PreetNama
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰਨ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ, ਜਲਦ 10 ਕੌਮਾਂਤਰੀ ਤੇ 11 ਕੌਮੀ ਉਡਾਨਾਂ ਹੋਣਗੀਆਂ ਸ਼ੁਰੂ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰਨ ਵਾਲੇ ਅੰਤਰਰਾਸ਼ਟਰੀ ਤੇ ਘਰੇਲੂ ਯਾਤਰੀਆਂ ਲਈ ਚੰਗੀ ਖ਼ਬਰ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੇਸ਼ ਤੇ ਵਿਦੇਸ਼ ਦੀਆਂ ਕੁਲ 11 ਏਅਰਲਾਈਨ ਦੁਆਰਾ ਰੋਜ਼ਾਨਾ ਲਗਪਗ 64 ਉਡਾਨਾਂ ਦੀ ਰਵਾਨਗੀ ਤੇ ਆਗਮਨ ਹੋਵੇਗਾ। ਹਵਾਬਾਜ਼ੀ ਖੇਤਰ ’ਚ ਗਰਮੀਆਂ ਦਾ ਸੀਜ਼ਨ ਮਾਰਚ ਦੇ ਅਖ਼ੀਰਲੇ ਹਫ਼ਤੇ ਤੋਂ ਸ਼ੁਰੂ ਹੋ ਕੇ ਅਕਤੂਬਰ ਦੇ ਅੰਤ ਤਕ ਹੁੰਦਾ ਹੈ।

ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈੱਸ ਨੇ 25 ਮਾਰਚ ਤੋਂ ਅੰਮ੍ਰਿਤਸਰ ਤੇ ਸ਼ਾਰਜਾਹ ਵਿਚਕਾਰ ਹਫ਼ਤੇ ’ਚ 3 ਉਡਾਨਾਂ ਦੀ ਗਿਣਤੀ ਨੂੰ ਵਧਾ ਕੇ 5 ਕਰ ਦਿੱਤਾ ਹੈ। ਇੰਡੀਗੋ ਵੱਲੋਂ ਵੀ ਰੋਜ਼ਾਨਾ ਉਡਾਨ ਦਾ ਸ਼ੰਚਾਲਨ ਜਾਰੀ ਰਹਿਣ ਨਾਲ ਹੁਣ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਹਫ਼ਤੇ ’ਚ 12 ਉਡਾਨਾਂ ਦਾ ਸੰਚਾਲਨ ਹੋਵੇਗਾ। ਜਦੋਂ ਕਿ ਏਅਰ ਇੰਡੀਆ ਐਕਸਪ੍ਰੈੱਸ ਤੇ ਸਪਾਈਸਜੈੱਟ ਦੋਵੇਂ ਦੁਬਈ ਲਈ 14 ਹਫ਼ਤਾਵਾਰੀ (ਰੋਜ਼ਾਨਾ 2) ਉਡਾਨਾਂ ਹੋਣਗੀਆਂ। ਇਨ੍ਹਾਂ ਉਡਾਨਾਂ ਦੇ ਵਾਧੇ ਨਾਲ ਯੂਏਈ ਦੇ ਦੁਬਈ ਤੇ ਸ਼ਾਰਜਾਹ ਹਵਾਈ ਅੱਡਿਆਂ ਲਈ ਅੰਮ੍ਰਿਤਸਰ ਤੋਂ ਹਫ਼ਤੇ ਵਿਚ ਸਭ ਤੋਂ ਵੱਧ 26 ਉਡਾਨਾਂ ਦਾ ਸੰਚਾਲਨ ਹੋਵੇਗਾ।

ਗੁਮਟਾਲਾ ਦਾ ਕਹਿਣਾ ਹੈ ਕਿ ਦੁਬਈ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਏਅਰਲਾਈਨ ਐਮੀਰੇਟਸ ਨੇ ਹਾਲ ਹੀ ਵਿਚ ਅਤੇ ਬੀਤੇ ਸਾਲ 2022 ਵਿਚ ਵੀ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਦੋਵਾਂ ਦੇਸ਼ਾਂ ਦੇ ਦੁਵੱਲੇ ਹਵਾਈ ਸੇਵਾ ਸਮਝੌਤਿਆਂ ਵਿਚ ਸ਼ਾਮਲ ਕਰਨ ਲਈ ਬੇਨਤੀ ਕੀਤੀ ਸੀ ਤਾਂ ਜੋ ਏਅਰਲਾਈਨ ਅੰਮ੍ਰਿਤਸਰ ਲਈ ਸਿੱਧੀਆਂ ਉਡਾਨਾਂ ਸ਼ੁਰੂ ਕਰ ਸਕੇ। ਇਸ ਸਮੇਂ ਹਵਾਈ ਸਮਝੋਤਿਆਂ ਅਨੁਸਾਰ ਸਿਰਫ਼ ਭਾਰਤ ਦੀਆਂ ਏਅਰਲਾਈਨਾਂ ਹੀ ਅੰਮ੍ਰਿਤਸਰ ਤੋਂ ਯੂਏਈ ਦੇ ਹਵਾਈ ਅੱਡਿਆਂ ਲਈ ਉਡਾਨਾਂ ਦਾ ਸੰਚਾਲਨ ਕਰ ਸਕਦੀਆਂ ਹਨ। ਭਾਰਤ ਨੇ ਇਸ ਮੰਗ ਨੂੰ ਪਹਿਲਾਂ ਵੀ ਕਈ ਵਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਕਾਰਨ ਭਾਰਤ ਵੱਲੋਂ ਅੰਮ੍ਰਿਤਸਰ ਜਾਂ ਹੋਰ ਦੂਜੇ ਟੀਅਰ-2 ਹਵਾਈ ਅੱਡਿਆਂ ਤੋਂ ਭਵਿੱਖ ਵਿਚ ਸਿਰਫ਼ ਭਾਰਤੀ ਏਅਰਲਾਈਨਾਂ ਨੂੰ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕਰਨ ਨੂੰ ਤਰਜੀਹ ਦੇਣਾ ਦੱਸਿਆ ਗਿਆ ਹੈ।

ਉੱਤਰੀ ਅਮਰੀਕਾ ਨਾਲ ਵਧ ਰਹੇੇ ਸੰਪਰਕ ਬਾਰੇ ਜਾਣਕਾਰੀ ਦਿੰਦੀਆਂ ਗੁਮਟਾਲਾ ਨੇ ਖ਼ੁਸ਼ੀ ਪ੍ਰਗਟਾਈ ਕਿ ਕੈਨੇਡਾ ਦੇ ਪਰਵਾਸੀ ਪੰਜਾਬੀਆਂ ਦੀ ਦਿੱਲੀ ਦੀ ਬਜਾਏ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੇ ਹਵਾਈ ਸੰਪਰਕ ਦੀ ਮੰਗ ਹੁਣ 6 ਅਪੈ੍ਰਲ ਤੋਂ ਪੂਰੀ ਹੋਣ ਜਾ ਰਹੀ ਹੈ। ਇਟਲੀ ਦੀ ਨਿਓਸ ਏਅਰ ਦੁਆਰਾ 6 ਅਪ੍ਰੈਲ ਤੋਂ ਇਟਲੀ ਦੇ ਮਿਲਾਨ ਮਾਲਪੇਨਸਾ ਹਵਾਈ ਅੱਡੇ ਰਾਹੀਂ ਅੰਮ੍ਰਿਤਸਰ ਅਤੇ ਟੋਰਾਂਟੋ ਵਿਚਕਾਰ ਹਫ਼ਤੇ ’ਚ ਇਕ ਉਡਾਨ ਨਾਲ ਇਸ ਰੂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮਿਲਾਨ ਰਾਹੀਂ ਅਮਰੀਕਾ ਦੇ ਨਿਊਯਾਰਕ ਲਈ ਵੀ ਅੰਮ੍ਰਿਤਸਰ ਨੂੰ ਸੁਵਿਧਾਜਨਕ ਸੰਪਰਕ ਦਿੱਤਾ ਜਾਵੇਗਾ। ਏਅਰਲਾਈਨ ਵੱਲੋਂ ਪੰਜਾਬੀ ਭਾਈਚਾਰੇ ਦੇ ਚੰਗੇ ਹੁੰਗਾਰੇ ’ਤੇ ਨਿਰਭਰ ਕਰਦਿਆਂ ਇਹਨਾਂ ਦੀ ਗਿਣਤੀ ਨੂੰ ਵਧਾਇਆ ਵੀ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਨੀਸ਼ੀਏਟਿਵ ਵੱਲੋਂ ਏਅਰਲਾਈਨ ਨੂੰ ਵੈਨਕੂਵਰ ਲਈ ਵੀ ਸੰਪਰਕ ਜੋੜਣ ਦੀ ਬੇਨਤੀ ਕੀਤੀ ਗਈ ਹੈ। ਸਾਨੂੰ ਯਕੀਨ ਹੈ ਕਿ ਏਅਰਲਾਈਨ ਵੱਲੋਂ ਇਸ ਸਬੰਧੀ ਜ਼ਰੂਰ ਵਿਚਾਰ ਕੀਤਾ ਜਾਵੇਗਾ।

ਇਨ੍ਹਾਂ ਨਵੀਆਂ ਉਡਾਨਾਂ ਦੇ ਨਾਲ ਅੰਮ੍ਰਿਤਸਰ ਤੋਂ ਹੁਣ ਭਾਰਤ ਦੀਆਂ 7 ਪ੍ਰਮੁੱਖ ਏਅਰਲਾਈਨਾਂ ਵੱਲੋਂ ਦਿੱਲੀ ਸਣੇ ਮੁੰਬਈ, ਸ਼੍ਰੀਨਗਰ, ਜੈਪੁਰ, ਪਟਨਾ, ਲਖਨਊ, ਅਹਿਮਦਾਬਾਦ, ਕੋਲਕਾਤਾ, ਬੈਂਗਲੁਰੂ, ਪੁਣੇ ਲਈ ਹਫ਼ਤੇ ਵਿਚ ਲਗਪਗ 324 ਉਡਾਨਾਂ ਦੀ ਰਵਾਨਗੀ ਤੇ ਆਮਦ ਹੋਵੇਗੀ।

Related posts

ਵੈਂਟੀਲੇਟਰ ‘ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸੈਨਾ ਦੇ ਹਸਪਤਾਲ ‘ਚ ਹੋਈ ਸਰਜ਼ਰੀ

On Punjab

Karwa Chauth 2024: ਸੋਨਮ ਨੇ ਮਹਿੰਦੀ ‘ਚ ਲਿਖਿਆ ਪਤੀ ਤੇ ਬੇਟੇ ਦਾ ਨਾਂ, ਪਰਿਣੀਤੀ ਚੋਪੜਾ ਦੇ ਸਹੁਰਿਆਂ ‘ਚ ਵੀ ਤਿਆਰੀਆਂ ਸ਼ੁਰੂ ਹਰ ਸਾਲ, ਬਾਲੀਵੁੱਡ ਅਦਾਕਾਰਾਂ ਆਪਣੇ ਕਰਵਾ ਚੌਥ ਦੀਆਂ ਪਹਿਰਾਵੇ ਦੀਆਂ ਤਸਵੀਰਾਂ ਸ਼ੇਅਰ ਕਰਦੀਆਂ ਹਨ। ਇਸ ਸਾਲ ਵੀ ਇਹ ਅਦਾਕਾਰਾਂ ਆਪਣੇ ਪਤੀਆਂ ਲਈ ਕਰਵਾ ਚੌਥ ਦਾ ਵਰਤ ਰੱਖਣਗੀਆਂ। ਕਈਆਂ ਲਈ ਇਹ ਉਨ੍ਹਾਂ ਦਾ ਪਹਿਲਾ ਕਰਵਾ ਚੌਥ ਹੋਵੇਗਾ, ਜਦੋਂ ਕਿ ਕਈਆਂ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਇਸ ਤਿਉਹਾਰ ਨੂੰ ਪੂਰੀ ਸ਼ਰਧਾ ਨਾਲ ਮਨਾਉਂਦੇ ਨਜ਼ਰ ਆਉਣਗੇ।

On Punjab

ਮੇਰਠ ਵਿੱਚ ਪੰਜ ਕਤਲਾਂ ਦਾ ਮੁੱਖ ਮਸ਼ਕੂਕ ਪੁਲੀਸ ਮੁਕਾਬਲੇ ’ਚ ਹਲਾਕ

On Punjab