53.44 F
New York, US
October 17, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਧਰਨੇ ਮਗਰੋਂ ਕਤਲ ਕੇਸ ਦੀ ਧਾਰਾ ’ਚ ਵਾਧਾ

ਨਾਭਾ-  ਮਝੈਲ ਕਲੋਨੀ ਦੇ ਵਸਨੀਕ ਗੁਰਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋਣ ਮਗਰੋਂ ਇਨਸਾਫ਼ ਲਈ ਸੜਕਾਂ ’ਤੇ ਉੱਤਰੇ ਪਰਿਵਾਰ ਦੇ ਰੋਹ ਅੱਗੇ ਪੁਲੀਸ ਨੂੰ ਝੁਕਣਾ ਪਿਆ। ਵਾਰਸਾਂ ਵੱਲੋਂ ਬੌੜਾਂ ਗੇਟ ਚੌਕ ਵਿੱਚ ਧਰਨਾ ਲਾ ਕੇ ਆਵਾਜਾਈ ਠੱਪ ਕਰਨ ਮਗਰੋਂ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਧਾਰਾ ਜੋੜ ਦਿੱਤੀ ਹੈ। ਰੋਹ ਵਿੱਚ ਆਏ ਪਰਿਵਾਰ ਨੇ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਕਤਲ ਦਾ ਕੇਸ ਦਰਜ ਨਹੀਂ ਹੁੰਦਾ, ਉਹ ਪੋਸਟਮਾਰਟਮ ਤੇ ਸਸਕਾਰ ਨਹੀਂ ਕਰਨਗੇ।

ਦਰਅਸਲ ਚਾਰ ਅਕਤੂਬਰ ਨੂੰ ਮਝੈਲ ਕਲੋਨੀ ਵਿੱਚ ਗੁਰਵਿੰਦਰ ਦਾ ਗੁਆਂਢ ਰਹਿੰਦੇ ਪਰਵਾਸੀ ਪਰਿਵਾਰ ਨਾਲ ਝਗੜਾ ਹੋਇਆ ਸੀ। ਪੁਲੀਸ ਨੇ ਉਦੋਂ ਦੋਵਾਂ ਧਿਰਾਂ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕੀਤਾ ਸੀ। ਜ਼ਖ਼ਮੀ ਗੁਰਵਿੰਦਰ ਦਾ ਇਲਾਜ ਚੱਲ ਰਿਹਾ ਸੀ, ਪਰ 13 ਅਕਤੂਬਰ ਨੂੰ ਉਸ ਨੇ ਦਮ ਤੋੜ ਦਿੱਤਾ। ਇਸ ਮਗਰੋਂ ਪੁਲੀਸ ਨੇ ਰਮੇਸ਼, ਸੁਰੇਸ਼, ਲਕਸ਼ਮੀ ਅਤੇ ਮਹੇਸ਼ ਸਣੇ ਹੋਰਾਂ ਉੱਤੇ ਗੈਰ-ਇਰਾਦਤਨ ਕਤਲ ਦੀ ਧਾਰਾ ਲਾ ਦਿੱਤੀ ਸੀ, ਪਰ ਪਰਿਵਾਰ ਇਸ ਕਾਰਵਾਈ ਤੋਂ ਨਾਖੁਸ਼ ਸੀ ਅਤੇ ਮੁਕੰਮਲ ਇਨਸਾਫ਼ ਲਈ ਅੜਿਆ ਹੋਇਆ ਸੀ।

ਚੱਕਾ ਜਾਮ ਦੀ ਸੂਚਨਾ ਮਿਲਦਿਆਂ ਹੀ ਪਟਿਆਲਾ ਤੋਂ ਡੀ ਐੱਸ ਪੀ ਪੁਨੀਤ ਸਿੰਘ ਚਾਹਲ ਮੌਕੇ ਉੱਤੇ ਪੁੱਜੇ ਅਤੇ ਭਖੇ ਹੋਏ ਮਾਹੌਲ ਨੂੰ ਸ਼ਾਂਤ ਕੀਤਾ। ਇਸੇ ਦੌਰਾਨ ਥਾਣਾ ਕੋਤਵਾਲੀ ਦੇ ਐੱਸ ਐੱਚ ਓ ਗੁਰਪਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਪਰਿਵਾਰ ਦੀ ਮੰਗ ਮੁਤਾਬਕ ਕੇਸ ਵਿੱਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ ਅਤੇ ਨਾਮਜ਼ਦ ਕੀਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Related posts

ਡੀਜ਼ਲ ਵਾਲੀ ਟੈਂਕੀ ਫਟਣ ਕਾਰਨ ਟਰੱਕ ਨੂੰ ਅੱਗ ਲੱਗੀ

On Punjab

IPL 2026: ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ ਹਰਾਇਆ

On Punjab

ਐਮਐਸਪੀ ਕਮੇਟੀ ਨੇ ਹੁਣ ਤੱਕ 45 ਮੀਟਿੰਗਾਂ ਕੀਤੀਆਂ: ਖੇਤੀ ਮੰਤਰੀ ਸ਼ਿਵਰਾਜ ਚੌਹਾਨ

On Punjab