56.14 F
New York, US
October 12, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੀਵਰੇਜ ਦੇ ਜ਼ਹਿਰੀਲੇ ਪਾਣੀ ਨਾਲ ਹੋ ਰਹੀ ਸੈਂਕੜੇ ਏਕੜ ਸਬਜ਼ੀਆਂ ਦੀ ਸਿੰਚਾਈ

ਸ੍ਰੀ ਮੁਕਤਸਰ ਸਾਹਿਬ-  ਮੁਕਤਸਰ ਦੇ ਬਲਮਗੜ੍ਹ ਰੋਡ ਅਤੇ ਭਾਗਸਰ ਰੋਡ ‘ਤੇ ਸੈਂਕੜੇ ਏਕੜ ਰਕਬੇ ਵਿੱਚ ਸਬਜ਼ੀਆਂ, ਫਲਾਂ ਅਤੇ ਹੋਰ ਫ਼ਸਲਾਂ ਦੀ ਸੀਵਰੇਜ ਦੇ ਜ਼ਹਿਰੀਲੇ ਪਾਣੀ ਨਾਲ ਸਿੰਚਾਈ ਕੀਤੀ ਜਾ ਰਹੀ ਹੈ। ਸੀਵਰੇਜ ਦਾ ਇਹ ਪਾਣੀ ਲਾਉਣਾ ਕਿਸਾਨਾਂ ਦੀ ਮਜ਼ਬੂਰੀ ਹੈ। ਸੀਵਰੇਜ ਟਰੀਟਮੈਂਟ ਪਲਾਂਟ ਤੋਂ ਬਿਨਾਂ ਸਾਫ਼ ਕੀਤੇ ਪਾਣੀ ਪੱਕੇ ਖਾਲ ਰਾਹੀਂ ਭਾਗਸਰ ਡਰੇਨ ਵੱਲ ਭੇਜਿਆ ਜਾਂਦਾ ਹੈ। ਡਰੇਨ ਪਲਾਂਟ ਤੋਂ ਕਰੀਬ 10 ਕਿਲੋਮੀਟਰ ਦੂਰ ਹੈ, ਪਰ ਇਹ ਪਾਣੀ ਤਿੰਨ ਕਿਲੋਮੀਟਰ ਤੱਕ ਹੀ ਚੁੱਕ ਕੇ ਖੇਤਾਂ ਨੂੰ ਲਾ ਦਿੱਤਾ ਜਾਂਦਾ ਹੈ। ਦਰਅਸਲ, ਇਸ ਪਾਣੀ ਵਿਚਲਾ ਪਾਰਾ, ਤੇਜ਼ਾਬ, ਕੈਮੀਕਲ, ਹੈਵੀ ਮੈਟਲ, ਬੈਕਟੀਰੀਆ ਅਤੇ ਹੋਰ ਜ਼ਹਿਰੀਲੇ ਤੱਤ ਪੌਦਿਆਂ ਰਾਹੀਂ ਫ਼ਸਲਾਂ ’ਚ ਸ਼ਾਮਲ ਹੋ ਜਾਂਦੇ ਹਨ ਅਤੇ ਅੱਗੋਂ ਇਹੀ ਫ਼ਸਲਾਂ ਮੰਡੀ ਰਾਹੀਂ ਘਰਾਂ ਤੱਕ ਤੇ ਫਿਰ ਸਰੀਰਾਂ ਦੇ ਅੰਦਰ ਪੁੱਜਦੀਆਂ ਹਨ। ਸਬਜ਼ੀਆਂ ਬੀਜਣ ਵਾਲੇ ਮਾਲੀ ਨੇ ਦੱਸਿਆ ਕਿ ਸੀਵਰੇਜ ਵਾਲਾ ਪਾਣੀ ਜੇ ਸਿੱਧਾ ਲਾਈਏ ਤਾਂ ਫ਼ਸਲਾਂ ਮੱਚ ਜਾਂਦੀਆਂ ਹਨ, ਕਿਉਂਕਿ ਇਸ ਵਿੱਚ ਕੈਮੀਕਲ ਹੁੰਦੇ ਹਨ। ਇਸ ਲਈ ਜੇਕਰ ਇਸ ਨੂੰ ਸਾਫ਼ ਪਾਣੀ ਨਾਲ ਮਿਲਾ ਕੇ ਲਾਈਏ ਤਾਂ ਇਹ ਸਬਜ਼ੀਆਂ ਲਈ ਬਹੁਤ ਉਪਜਾਊ ਹੁੰਦਾ ਹੈ।

ਝੋਨੇ ਨੂੰ ਪਾਣੀ ਲਾ ਰਹੇ ਕਿਸਾਨਾਂ ਨੇ ਦੱਸਿਆ ਕਿ ਝੋਨੇ ਅਤੇ ਹੋਰ ਫ਼ਸਲਾਂ ਨੂੰ ਟ੍ਰੈਕਟਰਾਂ ਰਾਹੀਂ (ਪੰਪਾਂ ਨਾਲ) ਚੁੱਕ ਕੇ ਪਾਣੀ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਪਾਣੀ ਵਾਲਾ ਖਾਲ, ਜੋ ਕਰੀਬ 10 ਫੁੱਟ ਚੌੜਾ ਹੈ, ਉਹ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ’ਚ ਬਣਿਆ ਹੋਇਆ ਹੈ ਅਤੇ ਸਰਕਾਰ ਵੱਲੋਂ ਇਸ ਦਾ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਕਿਸਾਨਾਂ ਦੀ ਮੰਗ ਹੈ ਕਿ ਸੀਵਰੇਜ ਵਿਭਾਗ ਪਾਣੀ ਨੂੰ ਸਾਫ਼ ਕਰਕੇ ਭੇਜੇ ਤਾਂ ਜੋ ਉਨ੍ਹਾਂ ਦੀਆਂ ਫ਼ਸਲਾਂ ਕੀਟਾਣੂ-ਮੁਕਤ ਹੋ ਸਕਣ।

ਉੱਥੇ ਹੀ ਸੀਵਰੇਜ ਬੋਰਡ ਦੇ ਐਕਸੀਅਨ ਸ੍ਰੀ ਜਿੰਦਲ ਅਤੇ ਐੱਸ ਡੀ ਓ ਪਾਰਸ ਵਰਮਾ ਨੇ ਦੱਸਿਆ ਕਿ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਪਾਣੀ ਭਾਗਸਰ ਡਰੇਨ ਵਿੱਚ ਪਾਉਣ ਲਈ ਛੱਡਿਆ ਜਾਂਦਾ ਹੈ। ਜੇਕਰ ਕੋਈ ਕਿਸਾਨ ਇਹ ਪਾਣੀ ਸਿੱਧੇ ਰੂਪ ਵਿੱਚ ਖੇਤਾਂ ਨੂੰ ਲਾਉਂਦਾ ਹੈ, ਤਾਂ ਇਹ ਉਸ ਦੀ ਆਪਣੀ ਜ਼ਿੰਮੇਵਾਰੀ ਹੈ। ਦੂਜੇ ਪਾਸੇ ਸਿਵਲ ਸਰਜਨ ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਸੀਵਰੇਜ ਦੇ ਅਣਸੋਧੇ ਪਾਣੀ ਨਾਲ ਤਿਆਰ ਹੋਈਆਂ ਸਬਜ਼ੀਆਂ, ਫਲਾਂ ਅਤੇ ਹੋਰ ਫ਼ਸਲਾਂ ਵਿੱਚ ਕਈ ਬੀਮਾਰੀਆਂ ਦੇ ਕੀਟਾਣੂ ਸ਼ਾਮਲ ਹੋ ਜਾਂਦੇ ਹਨ। ਇਸ ਨਾਲ ਪੇਟ ਦੀਆਂ ਬੀਮਾਰੀਆਂ, ਅੰਤੜੀਆਂ ਦੇ ਰੋਗ ਅਤੇ ਹੋਰ ਗੰਭੀਰ ਬੀਮਾਰੀਆਂ ਹੋ ਜਾਂਦੀਆਂ ਹਨ।

Related posts

ਭਾਰਤ ਦੇ ਇਨਕਾਰ ਤੋਂ ਬਾਅਦ ਪਾਕਿਸਤਾਨ ਖਰੀਦੇਗਾ ਮਲੇਸ਼ੀਆ ਦਾ Palm Oil

On Punjab

ਪੰਜਾਬ ਚੋਂ ਵੀ ਆਈ ਪੀ ਕਲਚਰ ਖ਼ਤਮ ਕਰੇਗੀ ਭਾਜਪਾ!

On Punjab

America: ਟਕਸਨ ਅਪਾਰਟਮੈਂਟ ‘ਚ ਗੋਲੀਬਾਰੀ, ਪੁਲਿਸ ਕਾਂਸਟੇਬਲ ਸਮੇਤ 4 ਦੀ ਮੌਤ

On Punjab