ਅੰਮ੍ਰਿਤਸਰ- ਬਾਰਡਰ ਸਿਕਿਉਰਿਟੀ ਫੋਰਸ ਨੇ ਪੰਜਾਬ ਪੁਲੀਸ ਦੇ ਨਾਲ ਮਿਲ ਕੇ ਪਿਛਲੇ 24 ਘੰਟਿਆਂ ਦੌਰਾਨ ਮਹੱਤਵਪੂਰਨ ਬਰਾਮਦਗੀਆਂ ਕੀਤੀਆਂ ਹਨ।ਚਾਰ ਵੱਖ-ਵੱਖ ਕਾਰਵਾਈਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਵੱਖ-ਵੱਖ ਥਾਵਾਂ ਤੋਂ 14.47 ਕਿਲੋ ਹੈਰੋਇਨ ਅਤੇ 5.15 ਕਿਲੋ ਆਈਸ (ICE) ਸਮੇਤ 19 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਵਿੱਚ ਇੱਕ ਐੱਮ.ਪੀ. 5 ਸਬ ਮਸ਼ੀਨ ਗਨ ਅਤੇ ਪੰਜ ਪਿਸਤੌਲ ਵੀ ਬਰਾਮਦ ਕੀਤੇ ਗਏ। ਘਰਿੰਡਾ ਪੁਲੀਸ ਨੇ ਕਾਹਨਗੜ੍ਹ ਬਾਰਡਰ ਆਊਟਪੋਸਟ ਨੇੜੇ 5.13 ਕਿਲੋ ਹੈਰੋਇਨ ਵਾਲਾ ਇੱਕ ਪੈਕਟ ਬੀ.ਐੱਸ.ਐੱਫ. ਵੱਲੋਂ ਬਰਾਮਦ ਕੀਤੇ ਜਾਣ ਤੋਂ ਬਾਅਦ ਰਾਣੀਕੇ ਪਿੰਡ ਦੇ ਵਸਨੀਕ ਜੋਬਨ ਸਿੰਘ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ। ਫ਼ਰਾਰ ਚੱਲ ਰਹੇ ਮੁਲਜ਼ਮ ਨੂੰ ਕਾਬੂ ਕਰਨ ਲਈ ਯਤਨ ਜਾਰੀ ਸਨ।
ਇਸ ਤੋਂ ਇਲਾਵਾ ਇੱਕ ਵੱਖਰੀ ਕਾਰਵਾਈ ਵਿੱਚ ਘਰਿੰਡਾ ਪੁਲੀਸ ਵੱਲੋਂ 5 ਕਿਲੋ ਦੀ ਇੱਕ ਹੋਰ ਖੇਪ ਜ਼ਬਤ ਕੀਤੀ ਗਈ। ਇੱਕ ਵੱਖਰੀ ਘਟਨਾ ਵਿੱਚ ਬੀ.ਐੱਸ.ਐੱਫ. ਨੇ ਲੋਪੋਕੇ ਖੇਤਰ ਵਿੱਚ ਉੱਤਰ ਢੈਰਵਾਲ ਬਾਰਡਰ ਆਊਟਪੋਸਟ ਨੇੜੇ 5.34 ਕਿਲੋ ਸ਼ੱਕੀ ਨਸ਼ੀਲਾ ਪਦਾਰਥ ਬਰਾਮਦ ਕੀਤਾ। ਜਾਂਚ ਕਰਨ ’ਤੇ, ਪੈਕਟ ਵਿੱਚੋਂ 5.018 ਕਿਲੋ ਹੈਰੋਇਨ ਨਿਕਲੀ। ਪੁਲੀਸ ਨੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਵੱਖ-ਵੱਖ ਮਾਮਲੇ ਦਰਜ ਕੀਤੇ। ਬਰਾਮਦ ਕੀਤੇ ਗਏ ਪਦਾਰਥਾਂ ਦੀ ਪਛਾਣ ਕਰਨ ਲਈ ਡਰੱਗ ਡਿਟੈਕਸ਼ਨ ਕਿੱਟਾਂ ਦੀ ਵਰਤੋਂ ਕੀਤੀ ਗਈ।

