PreetNama
ਸਮਾਜ/Social

ਆਦਮਪੁਰ ਸ਼ਹਿਰ ਦੇ ਹਰ ਘਰ ‘ਚੋਂ ਇਕ ਵਿਅਕਤੀ ਵਿਦੇਸ਼ ‘ਚ ਹੈ। ਪਰਿਵਾਰਕ ਮੈਂਬਰ ਡਾਲਰ ਕਮਾਉਣ ‘ਚ ਰੁੱਝੇ ਹੋਏ ਹਨ ਤੇ ਇੱਥੇ ਬੱਚੇ ਨਸ਼ਿਆਂ ਦੀ ਦਲਦਲ ‘ਚ ਫਸਦੇ ਜਾ ਰਹੇ ਹਨ। ਆਦਮਪੁਰ ਨੇੜਲੇ ਪਿੰਡ ਦਾ ਰਹਿਣ ਵਾਲਾ 32 ਸਾਲਾ ਨੌਜਵਾਨ 13 ਸਾਲ ਤਕ ਨਸ਼ਿਆਂ ਦੀ ਦਲਦਲ ‘ਚ ਫਸਿਆ ਰਿਹਾ।

ਹਰਮਨ ਸਿੰਘ (ਬਦਲਿਆ ਹੋਇਆ ਨਾਂ) ਦੇ ਮਾਤਾ-ਪਿਤਾ ਵਿਦੇਸ਼ ‘ਚ ਹਨ। ਇਕਲੌਤਾ ਪੁੱਤਰ ਹਰਮਨ ਇੱਥੇ ਆਪਣੀ ਨਾਨੀ ਤੇ ਮਾਸੀ ਕੋਲ ਰਹਿੰਦਾ ਹੈ। ਜਦੋਂ ਹਰਮਨ ਖ਼ੁਦ ਆਪਣੀ ਹੱਡਬੀਤੀ ਸੁਣਾਉਂਦਾ ਹੈ, ਤਾਂ ਉਸ ਦੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਬੀਐਸਸੀ ਆਈਟੀ ਤੇ ਫੁੱਟਬਾਲ ਦਾ ਖਿਡਾਰੀ ਰਿਹਾ ਹਰਮਨ ਯੂਨੀਵਰਸਿਟੀ ਤੋਂ ਕਈ ਮੈਡਲ ਜਿੱਤ ਚੁੱਕਾ ਹੈ।

ਪੜ੍ਹਾਈ ਤੋਂ ਬਾਅਦ ਉਸਨੇ ਇਕ ਨਿੱਜੀ ਸੁਰੱਖਿਆ ਏਜੰਸੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਰਮਨ ਦੱਸਦਾ ਹੈ ਕਿ ਉਸਦੀ ਪ੍ਰੇਮਿਕਾ ਨੇ ਉਸਨੂੰ ਪਿਆਰ ‘ਚ ਧੋਖਾ ਦਿੱਤਾ ਤੇ ਉਹ ਆਪਣਾ ਦੁੱਖ ਭੁਲਾਉਣ ਲਈ ਨਸ਼ੇ ਦਾ ਸਹਾਰਾ ਲੈ ਬੈਠਾ। ਹੌਲੀ ਹੌਲੀ ਨਸ਼ੇ ਦੀ ਡੋਜ਼ ਵਧਦੀ ਗਈ। ਮਾਸੜ ਨੇ ਲੋਹੇ ਦੀਆਂ ਜ਼ੰਜੀਰਾਂ ਨਾਲ ਦੋਵੇਂ ਹੱਥ ਬੰਨ੍ਹ ਕੇ ਇਕ ਮਹੀਨੇ ਤਕ ਕਮਰੇ ‘ਚ ਬੰਦ ਰੱਖਿਆ। ਤਿੰਨ ਸੜਕ ਹਾਦਸੇ ਹੋਏ। ਕਈ ਦਿਨਾਂ ਤਕ ਹਸਪਤਾਲ ‘ਚ ਦਾਖ਼ਲ ਰਿਹਾ।

ਦੋ-ਤਿੰਨ ਵਾਰ ਪੁਲਿਸ ਨੇ ਉਸ ਨੂੰ ਫੜਿਆ ਤੇ ਜੇਲ੍ਹ ਜਾਣਾ ਪਿਆ। ਅਦਾਲਤ ‘ਚ ਕੇਸ ਚੱਲ ਰਹੇ ਹਨ। ਉਹ ਬੁੱਢੀ ਨਾਨੀ ਦੇ ਹੰਝੂਆਂ ਨਾਲ ਪਿਘਲ ਗਿਆ ਤੇ ਨਸ਼ਾ ਛੱਡਣ ਦਾ ਮਨ ਬਣਾ ਲਿਆ। ਇਲਾਜ ਲਈ ਆਉਂਦੇ ਸਮੇਂ ਸੜਕ ਹਾਦਸੇ ‘ਚ ਉਹ ਗੰਭੀਰ ਜ਼ਖਮੀ ਹੋ ਗਿਆ। ਉਹ ਦੱਸਦਾ ਹੈ ਕਿ ਨਸ਼ਾ ਛੁਡਾਊ ਕੇਂਦਰ ‘ਚ ਪੰਜ ਮਹੀਨੇ ਇਲਾਜ ਚੱਲਿਆ ਤੇ ਹੁਣ ਉਹ ਉੱਥੇ ਹੀ ਨੌਕਰੀ ਕਰ ਰਿਹਾ ਹੈ ਤੇ ਹੁਣ ਆਪਣੇ ਮਾਪਿਆਂ ਕੋਲ ਵਿਦੇਸ਼ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਪੁਲਿਸ ਸਖ਼ਤ ਰਵੱਈਆ ਅਖ਼ਤਿਆਰ ਕਰੇ

ਜਲੰਧਰ ਵੈਲਫੇਅਰ ਸੁਸਾਇਟੀ ਦੇ ਮੁਖੀ ਸੁਰਿੰਦਰ ਸੈਣੀ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਅਧਿਕਾਰੀ ਸਖ਼ਤ ਰਵੱਈਆ ਅਪਣਾਉਣ ਤਾਂ ਨੌਜਵਾਨਾਂ ਨੂੰ ਇਸ ਤੋਂ ਛੁਟਕਾਰਾ ਦਿਵਾਉਣਾ ਸੰਭਵ ਹੈ। ਦੂਜੇ ਪਾਸੇ ਸਿਆਸੀ ਪਾਰਟੀਆਂ ਵੱਲੋਂ ਨਸ਼ਾ ਮੁਕਤੀ ਦੇ ਵਾਅਦੇ ਚੋਣਾਂ ਤਕ ਹੀ ਰਹਿ ਗਏ ਹਨ।

ਸਰਕਾਰੀ ਨਸ਼ਾ ਛੁਡਾਊ ਕੇਂਦਰ… ਸਹੂਲਤਾਂ ਘੱਟ, ਮੁਸੀਬਤਾਂ ਜ਼ਿਆਦਾ

ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ‘ਚ ਸਹੂਲਤਾਂ ਘੱਟ ਤੇ ਪਰੇਸ਼ਾਨੀ ਜ਼ਿਆਦਾ ਹੈ। ਇਸ ਕਾਰਨ ਇੱਥੇ ਇਲਾਜ ਲਈ ਆਉਣ ਵਾਲੇ ਲੋਕ ਨਸ਼ਾ ਛੱਡਣ ‘ਚ ਕਾਮਯਾਬ ਨਹੀਂ ਹੋ ਪਾ ਰਹੇ ਹਨ। ਇਸ ਦੇ ਲਈ ਸਿੱਧੇ ਤੌਰ ‘ਤੇ ਪੁਲਿਸ, ਰਾਜਨੀਤੀ ਤੇ ਪ੍ਰਸ਼ਾਸਨ ਜ਼ਿੰਮੇਵਾਰ ਹਨ, ਜੋ ਵਾਅਦੇ ਤਾਂ ਬਹੁਤ ਕਰਦੇ ਹਨ ਪਰ ਪੂਰੇ ਨਹੀਂ ਕਰਦੇ |

135 ਮਸ਼ਹੂਰ ਲੋਕ ਛੱਡ ਚੁੱਕੇ ਹਨ ਨਸ਼ਾ

ਬਾਲਸਟਰ ਨਸ਼ਾ ਛੁਡਾਊ ਕੇਂਦਰ ਦੇ ਐਮਡੀ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਡੇਢ ਦਹਾਕੇ ਤੋਂ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਹਨ। ਇਸ ਦੌਰਾਨ ਹਜ਼ਾਰਾਂ ਲੋਕਾਂ ਨੂੰ ਨਸ਼ਾ ਛੁਡਾਉਣ’ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਗਰੀਬ ਤੋਂ ਗਰੀਬ ਤੇ ਅਮੀਰਾਂ ਵਿੱਚੋਂ ਸਭ ਤੋਂ ਅਮੀਰ ਸ਼ਾਮਲ ਹਨ। ਨਸ਼ਾ ਛੱਡਣ ਵਾਲੇ ਕਈ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿਵਾਇਆ ਹੈ। ਨਸ਼ਾ ਛੱਡਣ ਲਈ ਇਲਾਜ ਕਰਵਾਉਣ ਵਾਲਿਆਂ ‘ਚ ਡਾਕਟਰ, ਇੰਜੀਨੀਅਰ, ਪੁਲਿਸ ਮੁਲਾਜ਼ਮ ਤੇ ਸਿਆਸੀ ਪਾਰਟੀਆਂ ਨਾਲ ਜੁੜੇ 135 ਦੇ ਕਰੀਬ ਉੱਘੇ ਲੋਕ ਵੀ ਸ਼ਾਮਲ ਹਨ। ਹੁਣ ਉਹ ਸ਼ਾਂਤੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।

Related posts

Babri Mosque Case: ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਨਾਲ ਸਬੰਧਤ ਸਾਰੇ ਮਾਮਲਿਆਂ ਨੂੰ ਬੰਦ ਕਰਨ ਦਾ ਕੀਤਾ ਐਲਾਨ

On Punjab

ਹਿਮਾਚਲ ਪ੍ਰਦੇਸ਼: ਮੌਨਸੂਨ ਸੀਜ਼ਨ ਦੌਰਾਨ ਹੁਣ ਤੱਕ 495.82 ਕਰੋੜ ਦਾ ਨੁਕਸਾਨ, 69 ਮੌਤਾਂ ਦਰਜ

On Punjab

ਚੰਨੀ ਨੇ ਪਹਿਲਾਂ ਮੰਗੇ ਸਰਜੀਕਲ ਸਟ੍ਰਾਈਕ ਦੇ ਸਬੂਤ, ਫਿਰ ਕਿਹਾ ਪਾਕਿਸਤਾਨ ਵਿਰੁੱਧ ਕਾਰਵਾਈ ਵਿਚ ਭਾਜਪਾ ਦੇ ਨਾਲ

On Punjab