48.24 F
New York, US
March 29, 2024
PreetNama
ਫਿਲਮ-ਸੰਸਾਰ/Filmy

happy birthday ajay devgan : ਦਿਲਾਂ ’ਤੇ ਰਾਜ ਕਰ ਰਿਹਾ ਬਾਲੀਵੁੱਡ ਦਾ ਸਿੰਘਮ, ਪਹਿਲੀ ਫਿਲਮ ਨਾਲ ਹੀ ਬਣ ਗਿਆ ਸੀ ਸਟਾਰ

ਸੁਪਰ ਸਟਾਰ ਅਜੈ ਦੇਵਗਨ ਲੰਬੇ ਸਮੇਂ ਤੋਂ ਬਾਲੀਵੁੱਡ ’ਤੇ ਰਾਜ ਕਰ ਰਿਹਾ ਹੈ। ਸਾਰੇ ਅਦਾਕਾਰਾਂ ’ਚੋਂ ਉਸ ਦੀ ਵਿਲੱਖਣ ਸ਼ਖ਼ਸੀਅਤ ਹੈ। ਉਸ ’ਚ ਸਫਲ ਅਦਾਕਾਰ ਵਾਲੇ ਸਾਰੇ ਗੁਣ ਹਨ। ਸੁਨੀਲ ਦੱਤ ਤੋਂ ਬਾਅਦ ਉਹ ਹੀ ਅਜਿਹਾ ਅਦਾਕਾਰ ਹੈ, ਜੋ ਖ਼ੁਦ ਸਟੰਟ ਕਰਦਾ ਹੈ ਤੇ ਸਟੰਟਮੈਨ ਦੀ ਮਦਦ ਨਹੀਂ ਲੈਂਦਾ। ਉਸ ਦੇ ਚਿਹਰੇ-ਮੋਹਰੇ ਤੋਂ ਸੁਨੀਲ ਦੱਤ ਦੀ ਝਲਕ ਨਜ਼ਰ ਆਉਂਦੀ ਹੈ।
ਉਸ ਨੇ ਬਾਲੀਵੁੱਡ ’ਚ ਖ਼ੂਬ ਨਾਮਣਾ ਖੱਟਿਆ ਹੈ। ਉਸ ਨੂੰ 2 ਕੌਮੀ ਪੁਰਸਕਾਰ, 4 ਫਿਲਮ ਫੇਅਰ ਐਵਾਰਡ ਅਤੇ ਪਦਮਸ੍ਰੀ ਐਵਾਰਡ ਨਾਲ ਸਨਮਾਨਿਆ ਜਾ ਚੁੱਕਿਆ ਹੈ। ਦਰਸ਼ਕ ਉਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਹਨ ਅਤੇ ਉਹ ਇਸ ਦਾ ਹੱਕਦਾਰ ਵੀ ਹੈ। ਉਸ ਨੇ ਬਾਲੀਵੁੱਡ ਨੂੰ ਬਹੁਤ ਸਾਰੀਆਂ ਸਫਲ ਫਿਲਮਾਂ ਦਿੱਤੀਆਂ। ਕੁਝ ਠੀਕ-ਠਾਕ ਰਹੀਆਂ ਤੇ ਉਸ ਦੀਆਂ ਕਈ ਫਿਲਮਾਂ ਫਲਾਪ ਵੀ ਹੋਈਆਂ। ਅਜਿਹਾ ਸਭ ਅਦਾਕਾਰਾਂ ਨਾਲ ਹੁੰਦਾ ਹੀ ਹੈ । ਸਾਰੀਆਂ ਫਿਲਮਾਂ ਸਫਲ ਨਹੀਂ ਹੁੰਦੀਆਂ।
ਫਿਲਮੀ ਪਿਛੋਕੜ
2 ਅਪ੍ਰੈਲ 1969 ਨੂੰ ਜਨਮੇ ਅਜੈ ਦੇਵਗਨ ਦਾ ਅਸਲੀ ਨਾਂ ਵਿਸ਼ਾਲ ਵੀਰੂ ਦੇਵਗਨ ਹੈ। ਉਸ ਦੇ ਪਰਿਵਾਰ ਦੇ ਬਾਲੀਵੁੱਡ ਨਾਲ ਬਹੁਤ ਚੰਗੇ ਸਬੰਧ ਰਹੇ। ਉਸ ਦਾ ਪਿਤਾ ਵੀਰੂ ਦੇਵਗਨ ਸਟੰਟ ਮੈਨ, ਕੋਰੀਓਗ੍ਰਾਫਰ ਅਤੇ ਐਕਸ਼ਨ ਫ਼ਿਲਮੀ ਨਿਰਦੇਸ਼ਕ ਸੀ। ਉਸ ਦੀ ਮਾਤਾ ਵੀਨਾ ਦੇਵਗਨ ਫਿਲਮ ਨਿਰਮਾਤਾ ਹੈ। ਅਜੈ ਨੇ ਮਿੱਠਾ ਬਾਈ ਕਾਲਜ ’ਚ ਬੀਏ ਤਕ ਦੀ ਪੜ੍ਹਾਈ ਕੀਤੀ। ਉਸ ਨੂੰ ਚਾਹੇ ਕਲਾ ਵਿਰਾਸਤ ’ਚ ਮਿਲੀ ਹੈ ਪਰ ਸਿਖ਼ਰਾਂ ’ਤੇ ਪਹੁੰਚਣ ਲਈ ਉਸ ਨੇ ਜੀਅ ਤੋੜ ਮਿਹਨਤ ਕੀਤੀ ਹੈ। ਉਸ ਦਾ ਨਾਂ ਆਪਣੇ ਮਾਂ- ਬਾਪ ਤੋਂ ਵੀ ਜ਼ਿਆਦਾ ਚਮਕਿਆ। ਉਸ ਨੇ ਪ੍ਰਸਿੱਧ ਅਦਾਕਾਰਾ ਕਾਜੋਲ ਨਾਲ ਵਿਆਹ ਕਰਵਾਇਆ, ਜਿਸ ਦੀ ਬਾਲੀਵੁੱਡ ’ਚ ਆਪਣੀ ਵਿਲੱਖਣ ਮਿਸਾਲ ਹੈ।

ਬਾਲੀਵੁੱਡ ਨੂੰ ਦਿੱਤੀਆਂ ਕਈ ਯਾਦਗਾਰੀ ਫਿਲਮਾਂ
ਅਜੈ ਦੇਵਗਨ ਨੇ ਬਹੁਤ ਸਾਰੀਆਂ ਯਾਦਗਾਰੀ ਫਿਲਮਾਂ ਬਾਲੀਵੁੱਡ ਦੀ ਝੋਲੀ ਪਾਈਆਂ ਹਨ। 1991 ’ਚ ਆਈ ਪਹਿਲੀ ਫਿਲਮ ‘ਫੂਲ ਔਰ ਕਾਂਟੇ’ ਨਾਲ ਹੀ ਉਹ ਸਟਾਰ ਬਣ ਗਿਆ। 1992 ’ਚ ਆਈ ਫਿਲਮ ‘ਦਿਲਵਾਲੇ’ ’ਚ ਉਸ ਨੇ ਪਾਗ਼ਲ ਪ੍ਰੇਮੀ ਦਾ ਰੋਲ ਕੀਤਾ। ਇਸ ਫਿਲਮ ਚ ਉਸ ਨਾਲ ਰਵੀਨਾ ਟੰਡਨ ਸੀ। ਫਿਰ ਉਸ ਨੇ 1998 ’ਚ ਮਹੇਸ਼ ਭੱਟ ਨਾਲ ਕੰਮ ਕੀਤਾ। ਫਿਲਮ ‘ਜ਼ਖ਼ਮੀ’ ਵਿਚ ਵੀ ਉਸ ਨੇ ਰੋਲ ਕੀਤਾ। ਉਸ ਦੀ ਬਾਲੀਵੁੱਡ ’ਚ ਬਹੁਤ ਚਰਚਾ ਹੋਈ। ਉਸ ਨੂੰ ਬੈਸਟ ਐਕਟਰ ਦਾ ਕੌਮੀ ਪੁਰਸਕਾਰ ਮਿਲਿਆ । 2004 ’ਚ ਉਸ ਦੀ ਧਮਾਕੇਦਾਰ ਫਿਲਮਾ ‘ਗੰਗਾ ਜਲ’ ਆਈ, ਜਿਸ ਵਿਚ ਅਜੈ ਦੇਵਗਨ ਨੇ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ। ਇਹ ਫਿਲਮ ਵੇਖ ਕੇ ਤਾਂ ਪੁਲਿਸ ਵਿਭਾਗ ਵਾਲੇ ਵੀ ਸਿਰ ਉੱਚਾ ਚੁੱਕ ਕੇ ਚੱਲਣ ਲੱਗ ਪਏ ਸਨ ਕਿਉਂਕਿ ਇਸ ਫਿਲਮ ’ਚ ਉਸ ਨੇ ਬਹੁਤ ਹੀ ਇਮਾਨਦਾਰ, ਬਹਾਦਰ, ਦੇਸ਼ ਭਗਤ ਅਤੇ ਕੁਰਬਾਨੀ ਦਾ ਜਜ਼ਬਾ ਰੱਖਣ ਵਾਲੇ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ ਸੀ । ਇਸੇ ਤਰ੍ਹਾਂ ਉਸ ਨੇ ‘ਸਿੰਘਮ’ ਅਤੇ ਬਾਅਦ ’ਚ ‘ਸਿੰਘਮ ਰਿਟਰਨ’ ’ਚ ਅੱਤ ਭੂਮਿਕਾ ਨਿਭਾਈ, ਜਿਸ ਨੂੰ ਵੇਖ ਕੇ ਦਰਸ਼ਕ ਅਸ਼-ਅਸ਼ ਕਰ ਉੱਠੇ । ਬਾਖ਼ੂਬੀ ਨਿਭਾਇਆ ਹਰ ਤਰ੍ਹਾਂ ਦਾ ਕਿਰਦਾਰ

ਰਾਜ ਕੁਮਾਰ ਸੰਤੋਸ਼ੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ’ਤੇ ਬਣਾਈ ਫਿਲਮ ‘ਲੀਜੈਂਡ ਆਫ ਭਗਤ ਸਿੰਘ’ ਵਿਚ ਅਜੈ ਦੇਵਗਨ ਦੀ ਅਦਾਕਾਰੀ ਦੀ ਕਾਫ਼ੀ ਚਰਚਾ ਹੋਈ । ਉਸ ਨੂੰ ਬੈਸਟ ਐਕਟਰ ਵਜੋਂ ਦੂਜਾ ਐਵਾਰਡ ਮਿਲਿਆ।
ਉਸ ਨੇ ਰਾਮ ਗੋਪਾਲ ਵਰਮਾ ਵੱਲੋਂ ਮੰੁਬਈ ਅੰਡਰ ਵਰਲਡ ’ਤੇ ਆਧਾਰਿਤ ਫਿਲਮ ‘ਕੰਪਨੀ’ ’ਚ ਗੈਂਗਸਟਰ ਦੀ ਭੂਮਿਕਾ ਨਿਭਾਈ। ਉਸ ਨੂੰ ਬੈਸਟ ਐਕਟਰ ਵਜੋਂ ਫਿਲਮ ਫੇਅਰ ਕਿ੍ਰਟਿਕਸ ਐਵਾਰਡ ਮਿਲਿਆ। 2002 ’ਚ ਆਈ ਫਿਲਮ ‘ਦੀਵਾਨਗੀ’ ’ਚ ਉਸ ਨੇ ਨਾਂਹ-ਪੱਖੀ ਕਿਰਦਾਰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ, ਜਿਸ ਲਈ ਉਸ ਨੂੰ ਫਿਲਮ ਫੇਅਰ ਬੈਸਟ ਵਿਲੈਨ ਦਾ ਐਵਾਰਡ ਮਿਲਿਆ । ਇਸ ਤੋਂ ਇਲਾਵਾ ‘ਦਿਲਜਲੇ’, ‘ਸੁਹਾਗ’, ‘ਨਾਜਾਇਜ਼’, ‘ਔਰ ਇਸ਼ਕ ਹੋ ਗਿਆ’, ‘ਅਪਹਰਨ’, ‘ਉਂਕਾਰਾ’, ‘ਬੋਲ ਬਚਨ’ ‘ਰਾਜਨੀਤੀ’, ‘ਸਨ ਆਫ ਸਰਦਾਰ’, ‘ਪਲੈਟਫਾਰਮ’, ‘ਦਿਵਿਆ ਸ਼ਕਤੀ’, ‘ਸੰਗਰਾਮ’, ‘ਵਿਜੈ ਪੱਥ’, ‘ਜਿਗਰ’ ਉਸ ਦੀਆਂ ਪ੍ਰਮੁੱਖ ਫਿਲਮਾਂ ਹਨ। 1995 ’ਚ ਆਈ ਫਿਲਮ ‘ਗੁੰਡਾਰਾਜ’ ’ਚ ਉਸ ਦਾ ਰੋਲ ਕਾਫ਼ੀ ਕਾਬਿਲੇ ਤਾਰੀਫ਼ ਰਿਹਾ। ਸਾਰੀ ਦੀ ਸਾਰੀ ਫਿਲਮ ਉਸ ਦੇ ਦੁਆਲੇ ਹੀ ਘੁੰਮਦੀ ਹੈ। ‘ਹਿੰਮਤਵਾਲਾ’ ’ਚ ਵੀ ਉਸ ਨੇ ਬਹੁਤ ਵਧੀਆ ਰੋਲ ਕੀਤਾ ।
ਵੱਡੇ-ਵੱਡੇ ਅਦਾਕਾਰਾਂ ਤੇ ਹੀਰੋਇਨਾਂ ਨਾਲ ਕੀਤਾ ਕੰਮ
1999 ’ਚ ਆਈ ਫਿਲਮ ‘ਹਮ ਦਿਲ ਦੇ ਚੂਕੇ ਸਨਮ’ ’ਚ ਭਾਵੇਂ ਐਸ਼ਵਰਿਆ ਰਾਏ ਅਤੇ ਸਲਮਾਨ ਖ਼ਾਨ ਵੀ ਸਨ ਪਰ ਅਜੈ ਦੀ ਸਾਲਾਂ ਤਕ ਚਰਚਾ ਹੁੰਦੀ ਰਹੀ। ਇਸੇ ਤਰ੍ਹਾਂ ਆਮਿਰ ਖ਼ਾਨ, ਕਾਜੋਲ, ਜੂਹੀ ਚਾਵਲਾ ਨਾਲ ਉਸ ਦੀ ਫਿਲਮ ‘ਇਸ਼ਕ’ ਨੇ ਧੁੰਮਾਂ ਪਾ ਦਿੱਤੀਆਂ ਸਨ। ਫਿਲਮ ‘ਖ਼ਾਕੀ’ ’ਚ ਉਸ ਨੇ ਸੁਪਰਸਟਾਰ ਅਮਿਤਾਭ ਬੱਚਨ ਤੇ ਅਕਸ਼ੈ ਕੁਮਾਰ ਨਾਲ ਕੰਮ ਕੀਤਾ।
ਉਸ ਨੇ ਮਹਿਮਾ ਚੌਧਰੀ, ਤੱਬੂ, ਸ਼ਿਲਪਾ ਸ਼ੈਟੀ, ਰਵੀਨਾ ਟੰਡਨ, ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ, ਕਿ੍ਰਸ਼ਮਾ ਕਪੂਰ, ਕਾਜੋਲ, ਜੂਹੀ ਚਾਵਲਾ, ਐਸ਼ਵਰਿਆ ਰਾਏ, ਰਾਣੀ ਮੁਖਰਜੀ ਆਦਿ ਹੀਰੋਇਨਾਂ ਨਾਲ ਕੰਮ ਕੀਤਾ। ਉਸ ਨੇ ਅਕਸ਼ੈ ਕੁਮਾਰ, ਸੁਨੀਲ ਸ਼ੈਟੀ, ਜੈਕੀ ਸ਼ਰਾਫ਼, ਅਮਿਤਾਭ ਬੱਚਨ, ਸੈਫ਼ ਅਲੀ ਖ਼ਾਨ , ਸਲਮਾਨ ਖ਼ਾਨ, ਆਮਿਰ ਖ਼ਾਨ, ਕਾਦਰ ਖ਼ਾਨ, ਡੈਨੀ, ਅਮਰੀਸ਼ ਪੁਰੀ, ਰਜ਼ਾ ਮੁਰਾਦ, ਗੋਬਿੰਦਾ, ਸੰਜੈ ਦੱਤ, ਮੁਕੇਸ਼ ਰਿਸ਼ੀ, ਧਰਮਿੰਦਰ, ਬੌਬੀ ਦਿਓਲ, ਸੰਨੀ ਦਿਉਲ ਤੋਂ ਇਲਾਵਾ ਹੋਰ ਬਹੁਤ ਸਾਰੇ ਵੱਡੇ-ਵੱਡੇ ਅਦਾਕਾਰਾਂ ਨਾਲ ਕੰਮ ਕੀਤਾ ਹੈ। ਇਹ ਸੁਪਰ ਸਟਾਰ 2 ਅਪ੍ਰੈਲ ਨੂੰ 50 ਸਾਲ ਪੂਰੇ ਕਰ ਰਿਹਾ ਹੈ। ਇਸ ਸੁਪਰ ਸਟਾਰ ਨੇ ਹਾਲੇ ਹੋਰ ਬਹੁਤ ਸਾਰੀਆਂ ਪੁਲਾਂਘਾਂ ਪੁੱਟਣੀਆਂ ਹਨ।

Related posts

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਲਤਾ ਦੇ ਦੇਹਾਂਤ ਦੀ ਖਬਰ, ਪਰਿਵਾਰ ਦਾ ਸਾਹਮਣੇ ਆਇਆ ਇਹ ਬਿਆਨ

On Punjab

ਅੱਜ ਹੈ ਜੱਸੀ ਗਿੱਲ ਦਾ ਜਨਮ ਦਿਨ, ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ

On Punjab

ਮਸ਼ਹੂਰ ਮਾਡਲ ਸੋਫੀਆ ਦੀ ਮੌਤ, ਖਤਰਨਾਕ ਸੈਲਫੀ ਲੈਣ ਦੀ ਕੋਸ਼ਿਸ਼ ‘ਚ ਗਵਾਈ ਜਾਨ

On Punjab