72.61 F
New York, US
June 18, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕ੍ਰਿਕਟ ਤੇ ਸਿਨੇਮਾ ਦਾ ਰਿਸ਼ਤਾ: ਅਨੁਸ਼ਕਾ ਦੀ ਟ੍ਰੋਲਿੰਗ ’ਤੇ ਸ਼ਰਮੀਲਾ ਟੈਗੋਰ ਨੇ ਤੋੜੀ ਚੁੱਪ

ਮੁੰਬਈ-  ਭਾਰਤੀ ਕ੍ਰਿਕਟ ਅਤੇ ਬਾਲੀਵੁੱਡ ਦਾ ਰਿਸ਼ਤਾ ਦਹਾਕਿਆਂ ਪੁਰਾਣਾ ਹੈ, ਪਰ ਇਸ ਸੁਮੇਲ ਦੇ ਨਾਲ-ਨਾਲ ਅਕਸਰ ਅਦਾਕਾਰਾਵਾਂ ਨੂੰ ਬਿਨਾਂ ਵਜ੍ਹਾ ਜਨਤਕ ਨਿੰਦਾ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਵਿੱਚ ਵਿਰਾਟ ਕੋਹਲੀ ਦੀ ਮਾੜੀ ਪਰਫਾਰਮੈਂਸ ਲਈ ਅਨੁਸ਼ਕਾ ਸ਼ਰਮਾ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਦਿੱਗਜ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਨੁਸ਼ਕਾ ਦਾ ਪੱਖ ਪੂਰਦਿਆਂ ਸ਼ਰਮੀਲਾ ਨੇ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਕਿਸੇ ਖਿਡਾਰੀ ਦੀ ਮੈਦਾਨੀ ਕਾਰਗੁਜ਼ਾਰੀ ਲਈ ਉਸ ਦੇ ਜੀਵਨ ਸਾਥੀ ਨੂੰ ਦੋਸ਼ੀ ਠਹਿਰਾਇਆ ਜਾਵੇ।

ਸ਼ਰਮੀਲਾ ਟੈਗੋਰ, ਜਿਨ੍ਹਾਂ ਨੇ ਆਪਣੇ ਦੌਰ ਦੇ ਮਹਾਨ ਕਿਰਕਟਰ ਮਨਸੂਰ ਅਲੀ ਖਾਨ ਪਟੌਦੀ ਨਾਲ ਵਿਆਹ ਕਰਵਾਇਆ ਸੀ, ਨੇ ਦੱਸਿਆ ਕਿ ਉਨ੍ਹਾਂ ਦੇ ਸਮੇਂ ਵੀ ਹਾਲਾਤ ਬਹੁਤੇ ਵੱਖਰੇ ਨਹੀਂ ਸਨ। ਉਨ੍ਹਾਂ ਯਾਦ ਕੀਤਾ ਕਿ ਇੱਕ-ਦੋ ਮੌਕਿਆਂ ’ਤੇ ਲੋਕਾਂ ਨੇ ਇਹ ਮੰਨ ਲਿਆ ਸੀ ਕਿ ਪਟੌਦੀ ਦੇ ਖ਼ਰਾਬ ਪ੍ਰਦਰਸ਼ਨ ਲਈ ਉਹ ਜ਼ਿੰਮੇਵਾਰ ਹਨ। ਲੋਕਾਂ ਦਾ ਮੰਨਣਾ ਸੀ ਕਿ ਇੱਕ ਅਦਾਕਾਰਾ ਹੋਣ ਦੇ ਨਾਤੇ ਉਹ ਆਪਣੇ ਪਤੀ ਦਾ ਧਿਆਨ ਖੇਡ ਤੋਂ ਭਟਕਾ ਰਹੀ ਹੈ। ਉਨ੍ਹਾਂ ਕਿਹਾ, “ ਲੋਕ ਸਮਝਦੇ ਸਨ ਕਿ ਮੈਂ ਸ਼ਾਇਦ ਉਨ੍ਹਾਂ ਨੂੰ ਕਹਿੰਦੀ ਹੋਵਾਂਗੀ ਕਿ ਕੱਲ੍ਹ ਮੈਚ ਹੈ ਤਾਂ ਕੀ ਹੋਇਆ, ਅੱਜ ਘੁੰਮਣ ਚੱਲਦੇ ਹਾਂ। ਇਹ ਸਿਰਫ਼ ਲੋਕਾਂ ਦੇ ਆਪਣੇ ਭੁਲੇਖੇ ਸਨ।”

ਸੋਸ਼ਲ ਮੀਡੀਆ ਦੇ ਦੌਰ ’ਚ ਵਧੀ ਕੜਵਾਹਟ- ਮੌਜੂਦਾ ਹਾਲਾਤ ਦੀ ਤੁਲਨਾ ਆਪਣੇ ਦੌਰ ਨਾਲ ਕਰਦਿਆਂ ਸ਼ਰਮੀਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਚੁਣੌਤੀਆਂ ਵਧ ਗਈਆਂ ਹਨ। ਉਨ੍ਹਾਂ ਮੁਤਾਬਕ, “ ਸਾਡੇ ਵੇਲੇ ਕੋਈ ਟਵਿੱਟਰ ਜਾਂ ਸੋਸ਼ਲ ਮੀਡੀਆ ਨਹੀਂ ਸੀ। ਅੱਜ ਕੱਲ੍ਹ ਤਾਂ ਲੋਕ ਘਰਾਂ ’ਤੇ ਪੱਥਰ ਮਾਰਨ ਤੱਕ ਦੀਆਂ ਧਮਕੀਆਂ ਦਿੰਦੇ ਹਨ, ਜੋ ਕਿ ਬਹੁਤ ਗ਼ਲਤ ਹੈ।” ਉਨ੍ਹਾਂ ਕਿਹਾ ਕਿ ਅਦਾਕਾਰਾਂ ਅਤੇ ਖਿਡਾਰੀਆਂ ਨੂੰ ਜਨਤਾ ਦੇ ਇਸ ‘ਪੈਂਡੂਲਮ’ ਵਰਗੇ ਵਤੀਰੇ ਨੂੰ ਸਹਿਣਾ ਪੈਂਦਾ ਹੈ ਜਿੱਥੇ ਇੱਕ ਦਿਨ ਤੁਹਾਨੂੰ ਸਿਰ ’ਤੇ ਬਿਠਾਇਆ ਜਾਂਦਾ ਹੈ ਅਤੇ ਅਗਲੇ ਹੀ ਦਿਨ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੇਸ਼ੇਵਰ ਖਿਡਾਰੀ ਨੂੰ ਕੋਈ ਨਹੀਂ ਭਟਕਾ ਸਕਦਾ- ਸ਼ਰਮੀਲਾ:- ਸ਼ਰਮੀਲਾ ਨੇ ਦਲੀਲ ਦਿੱਤੀ ਕਿ ਕਿਰਕਟਰ ਕੋਈ ਸ਼ੁਕੀਨ ਖਿਡਾਰੀ ਨਹੀਂ ਹੁੰਦੇ, ਸਗੋਂ ਪੇਸ਼ੇਵਰ ਹੁੰਦੇ ਹਨ ਜੋ ਦਬਾਅ ਵਿੱਚ ਖੇਡਣਾ ਜਾਣਦੇ ਹਨ। ਜਦੋਂ ਇੱਕ ਖਿਡਾਰੀ ਮੈਦਾਨ ਵਿੱਚ ਹੁੰਦਾ ਹੈ, ਤਾਂ ਉਸ ਦਾ ਧਿਆਨ ਸਿਰਫ਼ ਖੇਡ ’ਤੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਦਾਨ ਵਿੱਚ ਹਜ਼ਾਰਾਂ ਲੋਕਾਂ ਦਾ ਸ਼ੋਰ ਵੀ ਖਿਡਾਰੀ ਦਾ ਧਿਆਨ ਨਹੀਂ ਭਟਕਾ ਸਕਦਾ, ਫਿਰ ਕਿਸੇ ਅਜ਼ੀਜ਼ ਦੀ ਮੌਜੂਦਗੀ ਕਿਵੇਂ ਰੁਕਾਵਟ ਬਣ ਸਕਦੀ ਹੈ? ਉਨ੍ਹਾਂ ਇਹ ਵੀ ਕਿਹਾ ਕਿ ਕਿਰਕਟ ਵਿੱਚ ਕੋਈ ‘ਰੀਟੇਕ’ ਨਹੀਂ ਹੁੰਦਾ, ਇਸ ਲਈ ਖਿਡਾਰੀ ਨੂੰ ਅੰਦਰੋਂ ਬਹੁਤ ਮਜ਼ਬੂਤ ਹੋਣਾ ਪੈਂਦਾ ਹੈ।

ਸਮਝਦਾਰ ਬਨਾਮ ਨਾ-ਸਮਝ- ਅਦਾਕਾਰਾ ਨੇ ਲੋਕਾਂ ਦੇ ਵਤੀਰੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਭੀੜ ਵਿੱਚੋਂ ਸਿਰਫ਼ 2 ਫ਼ੀਸਦੀ ਲੋਕ ਹੀ ਅਸਲ ਵਿੱਚ ਕਿਰਕਟ ਦੀਆਂ ਬਾਰੀਕੀਆਂ ਨੂੰ ਸਮਝਦੇ ਹਨ, ਬਾਕੀ ਸਿਰਫ਼ ਉਤਸ਼ਾਹ ਲਈ ਆਉਂਦੇ ਹਨ। ਉਨ੍ਹਾਂ ਅਨੁਸ਼ਕਾ ਅਤੇ ਵਿਰਾਟ ਵਰਗੇ ਜੋੜਿਆਂ ਨੂੰ ਸਲਾਹ ਦਿੱਤੀ ਕਿ ਅਜਿਹੇ ਨਕਾਰਾਤਮਕ ਦੌਰ ਵਿੱਚ ਸ਼ਾਂਤ ਰਹਿ ਕੇ ਤੂਫ਼ਾਨ ਦੇ ਲੰਘਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਮਾਂ ਬੀਤਣ ’ਤੇ ਸਭ ਕੁਝ ਠੀਕ ਹੋ ਜਾਂਦਾ ਹੈ ਅਤੇ ਅੰਤ ਵਿੱਚ ਲੋਕ ਸਿਰਫ਼ ਤੁਹਾਡੀਆਂ ਚੰਗੀਆਂ ਯਾਦਾਂ ਨੂੰ ਹੀ ਯਾਦ ਰੱਖਦੇ ਹਨ।

Related posts

ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਸਾਬਕਾ ਪੀਐੱਮ ਨਵਾਜ਼ ਸ਼ਰੀਫ਼ ਦੀ ਮੈਡੀਕਲ ਰਿਪੋਰਟ ਰੱਦ

On Punjab

ਲਹਿੰਦੇ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ’ਚ WhatsApp ਹੋਇਆ ‘Ban’

On Punjab

ਐਵੇਂ ਨਹੀਂ ਖਾਲਿਸਤਾਨੀਆਂ ਨਾਲ ਡਟੀ ਕੈਨੇਡਾ ਸਰਕਾਰ! ਤੱਥ ਤੇ ਅੰਕੜੇ ਕਰ ਦੇਣਗੇ ਹੈਰਾਨ

On Punjab