PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਰਦਿਲ ਅਜ਼ੀਜ਼ ਅਦਾਕਾਰ ਧਰਮਿੰਦਰ

ਮੁੰਬਈ- ਧਰਮ ਸਿੰਘ ਦਿਓਲ ਉਰਫ਼ ਧਰਮਿੰਦਰ ਇੱਕ ਅਦਾਕਾਰ, ਨਿਰਮਾਤਾ, ਸਿਆਸਤਦਾਨ ਤੇ ਇੱਕ ਚੰਗਾ ਕਾਰੋਬਾਰੀ ਵੀ ਸੀ। ਉਹ ਆਪਣੇ ਸਮੇਂ ਦੇ ਸਫਲ ਸਿਤਾਰਿਆਂ ਵਿੱਚੋਂ ਇੱਕ ਸੀ। ਦੁਨੀਆ ਦੇ ਸਭ ਤੋਂ ਖੂਬਸੂਰਤ ਇਨਸਾਨ ਦਾ ਖਿਤਾਬ ਵੀ ਧਰਮਿੰਦਰ ਦੇ ਨਾਂ ਸੀ। ਇੱਕ ਸਾਲ ਵਿੱਚ ਸਭ ਤੋਂ ਵੱਧ ਹਿੱਟ ਫਿਲਮਾਂ ਦੇਣ ਦਾ ਰਿਕਾਰਡ ਵੀ ਉਸ ਦੇ ਨਾਂ ਹੈ।

ਗੁਰਦਾਸ ਮਾਨ ਦੇ ਇੱਕ ਗੀਤ ਦੀਆਂ ਦੋ ਸਤਰਾਂ ‘ਜੱਟ ਤਾਂ ਸੁਹਾਗੇ ਉੱਤੇ ਮਾਣ ਨਈਂ, ਲੰਘ ਜੇ ਤਾਂ ਹਾਥੀ ਭਾਵੇਂ, ਨਈਂ ਤਾਂ ਪੂਛ ਦੇਂਦਾ ਜਾਣ ਨਈਂ’ ਅਨੁਸਾਰ ਪੰਜਾਬੀ ਜੱਟ ਤਾਂ ਸੁਹਾਗੇ ਉੱਤੇ ਚੜ੍ਹਿਆ ਮਾਣ ਨਈਂ ਹੁੰਦਾ ਤੇ ਜੇ ਕਿਧਰੇ ਉਹ ਬਣ ਜਾਵੇ ਫਿਲਮੀ ਹੀਰੋ ਤੇ ਉਹ ਵੀ ਉੱਚਕੋਟੀ ਦਾ ਤਾਂ ਫਿਰ ਕਹਿਣੇ ਹੀ ਕੀ। ਇਹ ਸਤਰਾਂ ਧਰਮਿੰਦਰ ’ਤੇ ਬਾਖੂਬੀ ਢੁੱਕਦੀਆਂ ਹਨ। ਧਰਮਿੰਦਰ ਨੇ ਫਿਲਮ ਨਗਰੀ ਵਿੱਚ ਆਪਣੇ ਨਾਂ ਦਾ ਲੋਹਾ ਮਨਵਾਇਆ ਹੈ। ਉਂਝ ਤਾਂ ਫਿਲਮ ਨਗਰੀ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਹੈ, ਪਰ ਜੋ ਸ਼ੁਹਰਤ ਤੇ ਇੱਜ਼ਤ ਧਰਮਿੰਦਰ ਦੇ ਹਿੱਸੇ ਆਈ ਹੈ, ਉਹ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਕਲਾਕਾਰ ਦੇ ਹਿੱਸੇ ਆਈ ਹੋਵੇ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਧਰਮਿੰਦਰ ਨੇ ਵੀ ਕਾਫ਼ੀ ਸੰਘਰਸ਼ ਕੀਤਾ ਸੀ।

ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਪਿਤਾ ਕੇਵਲ ਕਿਸ਼ਨ ਸਿੰਘ ਦਿਓਲ ਤੇ ਮਾਤਾ ਸਤਵੰਤ ਕੌਰ ਦਿਓਲ ਦੇ ਘਰ ਪਿੰਡ ਨਸਰਾਲੀ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਪਿਤਾ ਲਲਤੋਂ ਕਲਾਂ ਸਕੂਲ ਵਿੱਚ ਹੈੱਡ ਮਾਸਟਰ ਸਨ। ਫਿਰ ਉਸ ਦੇ ਪਿਤਾ ਦੀ ਬਦਲੀ ਸਾਹਨੇਵਾਲ ਹੋ ਗਈ ਤੇ ਪੂਰਾ ਪਰਿਵਾਰ ਸਾਹਨੇਵਾਲ ਆ ਗਿਆ ਤੇ ਇਸ ਪਿੰਡ ਦਾ ਨਾਂ ਉਸ ਦੇ ਨਾਂ ਨਾਲ ਜੁੜ ਗਿਆ। ਜਦੋਂ ਸਾਹਨੇਵਾਲ ਆਏ ਤਾਂ ਉਸ ਸਮੇਂ ਧਰਮਿੰਦਰ ਦੀ ਉਮਰ ਦੋ ਸਾਲ ਦੀ ਸੀ। ਉਸ ਦਾ ਬਚਪਨ ਦਾ ਨਾਂ ਧਰਮ ਸਿੰਘ ਦਿਓਲ ਸੀ। ਤਿੰਨ ਭੈਣਾਂ ਤੇ ਤਿੰਨ ਭਰਾ ਸਨ। ਵੱਡਾ ਸੰਤੋਸ਼ ਸੀ ਤੇ ਦੂਜਾ ਧਰਮਿੰਦਰ ਸੀ, ਅਜੀਤ ਸਿੰਘ ਦਿਓਲ ਛੋਟਾ ਸੀ। ਵੱਡੇ ਭਰਾ ਸੰਤੋਸ਼ ਦੀ ਬੇਵਕਤੀ ਮੌਤ ਹੋ ਗਈ ਸੀ। ਇੱਕ ਵੱਡੀ ਭੈਣ ਟਾਈਫਾਈਡ ਕਾਰਨ ਚੱਲ ਵੱਸੀ।

ਸੰਨ 1954 ਵਿੱਚ 19 ਸਾਲ ਦੀ ਉਮਰ ਵਿੱਚ ਉਸ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ, ਜਿਸ ਤੋਂ ਚਾਰ ਬੱਚੇ ਦੋ ਲੜਕੇ ਸੰਨੀ ਦਿਓਲ (ਅਜੇ ਸਿੰਘ ਦਿਓਲ), ਬੌਬੀ ਦਿਓਲ (ਵਿਜੇ ਸਿੰਘ ਦਿਓਲ), ਦੋ ਲੜਕੀਆਂ ਅਜੇਤਾ ਕੌਰ ਦਿਓਲ ਤੇ ਵਿਜੇਤਾ ਕੌਰ ਦਿਓਲ ਹੋਈਆਂ। ਦੂਜਾ ਵਿਆਹ 1980 ਵਿੱਚ ਹੇਮਾ ਮਾਲਿਨੀ ਨਾਲ ਹੋਇਆ। ਇਸ ਤੋਂ ਉਨ੍ਹਾਂ ਦੀਆਂ ਦੋ ਲੜਕੀਆਂ ਈਸ਼ਾ ਦਿਓਲ ਤੇ ਆਹਨਾ ਦਿਓਲ ਹੋਈਆਂ।

ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਕਾਲਜ ਪੜ੍ਹਦੇ ਸਮੇਂ ਹੀ ਧਰਮਿੰਦਰ ਨੇ ਇੱਕ ਵਿਦੇਸ਼ੀ ਕੰਪਨੀ ਵਿੱਚ ਟਿਊਬਵੈੱਲ ਓਪਰੇਟਰ ਦੀ ਨੌਕਰੀ ਕੀਤੀ। ਉਸ ਨੂੰ ਫਿਲਮਾਂ ਦੇਖਣ ਦਾ ਬੜਾ ਸ਼ੌਕ ਸੀ। ਉਹ ਆਪਣੀ ਮਾਂ ਤੋਂ ਪੈਸੇ ਲੈ ਕੇ ਜਲੰਧਰ ਜੋਤੀ ਸਿਨੇਮਾ ਵਿੱਚ ਅਕਸਰ ਫਿਲਮਾਂ ਵੇਖਣ ਜਾਇਆ ਕਰਦਾ ਸੀ। ਜ਼ਿਆਦਾਤਰ ਉਹ ਦਿਲੀਪ ਕੁਮਾਰ ਦੀਆਂ ਫਿਲਮਾਂ ਹੀ ਦੇਖਦਾ ਸੀ ਤੇ ਉਸ ਵਾਂਗ ਹੀ ਬਣਨਾ ਚਾਹੁੰਦਾ ਸੀ।

ਇੰਨੀਂ ਦਿਨੀਂ ਹੀ ਹੀਰੋ ਬਣਨ ਦੇ ਚਾਹਵਾਨਾਂ ਲਈ ਇੱਕ ਇਸ਼ਤਿਹਾਰ ਛਪਿਆ। ਇਹ ਇਸ਼ਤਿਹਾਰ ਬਿਮਲ ਰਾਏ ਤੇ ਗੁਰੂ ਦੱਤ ਨੇ ਫਿਲਮਫੇਅਰ ਮੈਗਜ਼ੀਨ ਵਿੱਚ ਦਿੱਤਾ ਸੀ। ਸੋ ਧਰਮਿੰਦਰ ਨੇ ਇਸ ਫਾਰਮ ਵਿੱਚ ਆਪਣਾ ਬਿਓਰਾ ਭਰ ਕੇ ਤੇ ਨਾਲ ਫਗਵਾੜੇ ਦੇ ਫੋਟੋਗ੍ਰਾਫਰ ਜਾਨ ਮੁਹੰਮਦ ਤੋਂ ਫੋਟੋਆਂ ਖਿੱਚਵਾਂ ਕੇ ਦੋਰਾਹੇ ਦੇ ਡਾਕਖਾਨੇ ਤੋਂ ਬੰਬਈ ਵੱਲ ਭੇਜ ਦਿੱਤੀਆਂ। ਬੁਲਾਵਾ ਆਉਣ ’ਤੇ ਫਰੰਟੀਅਰ ਮੇਲ ਰਾਹੀਂ ਮੁੰਬਈ ਪਹੁੰਚੇ ਧਰਮਿੰਦਰ ਨੂੰ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਦੇ ਦਫ਼ਤਰਾਂ ਦੇ ਚੱਕਰ ਵੀ ਲਾਉਣੇ ਪਏ। ਸਾਹਨੇਵਾਲ ਤੋਂ ਮੁਬੰਈ ਤੱਕ ਦਾ ਰਸਤਾ ਕਾਫ਼ੀ ਸੰਘਰਸ਼ਪੂਰਨ ਰਿਹਾ। ਫਾਕੇ ਵੀ ਕੱਟਣੇ ਪਏ। ਇਸ ਸੰਘਰਸ਼ ਦੇ ਦਿਨਾਂ ਵਿੱਚ ਉਸ ਦੇ ਭਰਾ ਅਜੀਤ ਸਿੰਘ ਦਿਓਲ ਨੇ ਉਸ ਦੀ ਪੈਸੇ ਪੱਖੋਂ ਬੜੀ ਮਦਦ ਕੀਤੀ। ਪਹਿਲੇ ਵਿਆਹ ਤੋਂ ਬਾਅਦ ਮੁੰਬਈ ਪਹੁੰਚ ਕੇ ਫਿਲਮਫੇਅਰ ਪ੍ਰਤੀਯੋਗਤਾ ਵਿੱਚ ਫਾਰਮ ਭਰ ਕੇ ਹਿੱਸਾ ਲਿਆ ਤਾਂ ਪਹਿਲੀ ਫਿਲਮ ਮਿਲੀ ਅਰਜੁਨ ਹਿੰਗੋਰਾਨੀ ਦੀ ‘ਦਿਲ ਭੀ ਤੇਰਾ ਹਮ ਭੀ ਤੇਰੇ’ ਜੋ 1960 ਵਿੱਚ ਪ੍ਰਦਰਸ਼ਿਤ ਹੋਈ। ਧਰਮਿੰਦਰ ਨੇ ਇਸ ਫਿਲਮ ਵਿੱਚ ਰਸਤੇ ਵਿੱਚ ਸਿਗਰਟ ਵੇਚਣ ਵਾਲੇ ਅਸ਼ੋਕ ਨਾਂ ਦੇ ਲੜਕੇ ਦਾ ਕਿਰਦਾਰ ਨਿਭਾਇਆ ਸੀ ਜੋ ਬਾਅਦ ਵਿੱਚ ਬਾਕਸਰ ਬਣ ਜਾਂਦਾ ਹੈ। ਇਹ ਫਿਲਮ ਬੁਰੀ ਤਰ੍ਹਾਂ ਪਿੱਟ ਗਈ, ਪਰ ਅੱਗੇ ਜਾ ਕੇ ਹੌਲੀ-ਹੌਲੀ ਧਰਮਿੰਦਰ ਲਈ ਰਸਤਾ ਖੁੱਲ੍ਹ ਗਿਆ ਤੇ ਉਸ ਨੂੰ ਫਿਲਮਾਂ ਮਿਲਣ ਲੱਗੀਆਂ।

ਉਸ ਨੇ ਆਪਣੇ 60 ਸਾਲਾਂ ਦੇ ਫਿਲਮੀ ਸਫ਼ਰ ਵਿੱਚ 300 ਤੋਂ ਵੀ ਜ਼ਿਆਦਾ ਫਿਲਮਾਂ ਵਿੱਚ ਕੰਮ ਕੀਤਾ ਤੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ। ਉਸ ਦੀਆਂ ਸਫਲ ਫਿਲਮਾਂ ਵਿੱਚ ਸ਼ਾਮਲ ਹਨ ‘ਸ਼ੋਅਲੇ’, ‘ਚੁਪਕੇ ਚੁਪਕੇ’, ‘ਸਤਿਅਮ’, ‘ਹਕੀਕਤ’, ‘ਅਨੁਪਮਾ’, ‘ਸੀਤਾ ਔਰ ਗੀਤਾ’, ‘ਪ੍ਰਤਿੱਗਿਆ’, ‘ਫੂਲ ਔਰ ਪੱਥਰ’, ‘ਬੰਦਿਨੀ’, ‘ਧਰਮਵੀਰ’, ‘ਦਿ ਬਰਨਿੰਗ ਟਰੇਨ’, ‘ਮੇਰਾ ਗਾਓਂ ਮੇਰਾ ਦੇਸ’, ‘ਜੀਵਨ ਮ੍ਰਿਤਯੂ’, ‘ਨਯਾ ਜ਼ਮਾਨਾ’, ‘ਜੁਗਨੂੰ’, ‘ਜੌਹਨੀ ਗੱਦਾਰ’, ‘ਗੁਲਾਮੀ’, ‘ਗੁੱਡੀ’, ‘ਆਂਖੇ’, ‘ਦੋਸਤ’, ‘ਅਪਨੇ’, ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’, ‘ਦਿਲਲਗੀ’, ‘ਸਮਾਧੀ’, ‘ਪਿਆਰ ਕੀਆ ਤੋ ਡਰਨਾ ਕਿਆ’, ‘ਜਵਾਰ ਭਾਟਾ’, ‘ਸ਼ਾਲੀਮਾਰ’, ‘ਭਾਗਵਤ’, ‘ਰਾਮ ਬਲਰਾਮ’, ‘ਨੌਕਰ ਬੀਵੀ ਕਾ’, ‘ਯਮਲਾ ਪਗਲਾ ਦੀਵਾਨਾ’, ‘ਆਜ਼ਾਦ’, ‘ਕਣਕਾਂ ਦੇ ਓਹਲੇ’, ‘ਇਸ਼ਕ ਪਰ ਜ਼ੋਰ ਨਹੀਂ’, ‘ਡਰੀਮ ਗਰਲ’, ‘ਇੰਟਰਨੈਸ਼ਨਲ ਕਰੋਕ’, ‘ਰਾਜਪੂਤ’, ‘ਆਈ ਮਿਲਨ ਕੀ ਬੇਲਾ’, ‘ਰਾਜਾ ਜਾਨੀ’, ‘ਲੋਫਰ’, ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’, ‘ਬਟਵਾਰਾ’, ‘ਆਦਮੀ ਔਰ ਇਨਸਾਨ’, ‘ਲੋਹਾ’, ‘ਜਾਗੀਰ’, ‘ਚਾਚਾ ਭਤੀਜਾ’, ‘ਰਜ਼ੀਆ ਸੁਲਤਾਨ’ ਆਦਿ।

ਧਰਮਿੰਦਰ ਨੇ ਪੰਜਾਬੀ ਹੋਣ ਦੇ ਨਾਤੇ ਕਈ ਪੰਜਾਬੀ ਫਿਲਮਾਂ ਵਿੱਚ ਬਗੈਰ ਮਿਹਨਤਾਨਾ ਲਏ ਕੰਮ ਕੀਤਾ। ‘ਕਣਕਾਂ ਦੇ ਓਹਲੇ’ (1971), ‘ਦੋ ਸ਼ੇਰ’ (1974), ‘ਦੁੱਖ ਭੰਜਨ ਤੇਰਾ ਨਾਮ ਜੀ’ (1974), ‘ਤੇਰੀ ਮੇਰੀ ਇੱਕ ਜਿੰਦੜੀ’ (1975), ‘ਸੰਤੋ ਬੰਤੋ’ (1976), ‘ਪੁੱਤ ਜੱਟਾਂ ਦੇ’ (1983), ‘ਕੁਰਬਾਨੀ ਜੱਟ ਦੀ’ (1990) ਅਤੇ ‘ਡਬਲ ਦੀ ਟ੍ਰਬਲ’ (2014) ਆਦਿ।

ਧਰਮਿੰਦਰ ਜਦੋਂ ਨਵਾਂ-ਨਵਾਂ ਫਿਲਮਾਂ ’ਚ ਆਇਆ ਸੀ ਤਾਂ ਬੜਾ ਚਾਅ ਸੀ, ਖੂਨ ਗਰਮ ਸੀ, ਪੰਜਾਬੀ ਬੰਦਾ ਸੀ ਤੇ ਦਲੇਰ ਸੀ। ਇਸ ਲਈ ਆਪਣੇ ਜ਼ਿਆਦਾਤਰ ਸਟੰਟ ਉਹ ਖ਼ੁਦ ਹੀ ਕਰਦਾ ਸੀ। ਜਿਵੇਂ ਕਿ ਫਿਲਮ ‘ਸ਼ੋਅਲੇ’ ’ਚ ਇੱਕ ਸੀਨ ਵਿੱਚ ਡਾਕੂਆਂ ਨੇ ਭੱਜੇ ਜਾਂਦੇ ਘੋੜੇ ਤੋਂ ਧਰਮਿੰਦਰ ਨੂੰ ਥੱਲੇ ਸੁੱਟਣਾ ਸੀ ਤੇ ਧਰਮਿੰਦਰ ਨੇ ਫਿਰ ਘੋੜੇ ’ਤੇ ਚੜ੍ਹਨਾ ਸੀ। ਇਹ ਸੀਨ ਧਰਮਿੰਦਰ ਨੇ ਖ਼ੁਦ ਕੀਤਾ ਸੀ। ਉਹ ਵੀ ਡਾਇਰੈਕਟਰ ਨੂੰ ਦੱਸੇ ਬਿਨਾਂ। ਜਦੋਂ ਸੀਨ ਇਸ ਤਰ੍ਹਾਂ ਹੋਇਆ ਤਾਂ ਡਾਇਰੈਕਟਰ ਧਰਮਿੰਦਰ ਨੂੰ ਗੁੱਸੇ ਹੋਇਆ। ਫਿਲਮ ‘ਮੇਰਾ ਗਾਓਂ ਮੇਰਾ ਦੇਸ’ ਵਿੱਚ ਘੋੜਿਆਂ ’ਤੇ ਕੀਤਾ ਸਟੰਟ ਵੀ ਉਸ ਦਾ ਹੀ ਸੀ। ਇੱਕ ਹੋਰ ਫਿਲਮ ਵਿੱਚ ਉਹ ਚੀਤੇ ਨਾਲ ਭਿੜ ਗਿਆ ਸੀ।

ਆਪਣੀਆਂ ਫਿਲਮਾਂ ਦੀ ਸਫਲਤਾ ਲਈ ਧਰਮਿੰਦਰ ਨੇ ਕਈ ਮਾਨ ਸਨਮਾਨ ਵੀ ਹਾਸਲ ਕੀਤੇ। ਇਨ੍ਹਾਂ ਵਿੱਚ 1965 ਵਿੱਚ ਆਈ ਫਿਲਮ ‘ਆਈ ਮਿਲਨ ਕੀ ਬੇਲਾ’ ਲਈ ਫਿਲਮਫੇਅਰ ਬੈਸਟ ਸਪੋਰਟਿੰਗ ਐਕਟਰ ਐਵਾਰਡ ਅਤੇ 1967 ਵਿੱਚ ‘ਫੂਲ ਔਰ ਪੱਥਰ’ ਲਈ ਫਿਲਮਫੇਅਰ ਬੈਸਟ ਐਕਟਰ ਐਵਾਰਡ ਮਿਲਿਆ ਸੀ। 1970 ਵਿੱਚ ਧਰਮਿੰਦਰ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਵਿਅਕਤੀ ਐਲਾਨਿਆ ਗਿਆ। 1972 ਵਿੱਚ ‘ਮੇਰਾ ਗਾਓਂ ਮੇਰਾ ਦੇਸ’ ਲਈ ਫਿਲਮਫੇਅਰ ਬੈਸਟ ਐਕਟਰ, 1974 ਵਿੱਚ ‘ਯਾਦੋਂ ਕੀ ਬਾਰਾਤ’ ਲਈ ਫਿਲਮਫੇਅਰ ਬੈਸਟ ਐਕਟਰ ਐਵਾਰਡ ਮਿਲਿਆ। 1975 ਵਿੱਚ ‘ਰੇਸ਼ਮ ਕੀ ਡੋਰੀ’ ਲਈ ਫਿਲਮਫੇਅਰ ਬੈਸਟ ਐਕਟਰ ਐਵਾਰਡ, 1991 ਵਿੱਚ ‘ਘਾਇਲ’ ਲਈ ਵਧੀਆ ਫਿਲਮ ਲਈ ‘ਰਾਸ਼ਟਰੀ ਫਿਲਮ ਐਵਾਰਡ’ ਮਿਲਿਆ ਸੀ। ਇਸੇ ਫਿਲਮ ਲਈ ਫਿਲਮਫੇਅਰ ਬੈਸਟ ਫਿਲਮ ਐਵਾਰਡ ਮਿਲਿਆ। 1997 ਵਿੱਚ ਉਸ ਨੂੰ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਉਸ ਨੂੰ 2005 ਵਿੱਚ ਜ਼ੀ ਸਿਨੇ ਐਵਾਰਡ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਅਤੇ 2011 ਵਿੱਚ ਦਾਦਾ ਸਾਹਬ ਫਾਲਕੇ ਅਕਾਦਮੀ ਐਵਾਰਡ ਵਿੱਚ ਦਾਦਾ ਸਾਹਬ ਫਾਲਕੇ ਰਤਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 2012 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਨ ਪ੍ਰਦਾਨ ਕੀਤਾ ਗਿਆ।

ਧਰਮਿੰਦਰ ਨੇ ਜਿਨ੍ਹਾਂ ਅਭਿਨੇਤਰੀਆਂ ਨਾਲ ਕੰਮ ਕੀਤਾ, ਉਨ੍ਹਾਂ ਵਿੱਚ ਮਧੂਬਾਲਾ, ਸਾਇਰਾ ਬਾਨੋ, ਨੂਤਨ, ਮੀਨਾ ਕੁਮਾਰੀ, ਸ਼ਰਮੀਲਾ ਟੈਗੋਰ, ਸਲਮਾ ਆਗਾ, ਕਿਮੀ ਕਾਟਕਰ, ਡਿੰਪਲ ਕਪਾਡੀਆ, ਸ਼ਬਾਨਾ ਆਜ਼ਮੀ, ਸੁਚਿੱਤਰਾ ਸੇਨ, ਰਤੀ ਅਗਨੀਹੋਤਰੀ, ਸ਼ਸ਼ੀਕਲਾ, ਤਨੂਜਾ, ਆਸ਼ਾ ਪਾਰੇਖ, ਮੁਮਤਾਜ਼, ਹੈਲਨ, ਕਾਮਿਨੀ ਕੌਸ਼ਿਲ, ਰਾਖੀ ਗੁਲਜ਼ਾਰ, ਬਬੀਤਾ ਕਪੂਰ, ਵਹੀਦਾ ਰਹਿਮਾਨ, ਹੇਮਾ ਮਾਲਿਨੀ, ਦੀਪਾ, ਜਯਾ ਬਚਨ, ਲੀਨਾ ਚੰਦਰਾਵਰਕਰ, ਮਾਲਾ ਸਿਨਹਾ, ਰੇਖਾ, ਜ਼ੀਨਤ ਅਮਾਨ, ਨੀਤੂ ਸਿੰਘ, ਰੀਨਾ ਰਾਏ, ਸ੍ਰੀਦੇਵੀ, ਮੋਨਿਕਾ ਬੇਦੀ, ਆਗਾ, ਸਮਿਤਾ ਪਾਟਿਲ, ਜਯਾ ਪ੍ਰਦਾ, ਪ੍ਰਵੀਨ ਬਾਬੀ, ਪੂਨਮ ਢਿੱਲੋਂ, ਮੌਸਮੀ ਚੈਟਰਜੀ, ਨੀਲਮ ਕੋਠਾਰੀ, ਭਾਨੂੰ ਪ੍ਰਿਆ, ਉਪਾਸਨਾ ਸਿੰਘ, ਮਾਧੁਰੀ ਦੀਕਸ਼ਤ ਤੇ ਅੰਮ੍ਰਿਤਾ ਸਿੰਘ ਆਦਿ ਦੇ ਨਾਂ ਵਰਨਣਯੋਗ ਹਨ। ਉਸ ਨੇ ਲਗਭਗ 70 ਦੇ ਕਰੀਬ ਹੀਰੋਇਨਾਂ ਨਾਲ ਕੰਮ ਕੀਤਾ, ਪਰ ਸਭ ਤੋਂ ਜ਼ਿਆਦਾ ਫਿਲਮਾਂ ਹੇਮਾ ਮਾਲਿਨੀ ਨਾਲ ਕੀਤੀਆਂ।

ਧਰਮਿੰਦਰ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਵਿਜੇਤਾ ਖੋਲ੍ਹੀ। ਉਸ ਦੇ ਆਪਣੇ ‘ਵਿਜੇਤਾ ਬੈਨਰ’ ਹੇਠ ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਦੀਆਂ ਰਿਲੀਜ਼ ਫਿਲਮਾਂ ਹਨ: ‘ਬੇਤਾਬ’ ਸੰਨੀ ਦਿਓਲ ਨਾਲ, ‘ਘਾਇਲ’ ਸੰਨੀ ਦਿਓਲ, ‘ਬਰਸਾਤ’ ਬੌਬੀ ਦਿਓਲ, ‘ਸੋਚਾ ਨਾ ਥਾ’ ਅਭੈ ਦਿਓਲ, ‘ਅਪਨੇ’, ‘ਘਾਇਲ ਵੰਨਸ ਅਗੇਨ’, ‘ਸ਼ਹੀਦ’ ਸ਼ਾਮਲ ਸਨ। ਧਰਮਿੰਦਰ ਨੇ ਆਪਣੇ ਪੋਤੇ ਕਰਨ ਦਿਓਲ ਨੂੰ ਫਿਲਮ ‘ਪਲ-ਪਲ ਦਿਲ ਕੇ ਪਾਸ’ ਨਾਲ ਸਾਲ 2019 ਵਿੱਚ ਫਿਲਮੀਂ ਦੁਨੀਆ ਵਿੱਚ ਕਦਮ ਰਖਵਾਇਆ। ਕਰਨ ਦਿਓਲ ਦੀ ਪਹਿਲੀ ਫਿਲਮ ਵੀ ਸੰਨੀ ਦਿਓਲ ਤੇ ਬੌਬੀ ਦਿਓਲ ਵਾਂਗ ਧਰਮਿੰਦਰ ਨੇ ਹੀ ਪ੍ਰੋਡਿਊਸ ਕੀਤੀ। ਸੰਨੀ ਦਿਓਲ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਤੇ ਇਹ ਫਿਲਮ ਵੀ ਵਿਜੇਤਾ ਬੈਨਰ ਹੇਠ ਹੀ ਤਿਆਰ ਹੋਈ।

ਧਰਮਿੰਦਰ ਨੇ ਟੀਵੀ ਦਾ ਵੀ ਰੁਖ਼ ਕੀਤਾ। ਸਾਜਿਦ ਖਾਨ ਨਾਲ 2011 ਵਿੱਚ ਕਲਰਜ਼ ਚੈਨਲ ’ਤੇ ‘ਇੰਡੀਆਜ ਗੌਟ ਟੈਲੇਂਟ’ ਵਿੱਚ ਹਾਜ਼ਰੀ ਲਵਾਈ। ਉਸ ਨੇ ਰਾਜਨੀਤੀ ਦਾ ਵੀ ਰੁਖ਼ ਕੀਤਾ। 2004 ਵਿੱਚ ਉਸ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਬੀਕਾਨੇਰ ਤੋਂ ਚੋਣ ਲੜੀ ਤੇ ਜਿੱਤ ਹਾਸਲ ਕੀਤੀ, ਪਰ ਰਾਜਨੀਤੀ ਉਸ ਨੂੰ ਰਾਸ ਨਹੀਂ ਆਈ ਕਿਉਂਕਿ ਰਾਜਨੀਤੀ ਬਹੁਤ ਪੇਚੀਦਾ ਖੇਡ ਹੈ। ਧਰਮਿੰਦਰ ਇੱਕ ਨੇਕ ਦਿਲ ਤੇ ਨਰਮ ਦਿਲ ਇਨਸਾਨ ਸੀ।

ਧਰਮਿੰਦਰ ਨੇ ਇੱਕ ਇੰਟਰਵਿਊ ਵਿੱਚ ਆਪਣੀ ਜ਼ਿੰਦਗੀ ਦੇ ਦਿਲਚਸਪ ਕਿੱਸੇ ਸਾਂਝੇ ਕਰਦਿਆਂ ਦੱਸਿਆ ਸੀ, ‘‘ਮੈਂ ਉਦੋਂ ਸਕੂਲ ਵਿੱਚ ਪੜ੍ਹਦਾ ਸੀ ਤੇ ਪਿਤਾ ਜੀ ਦੇ ਹੁਕਮ ਅਨੁਸਾਰ ਸਕੂਲ ਦਸਤਾਰ ਸਜਾ ਕੇ ਜਾਂਦਾ ਸੀ। ਇੱਕ ਦਿਨ ਮੈਂ ਸਕੂਲ ਨੰਗੇ ਸਿਰ ਹੀ ਚਲਾ ਗਿਆ ਕਿ ਚਲੋ ਮੈਂ ਹੈੱਡ ਮਾਸਟਰ ਦਾ ਮੁੰਡਾ ਹਾਂ, ਕੋਈ ਅਧਿਆਪਕ ਮੈਨੂੰ ਕੀ ਕਹੇਗਾ? ਉੱਥੇ ਇੱਕ ਅਧਿਆਪਕ ਸਨ ਗੁਲਾਮ ਰਸੂਲ। ਉਨ੍ਹਾਂ ਨੇ ਮੈਨੂੰ ਇਸ ਗ਼ਲਤੀ ਲਈ ਖੂਬ ਝਿੜਕਾਂ ਮਾਰੀਆਂ। ਇਸ ਘਟਨਾ ਬਾਰੇ ਸ਼ਾਮੀਂ ਘਰ ਆ ਕੇ ਮੈਂ ਆਪਣੇ ਪਿਤਾ ਜੀ ਨੂੰ ਦੱਸਿਆ ਤਾਂ ਪਿਤਾ ਜੀ ਨੇ ਮੈਨੂੰ ਉਸ ਮਾਸਟਰ ਤੋਂ ਵੀ ਜ਼ਿਆਦਾ ਝਿੜਕਾਂ ਮਾਰੀਆਂ।’’

‘‘ਮੈਂ ਆਪਣੀ ਮਾਂ ਦੀ ਸੇਵਾ ਕਰਦੇ ਸਮੇਂ ਲੱਤਾਂ ਬਾਹਾਂ ਘੁੱਟ ਦਿਆ ਕਰਦਾ ਸੀ। ਪੈੱਗ ਲਾਉਣ ਦੀ ਆਦਤ ਜਿਹੀ ਪੈ ਗਈ ਸੀ, ਪਰ ਮੇਰੇ ਪਿਤਾ ਜੀ ਬੜੇ ਸਖ਼ਤ ਸੁਭਾਅ ਦੇ ਆਦਮੀ ਸਨ। ਉਨ੍ਹਾਂ ਤੋਂ ਚੋਰੀ ਛਿਪੇ ਪੀ ਲੈਂਦਾ ਸੀ। ਮਾਂ ਨੇ ਕਹਿਣਾ ਕਿ ਪੁੱਤ ਨਾ ਪੀਆ ਕਰ। ਤੇਰੇ ਪਿਤਾ ਜੀ ਨਾਰਾਜ਼ ਹੋਣਗੇ। ਇੱਕ ਦਿਨ ਰਾਤ ਨੂੰ ਮੈਂ ਛੋਟਾ ਜਿਹਾ ਪੈੱਗ ਲਾ ਲਿਆ ਤੇ ਮੈਂ ਕਿਹਾ ਕਿ ‘ਬੇਬੇ ਲਿਆ ਲੱਤਾਂ ਘੁੱਟ ਦਿਆ’, ਸੋ ਮੈਂ ਆਪਣੀ ਮਾਂ ਦੀਆਂ ਲੱਤਾਂ ਬਾਹਾਂ ਘੁੱਟਣ ਲੱਗ ਪਿਆ। ਮੇਰੀ ਮਾਂ ਕਹਿੰਦੀ ਕਿ ਤੂੰ ਸ਼ਰਾਬ ਪੀਤੀ ਏ, ਮੈਂ ‘ਹਾਂ’ ਵਿੱਚ ਸਿਰ ਹਿਲਾਇਆ। ਮਾਂ ਮੈਨੂੰ ਕਹਿਣ ਲੱਗੀ ਕਿ ‘ਚੱਲ ਕਦੀ-ਕਦੀ ਪੀ ਲਿਆ ਕਰ।’ ਮੈਂ ਕਿਹਾ ਕਿ ਕਿਉਂ ਬੇਬੇ? ਕਿਉਂ ਪੀ ਲਿਆ ਕਰਾਂ? ਤਾਂ ਉਹ ਕਹਿੰਦੀ ਕਿ ‘ਪੀ ਕੇ ਤੂੰ ਲੱਤਾ ਬਾਹਾਂ ਬੜੀਆਂ ਵਧੀਆਂ ਘੁੱਟਦਾ ਏ।’’

Related posts

Grenade Attack : ਸ੍ਰੀਨਗਰ ਦੇ ਸੰਡੇ ਬਾਜ਼ਾਰ ‘ਚ ਗ੍ਰੇਨੇਡ ਹਮਲਾ, 12 ਤੋਂ ਜ਼ਿਆਦਾ ਲੋਕ ਜ਼ਖ਼ਮੀ Grenade Attack : ਬੀਤੇ ਕੱਲ੍ਹ ਸ੍ਰੀਨਗਰ ਦੇ ਖਾਨਯਾਰ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਮੁਕਾਬਲੇ ‘ਚ ਜਵਾਨਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ।

On Punjab

ਕੈਲੀਫੋਰਨੀਆ ਦੇ ਫੁਲਰਟਨ ਵਿੱਚ ਜਹਾਜ਼ ਹਾਦਸਾਗ੍ਰਸਤ ਹੋ ਗਿਆ : ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 2 ਦੀ ਮੌਤ ਅਤੇ 18 ਜ਼ਖਮੀ

On Punjab

Joining the poll dots in Kashmir: J&K Assembly Elections 10 years after the last Assembly elections were conducted in J&K, then a state, the UT is set to witness a keen contest in the 3-phase polls | For all the noise about the new players, it’s the traditional parties that are set to dominate

On Punjab