63.64 F
New York, US
October 4, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦਾ ਆਗਾਜ਼; ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲਾ ਜੱਥਾ ਰਵਾਨਾ

ਉੱਤਰਾਖੰਡ-  ਉੱਤਰਾਖੰਡ ਦੇ ਹਿਮਾਲੀਅਨ ਖੇਤਰ ਵਿੱਚ ਸਮੁੰਦਰ ਤਲ ਤੋਂ ਲਗਭਗ 15 ਹਜ਼ਾਰ ਫੁੱਟ ਦੀ ਬਰਫ਼ੀਲੀ ਉਚਾਈ ’ਤੇ ਸਥਿਤ ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅੱਜ 20 ਮਈ ਨੂੰ ਪੂਰੀ ਸ਼ਰਧਾ ਭਾਵਨਾ ਅਤੇ ਖ਼ਾਲਸਾਈ ਪਰੰਪਰਾਵਾਂ ਨਾਲ ਸ਼ੁਰੂ ਹੋ ਗਈ ਹੈ। ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਵਿਖੇ ਕਰਵਾਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪਵਿੱਤਰ ਕਪਾਟ (ਦਰਵਾਜ਼ੇ) 23 ਮਈ ਨੂੰ ਸੰਗਤਾਂ ਲਈ ਰਸਮੀ ਤੌਰ ’ਤੇ ਖੋਲ੍ਹੇ ਜਾਣਗੇ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪਹਿਲੇ ਜੱਥੇ ਦੀ ਰਵਾਨਗੀ ਮੌਕੇ ਉੱਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ), ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਸਣੇ ਕਈ ਕੇਂਦਰੀ ਤੇ ਸੂਬਾਈ ਮੰਤਰੀ ਅਤੇ ਸੰਤ ਸਮਾਜ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਈਆਂ। ਇਨ੍ਹਾਂ ਸਾਰੇ ਪਤਵੰਤਿਆਂ ਵੱਲੋਂ ਸਾਂਝੇ ਰੂਪ ਵਿੱਚ ਜੱਥੇ ਨੂੰ ਅਸ਼ੀਰਵਾਦ ਦੇ ਕੇ ਅੱਗੇ ਲਈ ਤੋਰਿਆ ਗਿਆ। ਇਸ ਮੌਕੇ ਟਰੱਸਟ ਵੱਲੋਂ ਸਿੱਖ ਵਿਰਾਸਤ ਨਾਲ ਸਬੰਧਤ ਦੋ ਪੁਸਤਕਾਂ ਅਤੇ ਇੱਕ ਨਵੇਂ ਅਜਾਇਬ ਘਰ ‘ਦਾਸਤਾਨ-ਏ-ਸਿੱਖੀ’ ਦਾ ਉਦਘਾਟਨ ਵੀ ਕੀਤਾ ਗਿਆ।

ਸ਼ਰਧਾਲੂਆਂ ਦਾ ਇਹ ਪਹਿਲਾ ਜੱਥਾ ਰਿਸ਼ੀਕੇਸ਼ ਤੋਂ ਰਵਾਨਾ ਹੋ ਕੇ ਲਗਭਗ 250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਵਿਖੇ ਪੁੱਜੇਗਾ। ਰਾਤ ਦੇ ਠਹਿਰਾਅ ਤੋਂ ਬਾਅਦ ਇਹ ਜੱਥਾ 22 ਮਈ ਨੂੰ ਲਗਭਗ 13 ਕਿਲੋਮੀਟਰ ਦੀ ਚੜ੍ਹਾਈ ਚੜ੍ਹ ਕੇ 10 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਸ੍ਰੀ ਗੋਬਿੰਦ ਧਾਮ (ਘੰਗਰੀਆ) ਪਹੁੰਚੇਗਾ। ਅਗਲੇ ਦਿਨ 23 ਮਈ ਨੂੰ ਇੱਥੋਂ 6 ਕਿਲੋਮੀਟਰ ਹੋਰ ਉੱਪਰ ਜਾ ਕੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਯਾਤਰਾ ਦੀ ਰਸਮੀ ਆਰੰਭਤਾ ਹੋਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਢਾਈ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਇਸ ਪਵਿੱਤਰ ਅਸਥਾਨ ’ਤੇ ਸੀਸ ਨਿਵਾਇਆ ਸੀ, ਜਿਸ ਕਾਰਨ ਇਸ ਵਾਰ ਸੰਗਤ ਦੀ ਗਿਣਤੀ ਹੋਰ ਵਧਣ ਦੀ ਉਮੀਦ ਹੈ। ਉੱਤਰਾਖੰਡ ਸਰਕਾਰ ਵੱਲੋਂ ਚਾਰ ਧਾਮ ਯਾਤਰਾ ਦੀ ਤਰਜ਼ ’ਤੇ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਵੀ ਔਨਲਾਈਨ ਅਤੇ ਔਫਲਾਈਨ ਮਾਧਿਅਮ ਰਾਹੀਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਕੀਤੀ ਗਈ ਹੈ।

ਯਾਤਰਾ ਨੂੰ ਸੁਖਾਲਾ ਬਣਾਉਣ ਲਈ ਭਾਰਤੀ ਫ਼ੌਜ ਦੀ 418ਵੀਂ ਮਾਊਂਟੇਨ ਬ੍ਰਿਗੇਡ ਅਤੇ ਟਰੱਸਟ ਦੇ ਸੇਵਾਦਾਰਾਂ ਨੇ ਪਿਛਲੇ ਇੱਕ ਮਹੀਨੇ ਤੋਂ ਦਿਨ-ਰਾਤ ਮਿਹਨਤ ਕਰਕੇ ਰਸਤੇ ਵਿੱਚੋਂ 8 ਫੁੱਟ ਤੱਕ ਜੰਮੀ ਬਰਫ਼ ਨੂੰ ਸਾਫ਼ ਕੀਤਾ ਹੈ। ਸੰਗਤਾਂ ਦੀ ਸਹੂਲਤ ਲਈ ਗੋਬਿੰਦ ਘਾਟ ਤੋਂ ਹੈਲੀਕਾਪਟਰ ਸੇਵਾ, ਘੋੜਾ-ਖੱਚਰ ਅਤੇ ਕਾਂਡੀ ਸੇਵਾ ਦਾ ਵਿਸ਼ੇਸ਼ ਪ੍ਰਬੰਧ ਹੈ। ਇਸ ਦੇ ਨਾਲ ਹੀ ਪੂਰੇ ਰੂਟ ’ਤੇ ਸਾਫ਼-ਸੁਥਰੀ ਰਿਹਾਇਸ਼, ਮੈਡੀਕਲ ਕੈਂਪ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਣਗੇ। ਟਰੱਸਟ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਾੜਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਅਤੇ ਆਪਣੀ ਸਿਹਤ ਦੀ ਜਾਂਚ ਕਰਵਾ ਕੇ ਹੀ ਯਾਤਰਾ ਸ਼ੁਰੂ ਕਰਨ।

Related posts

ਗੁਆਚੇ ਰਾਹਾਂ ਦਾ ਪਾਂਧੀ- ਅਵਿਨਾਸ਼ ਚੌਹਾਨ

Pritpal Kaur

ਪਹਿਲੀ ਵਾਰ ਸੁਪਰੀਮ ਕੋਰਟ ਦੇ ਹੁਕਮਾਂ ’ਤੇ EVM ਵੋਟਾਂ ਦੀ ਮੁੜ ਗਿਣਤੀ, ਨਤੀਜਾ ਪਲਟਿਆ

On Punjab

Rahul Gandhi on ED Questioning: ਰਾਹੁਲ ਨੇ ਈਡੀ ਦਫ਼ਤਰ ‘ਚ ਪੁੱਛਗਿੱਛ ਦੀ ਘਟਨਾ ਦਾ ਕੀਤਾ ਜ਼ਿਕਰ, ਕਿਹਾ- ਅਧਿਕਾਰੀਆਂ ਨੇ ਪੁੱਛਿਆ ਮੇਰੀ ਊਰਜਾ ਦਾ ਰਾਜ਼

On Punjab