PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ

ਹੁਸੈਨੀਵਾਲਾ:   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਹਰ ਫੈਸਲਾ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਜੀਵਨ, ਦਰਸ਼ਨ ਅਤੇ ਮਹਾਨ ਕੁਰਬਾਨੀ ਦੇ ਸਿਧਾਂਤਾਂ ‘ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਇੱਕ ਆਜ਼ਾਦ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਸਬੰਧੀ ਉਨ੍ਹਾਂ ਦੀ ਸੋਚ ਨੂੰ ਹਕੀਕਤ ਵਿੱਚ ਬਦਲਣ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ, ਉਨ੍ਹਾਂ ਕਿਹਾ ਕਿ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ ਅਤੇ ਉਨ੍ਹਾਂ ਦੀ ਸ਼ਾਨਦਾਰ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਹੁਸੈਨੀਵਾਲਾ ਨੂੰ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਵਿੱਚ ਬਦਲਣ ਲਈ ਸਮਰਪਿਤ ਵਿਰਾਸਤੀ ਕੰਪਲੈਕਸ ‘ਤੇ 24.99 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਇਸ ਦੌਰਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਮਹਾਨ ਆਗੂਆਂ ਨੇ ਦੇਸ਼ ਅਤੇ ਇਸਦੇ ਲੋਕਾਂ ਦੀ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਹ ਸਥਾਨ ਹਰ ਦੇਸ਼ ਵਾਸੀ ਲਈ ਬਹੁਤ ਪਵਿੱਤਰ ਹੈ ਕਿਉਂਕਿ ਇਸੇ ਸਥਾਨ ‘ਤੇ ਅੰਗਰੇਜ਼ਾਂ ਵੱਲੋਂ ਬਿਨਾਂ ਕਿਸੇ ਸਨਮਾਨ ਦੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਗਿਆ ਸੀ। ਇਹ ਸਥਾਨ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਪ੍ਰਤੀ ਨਿਰਸਵਾਰਥ ਸੇਵਾ ਲਈ ਪ੍ਰੇਰਿਤ ਕਰਦਾ ਰਿਹਾ ਹੈ।”
ਮੁੱਖ ਮੰਤਰੀ ਨੇ ਕਿਹਾ, “ਮੈਂ ਖੁਦ ਨੂੰ ਬਹੁਤ ਸੁਭਾਗਾ ਸਮਝਦਾ ਹਾਂ ਕਿ ਮੈਨੂੰ ਇਸ ਪਵਿੱਤਰ ਧਰਤੀ ‘ਤੇ ਆ ਕੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਦੇਸ਼ ਹਮੇਸ਼ਾ ਇਸ ਸ਼ਹੀਦ ਦਾ ਰਿਣੀ ਰਹੇਗਾ ਜਿਸਨੇ 23 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਦੇਸ਼ ਨੂੰ ਬ੍ਰਿਟਿਸ਼ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।”
ਨੌਜਵਾਨਾਂ ‘ਤੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦੇ ਪ੍ਰਭਾਵ ਨੂੰ ਉਜਾਗਰ ਕਰਦਿਆਂ, ਉਨ੍ਹਾਂ ਕਿਹਾ, “ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੇ ਨੌਜਵਾਨਾਂ ਨੂੰ ਕੌਮੀ ਆਜ਼ਾਦੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ, ਜਿਸ ਨਾਲ ਦੇਸ਼ ਨੂੰ ਆਜ਼ਾਦੀ ਮਿਲੀ। ਸ਼ਹੀਦ-ਏ-ਆਜ਼ਮ ਹਮੇਸ਼ਾ ਲੱਖਾਂ ਨੌਜਵਾਨਾਂ ਲਈ ਰਾਸ਼ਟਰ ਦੀ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ। ਮੈਂ ਨੌਜਵਾਨਾਂ ਨੂੰ ਭਾਰਤ ਨੂੰ ਇੱਕ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਦੇਸ਼ ਬਣਾਉਣ ਲਈ ਸ਼ਹੀਦ ਭਗਤ ਸਿੰਘ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਦੀ ਅਪੀਲ ਕਰਦਾ ਹਾਂ।”
ਹੁਸੈਨੀਵਾਲਾ ਹੈਰੀਟੇਜ ਕੰਪਲੈਕਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹੁਸੈਨੀਵਾਲਾ ਹੈਰੀਟੇਜ ਕੰਪਲੈਕਸ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਸ ਪ੍ਰੋਜੈਕਟ ‘ਤੇ 24.99 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਪ੍ਰੋਜੈਕਟ ਸਾਡੇ ਮਹਾਨ ਸ਼ਹੀਦਾਂ ਦੇ ਸਨਮਾਨ ਲਈ ਇੱਕ ਨਿਮਾਣਾ ਜਿਹਾ ਯਤਨ ਹੈ ਅਤੇ ਇਸਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਆਜ਼ਾਦੀ ਘੁਲਾਟੀਆਂ ਦੀ ਸ਼ਾਨਦਾਰ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਹੈ। ਸਾਡਾ ਮੁੱਖ ਉਦੇਸ਼ ਹੁਸੈਨੀਵਾਲਾ ਵਿਖੇ ਵਿਰਾਸਤੀ ਖੇਤਰ ਨੂੰ ਵਿਕਸਤ ਕਰਨਾ ਹੈ ਅਤੇ ਇਸ ਵਿਰਾਸਤੀ ਕੰਪਲੈਕਸ ਦੇ ਨਿਰਮਾਣ ਨਾਲ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।”
ਪ੍ਰੋਜੈਕਟ ਦੀਆਂ ਵਿਸ਼ੇਸ਼ਤਾਵਾਂ ਦਾ ਵੇਰਵਾ ਦਿੰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਪ੍ਰੋਜੈਕਟ ਵਿੱਚ ਕੰਪਲੈਕਸ ਲਈ ਇੱਕ ਸ਼ਾਨਦਾਰ ਵਿਰਾਸਤੀ ਐਂਟਰੈਂਸ ਗੇਟ, ਸ਼ਹੀਦਾਂ ਦੇ ਜੀਵਨ ਨੂੰ ਸਮਰਪਿਤ ਦੋਵੇਂ ਪਾਸੇ ਇੱਕ ਵਿਰਾਸਤੀ ਗਲਿਆਰਾ, ਕੰਧ ਚਿੱਤਰ ਦੇ ਨਾਲ ਨਾਲ ਪਾਰਕਾਂ ਅਤੇ ਯਾਦਗਾਰੀ ਖੇਤਰਾਂ ਦਾ ਸੁੰਦਰੀਕਰਨ ਸ਼ਾਮਲ ਹੋਵੇਗਾ। ਇਸੇ ਤਰ੍ਹਾਂ, ਇਤਿਹਾਸਕ ਘਟਨਾਵਾਂ ਅਤੇ ਸ਼ਖਸੀਅਤਾਂ ਨੂੰ ਥੀਮੈਟਿਕ ਢੰਗ ਨਾਲ ਪੇਸ਼ ਕਰਨ ਲਈ ਪੁਰਾਣੇ ਪੁਲ ‘ਤੇ ਇੱਕ 3ਡੀ ਮੈਪਿੰਗ ਸ਼ੋਅ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਇੱਕ ਸੰਗੀਤਕ ਫੁਹਾਰਾ ਵੀ ਲਗਾਇਆ ਜਾਵੇਗਾ।”
ਕੰਪਲੈਕਸ ਵਿੱਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਹੋਰ ਸਹੂਲਤਾਂ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ, “ਕੰਪਲੈਕਸ ਵਿੱਚ ਬੱਚਿਆਂ ਲਈ ਇੱਕ ਸਮਰਪਿਤ ਖੇਡ ਖੇਤਰ, ਬਜ਼ੁਰਗ ਨਾਗਰਿਕਾਂ ਲਈ ਮਨੋਰੰਜਨ ਅਤੇ ਆਰਾਮਦਾਇਕ ਥਾਵਾਂ, ਇੱਕ ਆਨ-ਗਰਿੱਡ ਸੋਲਰ ਪਾਵਰ ਪਲਾਂਟ ਅਤੇ ਪੀਣ ਵਾਲੇ ਸਾਫ਼-ਸੁਥਰੇ ਪਾਣੀ ਲਈ ਇੱਕ ਆਰ.ਓ. ਪਲਾਂਟ ਦੀ ਵਿਵਸਥਾ ਵੀ ਹੋਵੇਗੀ।”

Related posts

ਮਮਤਾ ਬੈਨਰਜੀ ਦੀ ਵਕਾਲਤ ਦੇ ਸਟੇਟਸ ‘ਤੇ ਘਿਰੀ ਸਿਆਸਤ; ਬਾਰ ਕੌਂਸਲ ਆਫ਼ ਇੰਡੀਆ (BCI) ਨੇ ਪੱਛਮੀ ਬੰਗਾਲ ਤੋਂ ਮੰਗੀ ਰਿਪੋਰਟ

On Punjab

MasterChef Australia : ਭਾਰਤੀ ਮੂਲ ਦੇ ਜਸਟਿਨ ਨਾਰਾਇਣ ਬਣੇ ‘ਮਾਸਟਰਸ਼ੈਫ ਆਸਟ੍ਰੇਲੀਆ ਸੀਜ਼ਨ 13 ਦੇ ਜੇਤੂ

On Punjab

ਪਾਕਿ ਤੋਂ ਆਉਣ ਵਾਲੇ ਹਥਿਆਰ ਤੇ ਨਸ਼ੀਲੇ ਪਦਾਰਥਾਂ ਨੂੰ ਚੈੱਕ ਕਰਨਗੇ ਖੋਜੀ ਕੁੱਤੇ

On Punjab