

On Punjab

ਅਮਰੀਕਾ ਦੇ ਗੁਰਦੁਆਰੇ ‘ਚ ਦੋ ਧੜਿਆਂ ਦੀ ਲੜਾਈ, ਪੱਗਾਂ ਲੱਥੀਆਂ ਤੇ ਕਈ ਜ਼ਖਮੀ

On Punjab