64.63 F
New York, US
June 1, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੌਕੇ ਦਾ ਫ਼ੈਸਲਾ: ਕੌਂਸਲਰ ਸਾਹਬ ਤਾਂ ਕਿਸਮਤ ਦੇ ਧਨੀ ਨਿਕਲੇ..!

ਚੰਡੀਗੜ੍ਹ- ਪੰਜਾਬ ’ਚ ਕਈ ਉਮੀਦਵਾਰ ਅਜਿਹੇ ਵੀ ਹਨ ਜਿਨ੍ਹਾਂ ਦੀ ਕੌਂਸਲਰੀ ‘ਕਿਸਮਤ ਪੁੜੀ’ ਵਿਚੋਂ ਨਿਕਲੀ ਹੈ। ਜਦੋਂ ਦੋ-ਦੋ ਉਮੀਦਵਾਰਾਂ ਨੂੰ ਇੱਕੋ ਜਿੰਨੀਆਂ ਵੋਟਾਂ ਹਾਸਲ ਹੋਈਆਂ ਤਾਂ ਹਾਰ ਜਿੱਤ ਦਾ ਫ਼ੈਸਲਾ ਪਰਚੀ ਪਾ ਕੇ ਕੀਤਾ ਗਿਆ। ਨਗਰ ਕੌਂਸਲ ਬੋਹਾ ਦੇ ਵਾਰਡ ਨੰਬਰ 10 ’ਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਗੁਰਮੀਤ ਸਿੰਘ ‘ਪਰਚੀ’ ਨਾਲ ਜਿੱਤਣ ’ਚ ਸਫਲ ਹੋਇਆ ਹੈ। ਉਸ ਦੇ ਮੁਕਾਬਲੇ ’ਚ ਆਜ਼ਾਦ ਉਮੀਦਵਾਰ ਪਰਦੀਪ ਕੁਮਾਰ ਬਿੱਟਾ ਸੀ। ਦੋਵੇਂ ਉਮੀਦਵਾਰਾਂ ਨੂੰ 256-256 ਵੋਟਾਂ ਹਾਸਲ ਹੋਈਆਂ।

ਉਮੀਦਵਾਰਾਂ ਦੀ ਸਹਿਮਤੀ ਨਾਲ ਚੋਣ ਪ੍ਰਸ਼ਾਸਨ ਨੇ ‘ਪਰਚੀ ’ ਪਾ ਕੇ ਹਾਰ ਜਿੱਤ ਦਾ ਫ਼ੈਸਲਾ ਕਰ ਦਿੱਤਾ। ਵੋਟਰਾਂ ਨੇ ਤਾਂ ਦੋਵੇਂ ਉਮੀਦਵਾਰਾਂ ਦਾ ਇੱਕੋ ਜਿੰਨਾ ਮਾਣ ਰੱਖਿਆ ਪਰ ਪਰਦੀਪ ਕੁਮਾਰ ਬਿੱਟਾ ਦੀ ਕਿਸਮਤ ਹਾਰ ਗਈ। ਰਾਜਪੁਰਾ ਦੇ ਵਾਰਡ ਨੰਬਰ 7 ’ਚੋਂ ਭਾਜਪਾ ਦੀ ਨੀਲਮ ਮਹਿਤਾ ਵੀ ਕਿਸਮਤ ਦੀ ਧਨੀ ਨਿਕਲੀ, ਜਿਸ ਨੂੰ ਪਰਚੀ ਸਿਸਟਮ ਨੇ ਜਿਤਾ ਦਿੱਤਾ। ਉਸ ਦੀ ਵਿਰੋਧੀ ‘ਆਪ’ ਉਮੀਦਵਾਰ ਚਾਰੂ ਚੌਧਰੀ ਸੀ।

ਦੋਵੇਂ ਉਮੀਦਵਾਰਾਂ ਨੂੰ 953-953 ਵੋਟਾਂ ਮਿਲੀਆਂ। ਸਹਿਮਤੀ ਨਾਲ ਪਰਚੀ ਕੱਢੀ ਗਈ ਤੇ ਕਿਸਮਤ ਨੀਲਮ ਮਹਿਤਾ ਦਾ ਸਾਥ ਦੇ ਗਈ। ਜਾਣਕਾਰੀ ਅਨੁਸਾਰ ਇਨ੍ਹਾਂ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ ਤਿੰਨ-ਤਿੰਨ ਵਾਰ ਕੀਤੀ ਗਈ ਪਰ ਵੋਟਾਂ ਬਰਾਬਰ ਰਹਿ ਗਈਆਂ। ਇਸ ਤੋਂ ਇਲਾਵਾ ਨਗਰ ਕੌਂਸਲ ਫ਼ਿਰੋਜ਼ਪੁਰ ’ਚ ਵਾਰਡ ਨੰਬਰ 15 ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਇੱਕ ਵੋਟ ਦੇ ਫ਼ਰਕ ਨਾਲ ਜਿੱਤਿਆ ਹੈ। ਇਹ ਉਮੀਦਵਾਰ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਮਗਰੋਂ ਹੀ ਜਿੱਤਣ ’ਚ ਕਾਮਯਾਬ ਹੋਇਆ।

ਜੋਗਾ ਪੰਚਾਇਤ ’ਚ ਕਮਿਊਨਿਸਟ ਸਮਰਥਕ ਸੁਖਜਿੰਦਰ ਕੌਰ ਦੀ ਕਿਸਮਤ ਜਾਗੀ- ਨਗਰ ਪੰਚਾਇਤ ਜੋਗਾ ਦੇ ਵਾਰਡ ਨੰਬਰ ਇੱਕ ’ਚੋਂ ਆਜ਼ਾਦ ਉਮੀਦਵਾਰ ਸੁਖਜਿੰਦਰ ਕੌਰ ਵੀ ‘ਪਰਚੀ ਸਿਸਟਮ’ ਨਾਲ ਹੀ ਚੋਣ ਜਿੱਤ ਗਈ। ਇਸ ਵਾਰਡ ’ਚ ਦੋਵੇਂ ਉਮੀਦਵਾਰਾਂ ਨੂੰ 141-141 ਵੋਟਾਂ ਮਿਲੀਆਂ। ਸੁਖਜਿੰਦਰ ਕੌਰ ਨੇ ‘ਬਾਲਟੀ’ ਚੋਣ ਨਿਸ਼ਾਨ ’ਤੇ ਚੋਣ ਲੜੀ ਪਰ ਉਹ ਕਮਿਊਨਿਸਟਾਂ ਵੱਲੋਂ ਉਮੀਦਵਾਰ ਸੀ। ਭਾਵੇਂ ਕਮਿਊਨਿਸਟ ਵਿਚਾਰਧਾਰਕ ਤੌਰ ’ਤੇ ਕਿਸਮਤ ਵਿੱਚ ਵਿਸ਼ਵਾਸ ਨਹੀਂ ਰੱਖਦੇ, ਪਰ ਪਰਚੀ ਨਿਕਲਣ ਨਾਲ ਸੁਖਜਿੰਦਰ ਕੌਰ ਦੀ ਕਿਸਮਤ ਚਮਕ ਗਈ ਅਤੇ ਉਹ ਕੌਂਸਲਰ ਬਣ ਗਈ। ਚੇਤੇ ਰਹੇ ਕਿ ਨਗਰ ਪੰਚਾਇਤ ਜੋਗਾ ’ਚ ਐਤਕੀਂ ਕਮਿਊਨਿਸਟ ਚੋਣ ਹਾਰ ਗਏ ਹਨ, ਜਦਕਿ ਉਨ੍ਹਾਂ ਦੇ ਵਿਰੋਧ ’ਚ ਬਣਿਆ ਸਾਂਝਾ ਮੋਰਚਾ ਬਾਜ਼ੀ ਮਾਰ ਗਿਆ ਹੈ।

Related posts

ਜਸਟਿਸ ਵਿਨੋਦ ਚੰਦਰਨ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ

On Punjab

ਬੀ ਸੀ ਸੀ ਆਈ ਨੇ ਜੇਤੂ ਟਰਾਫੀ ਨਾ ਸੌਂਪਣ ਬਾਰੇ ਏਸ਼ਿਆਈ ਕ੍ਰਿਕਟ ਪਰਿਸ਼ਦ ਦੀ ਮੀਟਿੰਗ ’ਚ ਇਤਰਾਜ਼ ਜਤਾਇਆ

On Punjab

ਮੁਅੱਤਲ ਡੀਆਈਜੀ ਭੁੱਲਰ ਦੀ ਜ਼ਮਾਨਤ ਅਰਜ਼ੀ ’ਤੇ ਸੀਬੀਆਈ ਨੂੰ ਨੋਟਿਸ ਜਾਰੀ

On Punjab