70.3 F
New York, US
October 14, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗੁਰਦੁਆਰਾ ਨਾਨਕਸਰ ਦੇ ਦਹਾਕਿਆਂ ਬਾਅਦ ਹੋਣਗੇ ਦਰਸ਼ਨ-ਏ-ਦੀਦਾਰ

ਸਿਆਲਕੋਟ: ਗੁਰਦੁਆਰਾ ਨਾਨਕਸਰ ਦੇ ਦਹਾਕਿਆਂ ਬਾਅਦ ਸੰਗਤ ਨੂੰ ਦਰਸ਼ਨ-ਏ-ਦੀਦਾਰ ਹੋਣਗੇ। ਹਾਲੇ ਇਸ ਦੀ ਖਸਤਾਹਾਲ ਹੋ ਚੁੱਕੀ ਇਮਾਰਤ ਦੀ ਮੁਰੰਮਦ ਹੋਣੀ ਹੈ। ਉਸ ਤੋਂ ਬਾਅਦ ਇਸ ਨੂੰ ਸੰਗਤ ਦੇ ਦਰਸ਼ਨਾਂ ਲਈ ਖੋਲ੍ਹ ਦਿਤਾ ਜਾਵੇਗਾ। ਇਹੀ ਨਹੀਂ ਪਾਕਿਸਤਾਨ ਵਿਚ ਸਿੱਖ ਵਿਰਾਸਤ ਨੂੰ ਸੰਭਾਲਣ ਅਤੇ ਧਾਰਮਕ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਅਗਲੇ ਤਿੰਨ ਸਾਲਾਂ ਵਿਚ ਲਗਭਗ 40 ਤੋਂ 50 ਹੋਰ ਗੁਰਦੁਆਰਿਆਂ ਦੀ ਵੀ ਮੁਰੰਮਤ ਕਰਨ ਦੀ ਯੋਜਨਾ ਬਣਾਈ ਗਈ ਹੈ। ਮੁਰੰਮਤ ਦੇ ਪਹਿਲੇ ਪੜਾਅ ਵਿਚ 17-18 ਗੁਰਦੁਆਰਿਆਂ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜੋ ਮਈ ਤਕ ਮੁਕੰਮਲ ਹੋਣ ਦੀ ਉਮੀਦ ਹੈ। ਇਸੇ ਤਹਿਤ ਸਿਆਲਕੋਟ ਵਿਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ, ਜੋ ਵੰਡ ਤੋਂ ਬਾਅਦ ਬੰਦ ਪਿਆ ਸੀ, ਹੁਣ ਇਸ ਦੀ ਮੁਰੰਮਤ ਕਰ ਕੇ ਮੁੜ ਖੋਲਿ੍ਹਆ ਜਾਵੇਗਾ।

ਗੁਰਦੁਆਰਾ ਪਹਿਲੀ ਪਾਤਸ਼ਾਹੀ ਨਾਨਕਸਰ ਸਿਆਲਕੋਟ ਦੇ ਡਸਕਾ ਜ਼ਿਲ੍ਹੇ ਦੇ ਪਿੰਡ ਫ਼ਤਿਹ ਭਿੰਡਰ ਵਿਚ ਸਥਿਤ ਹੈ।  ਇਹ ਗੁਰਦੁਆਰਾ ਲਗਭਗ 80 ਸਾਲਾਂ ਤੋਂ ਬੰਦ ਰਹਿਣ ਕਾਰਨ ਕਾਫ਼ੀ ਖ਼ਸਤਾ ਹਾਲ ਹੋ ਚੁੱਕਾ ਹੈ ਅਤੇ ਇਮਾਰਤ ਵਿਚ ਤਰੇੜਾਂ ਆ ਗਈਆਂ ਹਨ। ਜਿਸ ਦੀ ਮੁਰੰਮਤ ਲਈ ਹੁਣ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਦੀ ਯਾਤਰਾ ਕੀਤੀ ਸੀ। ਇਥੇ ਅੱਜ ਵੀ ਗੁਰਮੁਖੀ ਵਿਚ ਲਿਖੀ ਇਕ ਸੰਗਮਰਮਰ ਦੀ ਤਖ਼ਤੀ ਮੌਜੂਦ ਹੈ, ਜੋ ਗੁਰੂ ਸਾਹਿਬ ਦੀ ਫੇਰੀ ਬਾਰੇ ਜਾਣਕਾਰੀ ਦਿੰਦੀ ਹੈ। ਇਸ ਤੋਂ ਪਹਿਲਾਂ ਨਿਰਾਸ਼ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਸੀ, ਜਿਸ ਮੁਤਾਬਕ ਘੱਟ ਗਿਣਤੀਆਂ ਦੇ ਕਈ ਧਾਰਮਕ ਸਥਾਨਾਂ ਦੀ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ ਅਤੇ ਕਈਆਂ ਸੰਪਤੀਆਂ ਉਤੇ ਸਥਾਨਕ ਲੋਕਾਂ ਵਲੋਂ ਜ਼ਬਰਦਸਤੀ ਕਬਜ਼ਾ ਵੀ ਕੀਤਾ ਗਿਆ ਹੈ।

ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ, ਸਭਿਆਚਾਰਕ ਕਮੇਟੀ ਦੀ ਚੇਅਰਪਰਸਨ ਸਈਦਾ ਨੋਸ਼ੀਨ ਇਫ਼ਤਿਖਾਰ ਅਤੇ ਈਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਕਮਰ-ਉਜ਼-ਜ਼ਮਾਨ ਨੇ ਮਾਹਰਾਂ ਨਾਲ ਮਿਲ ਕੇ ਇਸ ਅਸਥਾਨ ਦਾ ਦੌਰਾ ਕੀਤਾ। ਰਮੇਸ਼ ਸਿੰਘ ਅਰੋੜਾ ਨੇ ਦਸਿਆ ਕਿ ਗੁਰੂ ਨਾਨਕ ਦੇਵ ਜੀ ਸਿਆਲਕੋਟ ਦੇ ‘ਬਾਬੇ ਦੀ ਬੇਰੀ’ ਤੋਂ ਪਰਤਦੇ ਹੋਏ ਇੱਥੇ ਰੁਕੇ ਸਨ। ਉਨ੍ਹਾਂ ਦਸਿਆ ਕਿ ਲਗਭਗ 80 ਸਾਲਾਂ ਤੋਂ ਬੰਦ ਰਹਿਣ ਕਾਰਨ ਇਸ ਗੁਰਦੁਆਰੇ ਦੀ ਹਾਲਤ ਕਾਫ਼ੀ ਖਸਤਾ ਹਾਲ ਹੋ ਚੁਕੀ ਸੀ। ਉਨ੍ਹਾਂ ਦਸਿਆ ਕਿ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਮੁਤਾਬਕ ਸਿੱਖ ਵਿਰਾਸਤ ਨੂੰ ਸੰਭਾਲਣ ਅਤੇ ਧਾਰਮਕ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਇਹ ਕੰਮ ਕੀਤਾ ਜਾ ਰਿਹਾ ਹੈ।

ਅਬੋਟਾਬਾਦ ਵਿਚ ਗੁਰਦੁਆਰਾ ਵੇਚਿਆ- ਇਕ ਤਾਜ਼ਾ ਰੀਪੋਰਟ ਅਨੁਸਾਰ ਪਾਕਿਸਤਾਨ ਦੇ ਅਬੋਟਾਬਾਦ (ਖੈਬਰ ਪਖ਼ਤੂਨਖ਼ਵਾ) ਵਿਚ ਇਕ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਪਾਕਿਸਤਾਨੀ ਇਕ ਕਰੋੜ ਰੁਪਏ ਵਿਚ ਵੇਚ ਦਿਤਾ ਗਿਆ। ਇਹ ਕਾਰਵਾਈ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਵਲੋਂ ਕੀਤੀ ਗਈ, ਜੋ ਘੱਟ ਗਿਣਤੀਆਂ ਦੇ ਧਾਰਮਕ ਸਥਾਨਾਂ ਦੀ ਦੇਖਭਾਲ ਲਈ ਬਣਾਇਆ ਗਿਆ ਸੀ। ਪਾਕਿ ਸਿੱਖ ਆਗੂਆਂ ਨੇ ਇਸ ਉਤੇ ਡੂੰਘਾ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ, ‘‘ਵਿਭਾਗ ਨੇ ਗੁਰਦੁਆਰੇ ਦੇ ਅੰਦਰ ਤੇ ਬਾਹਰ ਦੀਆਂ ਦੁਕਾਨਾਂ ਤੋਂ ਲੱਖਾਂ ਰੁਪਏ ਕਮਾਏ, ਪਰ ਮੁਰੰਮਤ ਜਾਂ ਸੰਭਾਲ ਉਤੇ ਕੋਈ ਖ਼ਰਚ ਨਹੀਂ ਕੀਤਾ।’’ ਰੀਪੋਰਟ ਵਿਚ ਦਸਿਆ ਗਿਆ ਹੈ ਕਿ ਗੁਰਦੁਆਰੇ ਦੀ ਇਮਾਰਤ ਨੂੰ ਤੋੜ ਕੇ ਉਸ ਦੀ ਥਾਂ ਉਤੇ ਕਪੜਿਆਂ ਦੀ ਦੁਕਾਨ ਬਣਾਉਣ ਦੀ ਇਜਾਜ਼ਤ ਦਿਤੀ ਗਈ।

Related posts

ਸ੍ਰੀਨਗਰ ’ਚ ਪਾਰਾ ਮਨਫ਼ੀ ਛੇ ਡਿਗਰੀ ਤੱਕ ਡਿੱਗਿਆ

On Punjab

ਕੋਰੋਨਾ ਨਾਲ ਅਮਰੀਕਾ ਦੇ ਬੁਰੇ ਹਾਲਾਤਾਂ ਲਈ ਟਰੰਪ ‘ਤੇ ਭੜਕੇ ਬਰਾਕ ਓਬਾਮਾ

On Punjab

ਅਮਰੀਕਾ : ਕੋਲੋਰਾਡੋ ਦੀ ਸੁਪਰ ਮਾਰਕੀਟ ‘ਚ ਫਾਇਰਿੰਗ, ਪੁਲਿਸ ਅਧਿਕਾਰੀ ਸਮੇਤ 10 ਲੋਕਾਂ ਦੀ ਮੌਤ

On Punjab