76.57 F
New York, US
August 22, 2026
PreetNama
austrialaautobusinessChandigharEducationEnglish NewsOnline DatingPatialareligontradingਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/Politics

ਇੰਝ ਨੀਂ ਕਰੀਦੇ… ਅਲਵਿਦਾ ਮੇਰੇ ਦੋਸਤ

 

ਕੁਝ ਵਿਛੋੜੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਜਿਹਾ ਲੱਗਦਾ ਹੈ। ਅੱਜ ਦਿਲ ਬਹੁਤ ਭਾਰਾ ਹੈ, ਅੱਖਾਂ ਨਮ ਨੇ ਤੇ ਮਨ ਵਾਰ-ਵਾਰ ਇਹੀ ਸਵਾਲ ਕਰ ਰਿਹਾ ਹੈ—ਇੰਝ ਨੀਂ ਕਰੀਦੇ ਯਾਰ… ਇੰਝ ਆਪਣੇ ਵੀਰਾਂ ਤੇ ਦੋਸਤਾਂ ਨੂੰ ਅੱਧ ਵਿਚਕਾਰ ਛੱਡ ਕੇ ਨੀਂ ਜਾਈਦਾ।

ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਸਾਡੇ ਪਿਆਰੇ ਜਸਮੀਤ ਸਿੰਘ, ਜਿਸਨੂੰ ਅਸੀਂ ਸਾਰੇ ਪਿਆਰ ਤੇ ਸਤਿਕਾਰ ਨਾਲ ਜੇ.ਈ. ਸਾਬ ਕਹਿੰਦੇ ਸੀ, ਨੂੰ ਸਾਡੇ ਕੋਲੋਂ ਸਦਾ ਲਈ ਦੂਰ ਕਰ ਦਿੱਤਾ। ਇਹ ਵਿਛੋੜਾ ਸਿਰਫ਼ ਇੱਕ ਪਰਿਵਾਰ ਦਾ ਨਹੀਂ, ਸਗੋਂ ਉਹਨਾਂ ਸਾਰਿਆਂ ਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਜਸਮੀਤ ਦੀ ਆਪਣੀ ਇੱਕ ਥਾਂ ਸੀ।

ਹਾਲੇ ਕੱਲ੍ਹ ਦੀ ਤਾਂ ਗੱਲ ਲੱਗਦੀ ਹੈ। ਅਸੀਂ ਇੱਕ ਦੂਜੇ ਦੀ ਸਲਾਹ ਤੋਂ ਬਿਨਾਂ ਕੋਈ ਵੱਡਾ-ਛੋਟਾ ਕੰਮ ਨਹੀਂ ਸੀ ਕਰਦੇ। ਜ਼ਿੰਦਗੀ ਦੇ ਹਰ ਮੋੜ ’ਤੇ ਇੱਕ ਦੂਜੇ ਨਾਲ ਖੜ੍ਹੇ ਰਹਿਣਾ, ਗੱਲ-ਗੱਲ ’ਤੇ ਸਲਾਹ ਕਰਨੀ, ਹੱਸਣਾ, ਘੁੰਮਣਾ-ਫਿਰਨਾ ਅਤੇ ਔਖੇ ਸਮੇਂ ਵਿੱਚ ਇੱਕ ਦੂਜੇ ਦਾ ਹੱਥ ਫੜਨਾ—ਇਹ ਸਾਡੀ ਦੋਸਤੀ ਦੀ ਖੂਬਸੂਰਤੀ ਸੀ।

ਸਾਲ 2021 ਵਿੱਚ ਅਚਾਨਕ ਜਸਮੀਤ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ। ਉਸ ਸਮੇਂ ਸਾਡੇ ਸਾਰਿਆਂ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਖਿਸਕ ਗਈ ਸੀ। ਪਰ ਜਸਮੀਤ ਨੇ ਹਿੰਮਤ ਨਹੀਂ ਹਾਰੀ। ਆਪ੍ਰੇਸ਼ਨ ਹੋਇਆ ਅਤੇ ਕੁਝ ਹੀ ਦਿਨਾਂ ਵਿੱਚ ਉਹ ਪਹਿਲਾਂ ਵਾਂਗ ਠੀਕ ਹੋਣ ਲੱਗ ਪਿਆ। ਉਸਦੀ ਹਿੰਮਤ ਦੇਖ ਕੇ ਸਾਨੂੰ ਵੀ ਹੌਸਲਾ ਮਿਲਦਾ ਸੀ।

ਉਸ ਵੇਲੇ ਉਹ ਹੱਸ ਕੇ ਕਹਿੰਦਾ ਸੀ, “ਵੱਡੇ ਬਾਈ, ਮੈਂ ਐਵੇਂ ਨੀਂ ਜਾਣਾ… ਮੈਂ ਤਾਂ 70 ਸਾਲ ਤੱਕ ਤੁਹਾਡੇ ਨਾਲ ਹਾਂ।”

ਉਸਦੀ ਇਹ ਗੱਲ ਅੱਜ ਕੰਨਾਂ ਵਿੱਚ ਗੂੰਜ ਰਹੀ ਹੈ। ਕੌਣ ਜਾਣਦਾ ਸੀ ਕਿ ਇਹ ਗੱਲ ਇੱਕ ਦਿਨ ਯਾਦ ਬਣ ਕੇ ਰਹਿ ਜਾਵੇਗੀ।

ਪਿਛਲੇ ਸਾਲ ਬਿਮਾਰੀ ਨੇ ਮੁੜ ਸਿਰ ਚੁੱਕ ਲਿਆ। ਫਿਰ ਸ਼ੁਰੂ ਹੋਇਆ ਇੱਕ ਹੋਰ ਸੰਘਰਸ਼। ਕਦੇ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਚੱਕਰ, ਕਦੇ ਦਿੱਲੀ ਦੇ ਹਸਪਤਾਲਾਂ ਦੀਆਂ ਯਾਤਰਾਵਾਂ ਅਤੇ ਕਦੇ ਫਰੀਦਕੋਟ। ਅਸੀਂ ਸਾਰੇ ਮਿਲ ਕੇ ਉਸਦੇ ਨਾਲ ਖੜ੍ਹੇ ਰਹੇ। ਹਰ ਵਾਰ ਇਹੀ ਆਸ ਹੁੰਦੀ ਸੀ ਕਿ ਇਸ ਵਾਰ ਵੀ ਜਸਮੀਤ ਜਿੱਤ ਕੇ ਵਾਪਸ ਆਵੇਗਾ।

ਪਰ ਅੱਜ ਉਹ ਆਸ ਟੁੱਟ ਗਈ।

ਰੱਬ ਨੇ ਆਖਰ ਉਹੀ ਭਾਣਾ ਵਰਤਾ ਦਿੱਤਾ ਜਿਸਦਾ ਡਰ ਸਾਡੇ ਦਿਲਾਂ ਵਿੱਚ ਕਿਤੇ ਨਾ ਕਿਤੇ ਲੁਕਿਆ ਹੋਇਆ ਸੀ।

ਜਸਮੀਤ ਨਾਲ ਬਿਤਾਏ ਪਲ ਅੱਜ ਇੱਕ-ਇੱਕ ਕਰਕੇ ਅੱਖਾਂ ਸਾਹਮਣੇ ਆ ਰਹੇ ਨੇ। ਉਸ ਦੀਆਂ ਗੱਲਾਂ, ਉਸਦਾ ਹੱਸਣਾ, ਉਸਦਾ ਆਪਣੇਪਣ ਨਾਲ ਬੁਲਾਉਣਾ—ਸਭ ਕੁਝ ਜਿਵੇਂ ਕੱਲ੍ਹ ਹੀ ਵਾਪਰਿਆ ਹੋਵੇ।

ਉਹ ਅਕਸਰ ਕਹਿੰਦਾ ਸੀ ਕਿ “ਮੇਰੀ ਰਿਟਾਇਰਮੈਂਟ ਤੋਂ ਬਾਅਦ ਆਪਾਂ ਇੱਕੋ ਨਾਲ-ਨਾਲ ਕੋਠੀਆਂ ਪਾਵਾਂਗੇ। ਬੱਚੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਣ, ਫਿਰ ਆਪਾਂ ਰੱਜ ਕੇ ਘੁੰਮਾਂਗੇ-ਫਿਰਾਂਗੇ।”

ਕਿੰਨੇ ਸੋਹਣੇ ਸੁਪਨੇ ਸਨ ਸਾਡੇ। ਪਰ ਜ਼ਿੰਦਗੀ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ।

ਚੰਡੀਗੜ੍ਹ ਵਿੱਚ ਉਸਦੇ ਟ੍ਰੇਨਿੰਗ ਦੇ ਦਿਨਾਂ ਦੌਰਾਨ ਮੇਰਾ ਹਰ ਹਫ਼ਤੇ ਚੰਡੀਗੜ੍ਹ ਦਾ ਚੱਕਰ ਲੱਗਦਾ ਸੀ। ਕਦੇ ਇਕੱਠੇ ਘੁੰਮਣਾ, ਕਦੇ ਬੈਠ ਕੇ ਗੱਲਾਂ ਕਰਨੀਆਂ, ਕਦੇ ਖਾਣ-ਪੀਣ ਲਈ ਨਿਕਲ ਜਾਣਾ। ਜਸਮੀਤ ਦੇ ਨਾਲ ਰਹਿੰਦਿਆਂ ਕਦੇ ਖਰਚੇ ਦੀ ਪਰਵਾਹ ਨਹੀਂ ਹੁੰਦੀ ਸੀ। ਉਹ ਦਿਲ ਦਾ ਬਹੁਤ ਵੱਡਾ ਬੰਦਾ ਸੀ। ਉਸਦੇ ਨਾਲ ਬਿਤਾਇਆ ਹਰ ਪਲ ਅੱਜ ਇੱਕ ਕੀਮਤੀ ਯਾਦ ਬਣ ਗਿਆ ਹੈ।

ਦੋਸਤੀਆਂ ਵਿੱਚ ਵੀ ਕੁਝ ਰਿਸ਼ਤੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਨਾਮ ਦੀ ਲੋੜ ਨਹੀਂ ਹੁੰਦੀ। ਨਾ ਕੋਈ ਹਿਸਾਬ, ਨਾ ਕੋਈ ਲੈਣ-ਦੇਣ। ਸਿਰਫ਼ ਆਪਣਾਪਣ ਹੁੰਦਾ ਹੈ। ਜਸਮੀਤ ਨਾਲ ਵੀ ਅਜਿਹਾ ਹੀ ਰਿਸ਼ਤਾ ਸੀ।

ਅੱਜ ਸਭ ਤੋਂ ਵੱਡਾ ਦੁੱਖ ਉਸਦੇ ਛੋਟੇ-ਛੋਟੇ ਬੱਚਿਆਂ ਨੂੰ ਦੇਖ ਕੇ ਹੁੰਦਾ ਹੈ। ਜਿਨ੍ਹਾਂ ਨੇ ਹਾਲੇ ਜ਼ਿੰਦਗੀ ਨੂੰ ਸਮਝਣਾ ਹੀ ਸ਼ੁਰੂ ਕੀਤਾ ਸੀ, ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਉਹਨਾਂ ਦੀਆਂ ਮਾਸੂਮ ਅੱਖਾਂ ਵਿੱਚ ਆਪਣੇ ਪਿਤਾ ਨੂੰ ਲੱਭਣ ਵਾਲਾ ਸਵਾਲ ਸ਼ਾਇਦ ਸਾਰੀ ਉਮਰ ਰਹੇਗਾ।

ਇਹ ਸੋਚ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ ਕਿ ਜਸਮੀਤ ਨੇ ਆਪਣੇ ਬੱਚਿਆਂ ਲਈ ਕਿੰਨੇ ਸੁਪਨੇ ਸਜਾਏ ਹੋਣਗੇ। ਉਹਨਾਂ ਦੇ ਭਵਿੱਖ ਲਈ ਕਿੰਨੀਆਂ ਯੋਜਨਾਵਾਂ ਬਣਾਈਆਂ ਹੋਣਗੀਆਂ। ਪਰ ਅੱਜ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਖੁਦ ਮੌਜੂਦ ਨਹੀਂ ਹੋਵੇਗਾ।

ਜ਼ਿੰਦਗੀ ਕਿੰਨੀ ਅਜੀਬ ਹੈ। ਇਨਸਾਨ ਭਵਿੱਖ ਲਈ ਘਰ ਬਣਾਉਂਦਾ ਹੈ, ਬੱਚਿਆਂ ਨੂੰ ਪੜ੍ਹਾਉਂਦਾ ਹੈ, ਸੁਪਨੇ ਸਜਾਉਂਦਾ ਹੈ ਅਤੇ ਦੋਸਤਾਂ ਨਾਲ ਬੁਢਾਪੇ ਦੀਆਂ ਯੋਜਨਾਵਾਂ ਬਣਾਉਂਦਾ ਹੈ। ਪਰ ਮੌਤ ਇੱਕ ਪਲ ਵਿੱਚ ਸਾਰੀਆਂ ਯੋਜਨਾਵਾਂ ਨੂੰ ਆਪਣੇ ਨਾਲ ਲੈ ਜਾਂਦੀ ਹੈ।

ਅੱਜ ਦਿਲ ਵਿੱਚ ਇੱਕੋ ਗੱਲ ਆ ਰਹੀ ਹੈ—ਕਾਸ਼ ਸਮਾਂ ਥੋੜ੍ਹਾ ਰੁਕ ਜਾਂਦਾ… ਕਾਸ਼ ਬਿਮਾਰੀ ਹਾਰ ਜਾਂਦੀ… ਕਾਸ਼ ਜਸਮੀਤ ਮੁੜ ਸਾਡੇ ਵਿਚਕਾਰ ਬੈਠਾ ਹੁੰਦਾ।

ਪਰ ਹੁਣ ਸਾਡੇ ਕੋਲ ਸਿਰਫ਼ ਯਾਦਾਂ ਨੇ।

ਜਸਮੀਤ, ਤੂੰ ਸਰੀਰਕ ਤੌਰ ’ਤੇ ਸਾਡੇ ਕੋਲੋਂ ਦੂਰ ਹੋ ਗਿਆ ਏਂ, ਪਰ ਤੇਰੀਆਂ ਗੱਲਾਂ, ਤੇਰਾ ਹਾਸਾ, ਤੇਰਾ ਪਿਆਰ ਅਤੇ ਤੇਰੇ ਨਾਲ ਬਿਤਾਏ ਪਲ ਸਾਡੇ ਦਿਲਾਂ ਵਿੱਚ ਹਮੇਸ਼ਾਂ ਜਿਉਂਦੇ ਰਹਿਣਗੇ। ਜਦੋਂ ਵੀ ਅਸੀਂ ਇਕੱਠੇ ਬੈਠਾਂਗੇ, ਤੇਰਾ ਜ਼ਿਕਰ ਜ਼ਰੂਰ ਹੋਵੇਗਾ। ਜਦੋਂ ਵੀ ਕੋਈ ਪੁਰਾਣੀ ਗੱਲ ਯਾਦ ਆਵੇਗੀ, ਅੱਖਾਂ ਵਿੱਚ ਹੰਝੂ ਵੀ ਹੋਣਗੇ ਤੇ ਚਿਹਰੇ ’ਤੇ ਮੁਸਕਰਾਹਟ ਵੀ—ਕਿਉਂਕਿ ਤੂੰ ਸਿਰਫ਼ ਸਾਡਾ ਦੋਸਤ ਨਹੀਂ ਸੀ, ਤੂੰ ਸਾਡੇ ਪਰਿਵਾਰ ਦਾ ਹਿੱਸਾ ਸੀ।

ਅਸੀਂ ਅਕਸਰ ਸੋਚਦੇ ਹਾਂ ਕਿ ਇਨਸਾਨ ਮਰ ਜਾਂਦਾ ਹੈ ਤਾਂ ਸਭ ਕੁਝ ਖਤਮ ਹੋ ਜਾਂਦਾ ਹੈ। ਪਰ ਨਹੀਂ… ਚੰਗੇ ਇਨਸਾਨ ਕਦੇ ਨਹੀਂ ਮਰਦੇ। ਉਹ ਆਪਣੇ ਪਿੱਛੇ ਅਜਿਹੀਆਂ ਯਾਦਾਂ ਛੱਡ ਜਾਂਦੇ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਉਂਦੀਆਂ ਰਹਿੰਦੀਆਂ ਹਨ।

ਜਸਮੀਤ ਵੀ ਸਾਡੇ ਲਈ ਉਹੀ ਯਾਦ ਬਣ ਗਿਆ ਹੈ—ਇੱਕ ਅਜਿਹੀ ਯਾਦ ਜਿਸਨੂੰ ਭੁਲਾਉਣਾ ਸੰਭਵ ਨਹੀਂ।

ਰੱਬ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖਸ਼ੇ ਅਤੇ ਉਸਦੇ ਬੱਚਿਆਂ ਦੇ ਸਿਰ ’ਤੇ ਆਪਣਾ ਮਿਹਰ ਭਰਿਆ ਹੱਥ ਰੱਖੇ।

ਅਸੀਂ ਰੱਬ ਦੇ ਭਾਣੇ ਅੱਗੇ ਸਿਰ ਝੁਕਾਉਂਦੇ ਹਾਂ, ਪਰ ਦਿਲ ਨੂੰ ਸਮਝਾਉਣਾ ਬਹੁਤ ਔਖਾ ਹੈ।

ਅਲਵਿਦਾ ਮੇਰੇ ਛੋਟੇ ਵੀਰ…
ਅਲਵਿਦਾ ਮੇਰੇ ਦੋਸਤ…
ਅਲਵਿਦਾ ਜੇ.ਈ. ਸਾਬ…

ਤੂੰ ਸਾਡੇ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਾਪਸ ਨਹੀਂ ਆ ਸਕਿਆ, ਪਰ ਤੇਰੀਆਂ ਯਾਦਾਂ ਸਾਡੇ ਨਾਲ ਹਮੇਸ਼ਾਂ ਰਹਿਣਗੀਆਂ।

ਇੰਝ ਨੀਂ ਕਰੀਦੇ ਯਾਰ…
ਆਪਣਿਆਂ ਨੂੰ ਇੰਝ ਅੱਧ ਵਿਚਕਾਰ ਛੱਡ ਕੇ ਨੀਂ ਜਾਈਦਾ।

ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਗਗਨਦੀਪ ਸਿੰਘ 9592398822

Related posts

ਦੂਜੇ ਦਿਨ ਰਾਹੁਲ, ਅਖਿਲੇਸ਼, ਹੇਮਾ ਮਾਲਿਨੀ ਤੇ ਓਵਾਇਸੀ ਨੇ ਸਹੁੰ ਚੁੱਕੀ

On Punjab

ਬੱਚਿਆਂ ’ਚ ਖੇਡਣ ਨਾਲ ਘੱਟ ਹੋ ਸਕਦੈ ਡਿਪ੍ਰੈਸ਼ਨ ਦਾ ਖ਼ਤਰਾ,ਸਟੱਡੀ “ਚ ਸਾਹਮਣੇ ਆਈ ਇਹ ਗੱਲ

On Punjab

International Yoga Day: ਯੋਗਾ ਨਾਲ ਖ਼ੁਦ ਨੂੰ ਫਿੱਟ ਰੱਖਦੀਆਂ ਨੇ ਇਹ ਅਦਾਕਾਰਾਂ, ਸ਼ਿਲਪਾ ਸ਼ੈੱਟੀ ਤੋਂ ਮਲਾਇਕਾ ਅਰੋਡ਼ਾ ਤਕ ਦਾ ਨਾਂ ਸ਼ਾਮਲ

On Punjab