ਅਹਿਮਦਾਬਾਦ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਵਿੱਚ ਹੋਏ ਸੰਗੀਤ ਸਮਾਰੋਹ ਦੌਰਾਨ 4.3 ਲੱਖ ਰੁਪਏ ਮੁੱਲ ਦੇ 11 ਮੋਬਾਈਲ ਫੋਨ ਚੋਰੀ ਕਰਨ ਦੇ ਦੋਸ਼ ਹੇਠ ਦਿੱਲੀ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਨੌਜਵਾਨ 24 ਹਜ਼ਾਰ ਰੁਪਏ ਦੀਆਂ ਟਿਕਟਾਂ ਖਰੀਦ ਕੇ ਸਮਾਰੋਹ ਵਿੱਚ ਸ਼ਾਮਲ ਹੋਣ ਆਏ ਸਨ ਅਤੇ ਉੱਥੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਹਾਲਾਂਕਿ, ਉਹ ਫ਼ਰਾਰ ਹੋਣ ਵਿੱਚ ਸਫ਼ਲ ਨਹੀਂ ਹੋ ਸਕੇ। ਇਹ ਸੰਗੀਤ ਸਮਾਰੋਹ 21 ਨਵੰਬਰ ਨੂੰ ਅਹਿਮਦਾਬਾਦ ਦੇ ਮੋਟੇਰਾ ਇਲਾਕੇ ਵਿੱਚ ਸਥਿਤ ਨਰਿੰਦਰ ਮੋਦੀ ਸਟੇਡੀਅਮ ਵਿੱਚ ਕਰਵਾਇਆ ਗਿਆ ਸੀ। ਪੁਲੀਸ ਅਨੁਸਾਰ ਗੁਪਤ ਸੂਚਨਾ ਮਿਲਣ ਮਗਰੋਂ ਸਥਾਨਕ ਅਪਰਾਧ ਸ਼ਾਖਾ ਦੀ ਟੀਮ ਨੇ ਸਟੇਡੀਅਮ ਦੇ ਇਕ ਗੇਟ ਨੇੜੇ ਨਿਗਰਾਨੀ ਰੱਖੀ ਅਤੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ।
ਚਾਰ ਜਣਿਆਂ ਨੇ 6 ਹਜ਼ਾਰ ਰੁਪਏ ਹਰੇਕ ਦੀ ਖਰੀਦੀ ਸੀ ਟਿਕਟ- ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਮੁਹੰਮਦ ਅਸਦ ਮੁਹੰਮਦ ਗੁਲਜ਼ਾਰ (36) ਅਤੇ ਅਸ਼ਰਫ ਹੁਸੈਨ ਨੂਰ ਹੁਸੈਨ ਇਦਰੀਸੀ (24) ਵਜੋਂ ਕੀਤੀ ਹੈ। ਮੋਟੇਰਾ ਥਾਣੇ ਦੇ ਇੰਸਪੈਕਟਰ ਆਰ. ਵੀ. ਵਿੰਛੀ ਨੇ ਦੱਸਿਆ ਕਿ ਦੋਵੇਂ ਜਣੇ ਟੈਕਸੀ ਰਾਹੀਂ ਦਿੱਲੀ ਤੋਂ ਅਹਿਮਦਾਬਾਦ ਪੁੱਜੇ ਸਨ। ਉਨ੍ਹਾਂ ਨੇ 6,000 ਰੁਪਏ ਪ੍ਰਤੀ ਟਿਕਟ ਦੇ ਹਿਸਾਬ ਨਾਲ ਸਮਾਰੋਹ ਦੀਆਂ ਚਾਰ ਟਿਕਟਾਂ ਖਰੀਦੀਆਂ ਸਨ। ਉਨ੍ਹਾਂ ਦੇ ਦੋ ਹੋਰ ਕਥਿਤ ਸਾਥੀ ਵੀ ਇਸ ਵਾਰਦਾਤ ਵਿੱਚ ਸ਼ਾਮਲ ਸਨ, ਜੋ ਉਸੇ ਟੈਕਸੀ ਰਾਹੀਂ ਦਿੱਲੀ ਵਾਪਸ ਚਲੇ ਗਏ। ਫ਼ਿਲਹਾਲ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।
ਮਹਿੰਗੇ ਮੋਬਾਈਲ ਫੋਨ ਬਰਾਮਦ- ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤੇ 11 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ ਸੈਮਸੰਗ ਗਲੈਕਸੀ ਜ਼ੈੱਡ ਫੋਲਡ 8 ਅਲਟਰਾ, ਆਈਫੋਨ 17 ਪ੍ਰੋ ਮੈਕਸ ਅਤੇ ਆਈਫੋਨ 16 ਵਰਗੇ ਮਹਿੰਗੇ ਮਾਡਲ ਸ਼ਾਮਲ ਹਨ। ਪੁਲੀਸ ਅਨੁਸਾਰ ਹੁਣ ਤੱਕ ਮੋਬਾਈਲ ਫੋਨ ਚੋਰੀ ਹੋਣ ਸਬੰਧੀ 10 ਸ਼ਿਕਾਇਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਸ਼ੁੱਕਰਵਾਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

