ਚੰਡੀਗੜ੍ਹ- ਜਿਵੇਂ-ਜਿਵੇਂ ਸਾਬਕਾ ਸੂਬਾ ਪੱਧਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਕਤਲ ਦੀ ਜਾਂਚ ਅੱਗੇ ਵਧ ਰਹੀ ਹੈ, ਤਾਂ ਇੱਕ ਹੋਰ ਨਵਾਂ ਵੇਰਵਾ ਸਾਹਮਣੇ ਆਇਆ ਹੈ ਜੋ ਉਸਦੇ ਆਖਰੀ ਦਿਨਾਂ ਦੇ ਭੇਤ ਨੂੰ ਵਧਾਉਂਦਾ ਹੈ। CNN-News18 ਦੀਆਂ ਰਿਪੋਰਟਾਂ ਦੇ ਅਨੁਸਾਰ ਰਾਧਿਕਾ ਨੇ ਆਪਣੀ ਰੋਮਾਂਟਿਕ ਸੰਗੀਤ ਵੀਡੀਓ ਦੇ ਰਿਲੀਜ਼ ਹੋਣ ਤੋਂ ਥੋੜ੍ਹੀ ਦੇਰ ਬਾਅਦ ਆਪਣਾ ਇੰਸਟਾਗ੍ਰਾਮ ਅਕਾਊਂਟ ਡੀਐਕਟੀਵੇਟ ਕਰ ਦਿੱਤਾ ਸੀ।
“ਕਾਰਵਾਂ” ਸਿਰਲੇਖ ਵਾਲਾ ਸੰਗੀਤ ਵੀਡੀਓ 2024 ਵਿੱਚ ਰਿਲੀਜ਼ ਹੋਇਆ ਸੀ, ਜਿਸ ਵਿੱਚ ਰਾਧਿਕਾ ਅਦਾਕਾਰ ਤੇ ਗਾਇਕ ਇਨਾਮ ਉਲ ਹੱਕ (Inaam Ul Haq) ਨਾਲ ਦਿਖਾਈ ਦਿੱਤੀ ਸੀ। ਦਾਅਵਾ ਕੀਤਾ ਜਾਂਦਾ ਹੈ ਕਿ ਇਸ ਵੀਡੀਓ ਲਈ ਰਾਧਿਕਾ ਦੇ ਪਿਤਾ ਦੀਪਕ ਯਾਦਵ ਦੀ ਮਨਜ਼ੂਰੀ ਹਾਸਲ ਸੀ। ਗ਼ੌਰਤਲਬ ਹੈ ਕਿ ਬੀਤੇ ਵੀਰਵਾਰ ਨੂੰ ਦੀਪਕ ਨੇ ਗੁਰੂਗ੍ਰਾਮ ਸਥਿਤ ਆਪਣੇ ਘਰ ਵਿਚ ਆਪਣੀ ਧੀ ਨੂੰ ਕਥਿਤ ਤੌਰ ’ਤੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।
ਇਨਾਮ ਨੇ ਕਿਹਾ ਕਿ ਜਦੋਂ ਉਸਨੇ ਦੇਖਿਆ ਕਿ ਵੀਡੀਓ ਲਾਂਚ ਹੋਣ ਤੋਂ ਬਾਅਦ ਰਾਧਿਕਾ ਦਾ ਇੰਸਟਾਗ੍ਰਾਮ ਅਕਾਊਂਟ ਡੀਐਕਟੀਵੇਟ ਕਰ ਦਿੱਤਾ ਗਿਆ ਸੀ ਤਾਂ ਉਸਨੇ ਰਾਧਿਕਾ ਨਾਲ ਸੰਪਰਕ ਕੀਤਾ। ਰਾਧਿਕਾ ਨੇ ਜਵਾਬ ਦਿੱਤਾ ਕਿ ਉਹ ਕੰਮ ਵਿੱਚ ਰੁੱਝੀ ਹੋਈ ਹੈ ਅਤੇ ਉਸਨੇ ਆਪਣਾ ਅਕਾਊਂਟ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਸੀ।
ਗਾਇਕ ਨੇ ਹੋਰ ਖੁਲਾਸਾ ਕੀਤਾ ਕਿ ਉਸ ਰਾਧਿਕਾ ਨਾਲ ਵੀਡੀਓ ਸ਼ੂਟ ਕਰਨ ਲਈ ਹੀ ਸਫ਼ਰ ਕਰ ਕੇ ਦਿੱਲੀ ਗਿਆ ਸੀ। ਵੀਡੀਓ ਰਾਧਕਾ ਦੀ ਮਾਂ ਦੀ ਮੌਜੂਦਗੀ ਵਿੱਚ ਸ਼ੂਟ ਕੀਤੀ ਗਈ ਸੀ। ਇਨਾਮ ਨੇ ਕਿਹਾ, “ਦਿੱਲੀ ਵਿੱਚ ਰਾਧਿਕਾ ਨਾਲ ਪੰਜ ਘੰਟੇ ਦੀ ਸ਼ੂਟਿੰਗ ਹੋਈ। ਸ਼ੂਟਿੰਗ ਦੌਰਾਨ, ਮੈਨੂੰ ਪਤਾ ਲੱਗਾ ਕਿ ਉਸਨੂੰ ਅਦਾਕਾਰੀ ਵਿੱਚ ਦਿਲਚਸਪੀ ਸੀ। ਉਸਨੇ ਸਿਰਫ਼ ਕਨਵੈਂਸ ਰਕਮ ਲਈ ਸੀ।”
ਹਾਲਾਂਕਿ, ਪੁਲੀਸ ਹੁਣ ਮੰਨਦੀ ਹੈ ਕਿ ਇਹ ਸੰਗੀਤ ਵੀਡੀਓ ਵੀ ਰਾਧਿਕਾ ਤੇ ਉਸ ਦੇ ਪਿਤਾ ਦਰਮਿਆਨ ਤਣਾਅ ਵਧਣ ਦਾ ਕਾਰਨ ਹੋ ਸਕਦੀ ਹੈ। ਇਨਾਮ ਨੇ ਰਾਧਿਕਾ ਦੇ ਕਤਲ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸ਼ੂਟਿੰਗ ਤੋਂ ਬਾਅਦ ਉਸਦਾ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ।
ANI ਨੂੰ ਦਿੱਤੇ ਇੱਕ ਬਿਆਨ ਵਿੱਚ ਹੱਕ ਨੇ ਕਿਹਾ ਕਿ ਉਹ ਪਹਿਲਾਂ ਰਾਧਿਕਾ ਨੂੰ ਦਿੱਲੀ ਵਿੱਚ ਟੈਨਿਸ ਪ੍ਰੀਮੀਅਰ ਲੀਗ ਵਿੱਚ ਮਿਲਿਆ ਸੀ ਅਤੇ ਬਾਅਦ ਵਿੱਚ ਇੱਕ ਸੰਗੀਤ ਵੀਡੀਓ ਵਿੱਚ ਉਸ ਨਾਲ ਸਹਿਯੋਗ ਕੀਤਾ, ਜਿਸ ਤੋਂ ਬਾਅਦ ਉਹ ਆਪੋ-ਆਪਣੇ ਵੱਖੋ-ਵੱਖਰੇ ਰਾਹ ਚਲੇ ਗਏ ਸਨ। ਉਸ ਨੇ ਰਾਧਿਕਾ ਨਾਲ ਨਿੱਜੀ ਸਬੰਧਾਂ ਬਾਰੇ ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ ਨੂੰ ਵੀ ਸਿਰੇ ਤੋਂ ਰੱਦ ਕਰ ਦਿੱਤਾ। ਉਸ ਨੇ ਅਫਵਾਹਾਂ ਨੂੰ “ਬੇਬੁਨਿਆਦ ਅਤੇ ਕੋਰੀਆਂ ਝੂਠ” ਕਰਾਰ ਦਿੱਤਾ ਹੈ।