ਰਾਜਪੁਰਾ- ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਜਾ ਰਹੀ ਕਰਮਭੂਮੀ ਐਕਸਪ੍ਰੈੱਸ ਰੇਲਗੱਡੀ ਨੂੰ ਸਰਾਂ ਬਣਜਾਰਾ ਸਟੇਸ਼ਨ ਨੇੜੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਅੰਬਾਲਾ ਡਵੀਜ਼ਨ ਰੇਲਵੇ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ ਕਿ ਗੱਡੀ ਵਿੱਚ ਸਵਾਰ ਸਾਰੇ 1500 ਮੁਸਾਫ਼ਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਜਾਂ ਸੱਟ-ਫ਼ੇਟ ਲੱਗਣ ਦੀ ਕੋਈ ਖ਼ਬਰ ਨਹੀਂ ਹੈ। ਘਟਨਾ ਮਗਰੋਂ ਰੇਲਵੇ ਨੇ ਫਸੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਸਰਾਂ ਬਣਜਾਰਾ ਸਟੇਸ਼ਨ ਤੋਂ ਨਿਊ ਜਲਪਾਈਗੁੜੀ ਵਾਸਤੇ ਦੋ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਹਨ।
ਰੇਲਵੇ ਅਧਿਕਾਰੀਆਂ ਅਨੁਸਾਰ ਹਾਦਸੇ ਕਾਰਨ ਪ੍ਰਭਾਵਿਤ ਹੋਏ ਰੇਲ ਸੈਕਸ਼ਨ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ, ਤਾਂ ਜੋ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਮੰਜ਼ਿਲਾਂ ਵੱਲ ਰਵਾਨਾ ਕੀਤਾ ਜਾ ਸਕੇ। ਰੇਲਵੇ ਪ੍ਰਸ਼ਾਸਨ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਦੋਵਾਂ ਓਵਰਹੈੱਡ ਇਲੈਕਟ੍ਰਿਕ (ਓ.ਐੱਚ.ਈ.) ਲਾਈਨਾਂ ਦੀ ਬਿਜਲੀ ਸਪਲਾਈ ਤੁਰੰਤ ਬੰਦ ਕਰਵਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਗਾਰਡ ਅਤੇ ਲੋਕੋ ਪਾਇਲਟ ਨੇ ਸੂਝ-ਬੂਝ ਦਿਖਾਉਂਦਿਆਂ ਅੱਗ ਦੀ ਲਪੇਟ ਵਿੱਚ ਆਏ ਡੱਬਿਆਂ ਨੂੰ ਬਾਕੀ ਰੇਲਗੱਡੀ ਨਾਲੋਂ ਵੱਖ ਕਰ ਦਿੱਤਾ, ਜਿਸ ਕਾਰਨ ਅੱਗ ਅੱਗੇ ਫੈਲਣ ਤੋਂ ਰੁਕ ਗਈ ਅਤੇ ਵੱਡਾ ਹਾਦਸਾ ਟਲ ਗਿਆ।
ਇਸ ਤੋਂ ਪਹਿਲਾਂ, ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜਾਂ ਲਈ ਮੌਕੇ ’ਤੇ ਐਂਬੂਲੈਂਸਾਂ, ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ। ਘਟਨਾ ਵਾਲੀ ਥਾਂ ’ਤੇ ਫਸੇ ਯਾਤਰੀਆਂ ਨੂੰ ਸਥਾਨਕ ਟਰਾਂਸਪੋਰਟ ਦੇ ਸਾਧਨਾਂ ਰਾਹੀਂ ਨੇੜਲੇ ਸਰਾਂ ਬਣਜਾਰਾ ਰੇਲਵੇ ਸਟੇਸ਼ਨ ਤੱਕ ਪਹੁੰਚਾਇਆ ਗਿਆ। ਸਟੇਸ਼ਨ ’ਤੇ ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਮੁਸਾਫ਼ਰਾਂ ਲਈ ਖਾਣ-ਪੀਣ, ਪੀਣ ਵਾਲੇ ਪਾਣੀ, ਚਾਹ ਅਤੇ ਬਿਸਕੁਟਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਅੰਬਾਲਾ ਡਵੀਜ਼ਨ ਰੇਲਵੇ ਪ੍ਰਸ਼ਾਸਨ ਨੇ ਕਿਹਾ ਕਿ ਅਜਿਹੀ ਸੰਕਟਕਾਲੀਨ ਸਥਿਤੀ ਦੌਰਾਨ ਰੇਲਵੇ ਦੀ ਸਭ ਤੋਂ ਪਹਿਲੀ ਤਰਜੀਹ ਯਾਤਰੀਆਂ ਦੀ ਜਾਨ ਦੀ ਰਾਖੀ ਕਰਨਾ, ਉਨ੍ਹਾਂ ਨੂੰ ਸਮੇਂ ਸਿਰ ਮੁੱਢਲੀ ਰਾਹਤ ਮੁਹੱਈਆ ਕਰਵਾਉਣਾ ਅਤੇ ਮੰਜ਼ਿਲ ਤੱਕ ਉਨ੍ਹਾਂ ਦੀ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣਾ ਸੀ, ਜਿਸ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹ ਲਿਆ ਗਿਆ ਹੈ।

