ਮੁੰਬਈ- ਭਾਰਤੀ ਜਲ ਸੈਨਾ ਨੇ ਸੋਮਵਾਰ ਨੂੰ ਆਈਐਨਐਸ ਮਾਹੇ ਨੂੰ ਆਪਣੇ ਬੇੜੇ ਵਿਚ ਸ਼ਾਮਲ ਕਰ ਲਿਆ। ਇਹ ਮਾਹੇ-ਵਰਗ ਦਾ ਐਂਟੀ-ਪਣਡੁੱਬੀ ਵਾਰਫੇਅਰ ਘੱਟ ਡੂੰਘੇ ਪਾਣੀ ਵਾਲਾ ਪਹਿਲਾ ਸਮੁੰਦਰੀ ਬੇੜਾ ਹੈ, ਜਿਸ ਤੋਂ ਇਸ ਦੀ ਜੰਗੀ ਸ਼ਕਤੀ ਵਧਣ ਦੀ ਉਮੀਦ ਹੈ। ਆਈਐਨਐਸ ਮਾਹੇ ਦੀ ਕਮਿਸ਼ਨਿੰਗ ਮੌਕੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਮੁੱਖ ਮਹਿਮਾਨ ਸਨ। ਸਮੁੰਦਰੀ ਬੇੜਾ ਮਾਹੇ ਸਵਦੇਸ਼ੀ ਘੱਟ ਪਾਣੀ ਵਿਚ ਲੜਨ ਵਾਲੇ ਲੜਾਕੂ ਜਹਾਜ਼ਾਂ ਦੀ ਨਵੀਂ ਪੀੜ੍ਹੀ ਨੂੰ ਦਰਸਾਉਂਦਾ ਹੈ, ਜੋ ਫੁਰਤੀਲੇ, ਤੇਜ਼ ਤੇ ਪੱਕੇ ਇਰਾਦੇ ਵਾਲੇ ਭਾਰਤੀ ਹਨ। ਕੋਚੀਨ ਸ਼ਿਪਯਾਰਡ ਲਿਮਟਿਡ (CSL) ਵੱਲੋਂ ਬਣਾਇਆ ਗਿਆ INS ਮਾਹੇ, ਡਿਜ਼ਾਈਨ ਤੇ ਨਿਰਮਾਣ ਵਿਚ ਵਿੱਚ ਭਾਰਤ ਦੀ ਆਤਮਨਿਰਭਰ ਭਾਰਤ ਪਹਿਲ ਦੀ ਸਭ ਤੋਂ ਵੱਡੀ ਮਿਸਾਲ ਹੈ। ਜਲਸੈਨਾ ਨੇ ਕਿਹਾ ਕਿ ਸੰਖੇਪ ਪਰ ਸ਼ਕਤੀਸ਼ਾਲੀ, ਇਹ ਜਹਾਜ਼ ਫੁਰਤੀ, ਸਟੀਕਤਾ ਅਤੇ ਸਹਿਣਸ਼ੀਲਤਾ ਨੂੰ ਦਰਸਾਉਂਦਾ ਹੈ ਤੇ ਇਹ ਗੁਣ ਸਮੁੰਦਰੀ ਕੰਢਿਆਂ ’ਤੇ ਦਬਦਬਾ ਬਣਾਉਣ ਲਈ ਬਹੁਤ ਜ਼ਰੂਰੀ ਹੈ।

