62.22 F
New York, US
October 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵੱਖ-ਵੱਖ ਥਾਵਾਂ ’ਤੇ ਦਸਹਿਰਾ ਮਨਾਇਆ

ਸੰਗਰੂਰ-  ਸੰਗਰੂਰ ਵਿੱਚ ਵੱਖ-ਵੱਖ ਥਾਵਾਂ ’ਤੇ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਸ਼ਹਿਰ ਦੀ ਰਾਮ ਵਾਟਿਕਾ ਰਾਮ ਲੀਲਾ ਕਮੇਟੀ ਬੱਘੀਖਾਨਾ ਵੱਲੋਂ ਰਣਬੀਰ ਕਾਲਜ ਦੇ ਖੇਡ ਮੈਦਾਨ ’ਚ, ਸ੍ਰੀ ਰਾਮ ਲੀਲਾ ਵੈੱਲਫੇਅਰ ਕਮੇਟੀ ਸੇਖੂਪੁਰਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਮਾਰਕੀਟ ਤੇ ਪੁਰਸ਼ਾਰਥੀ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਪਟਿਆਲਾ ਗੇਟ ’ਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਫੂਕੇ ਗਏ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਦਸਹਿਰੇ ਦਾ ਤਿਉਹਾਰ ਸਾਨੂੰ ਸਿਰਫ਼ ਬੁਰਾਈ ’ਤੇ ਅੱਛਾਈ ਦੀ ਜਿੱਤ ਦਾ ਸੁਨੇਹਾ ਹੀ ਨਹੀਂ ਦਿੰਦਾ, ਸਗੋਂ ਸਾਡੇ ਅੰਦਰ ਲੁਕੇ ਹੰਕਾਰ, ਈਰਖਾ ਅਤੇ ਬੁਰਾਈਆਂ ਨੂੰ ਸਾੜ ਕੇ ਭਗਵਾਨ ਰਾਮ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਰਾਵਣ ਦਾ ਵਿਦਵਾਨ ਹੁੰਦੇ ਹੋਏ ਵੀ ਹੰਕਾਰ ਕਾਰਨ ਨਾਸ਼ ਹੋ ਗਿਆ। ਇਸ ਲਈ ਮਨੁੱਖ ਨੂੰ ਹਮੇਸ਼ਾ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ ਅਤੇ ਸਮਾਜ ਵਿੱਚ ਆਪਸੀ ਪ੍ਰੇਮ-ਪਿਆਰ ਤੇ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਰਾਮ ਲੀਲਾ ਕਮੇਟੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸ਼ਾਨਦਾਰ ਧਾਰਮਿਕ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਝਾਕੀਆਂ ਦੇ ਦਰਸ਼ਨ ਕਰ ਕੇ ਸ਼ਹਿਰ ਵਾਸੀਆਂ ਨੇ ਦਸਹਿਰੇ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਥਾਂ-ਥਾਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ। ਇਸ ਮੌਕੇ ਪੁਰਸ਼ਾਰਥੀ ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਜਤਿੰਦਰ ਕਾਲਾ, ਗੌਰਵ ਗਾਬਾ, ਡਾਇਰੈਕਟਰ ਪੰਡਿਤ ਦੇਸ਼ਰਾਜ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਵਿਜੈ ਇੰਦਰ ਸਿੰਗਲਾ ਦਾ ਸਨਮਾਨ ਕੀਤਾ ਗਿਆ।

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਪਟਿਆਲੇ ਵਿੱਚ ਮੁੱਖ ਸਮਾਗਮ ਵੀਰ ਹਕੀਕਤ ਰਾਏ ਗਰਾਊਂਡ ਵਿੱਚ ਮਨਾਇਆ ਗਿਆ ਜਿੱਥੇ ਸ੍ਰੀ ਰਾਮ ਸੇਵਾ ਸਮਿਤੀ ਦੇ ਪ੍ਰਧਾਨ ਗੌਤਮ ਦੀ ਅਗਵਾਈ ਵਿੱਚ ਕਰਵਾਏ ਪ੍ਰੋਗਰਾਮ ਵਿਚ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਿਰਕਤ ਕਰ ਕੇ ਰਾਵਣ ਦਾ ਪੁਤਲਾ ਫੂਕਿਆ। ਇਸੇ ਤਰ੍ਹਾਂ ਪਟਿਆਲਾ ਵਿੱਚ ਜੌੜੀਆਂ ਭੱਠੀਆਂ ਰਾਇਲ ਯੂਥ ਕਲੱਬ ਅਤੇ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਹੇਠ ਦਸਹਿਰਾ ਮਨਾਇਆ ਗਿਆ।

ਪ੍ਰਸਿਧ ਨਿਰਦੇਸ਼ਕ ਮੋਹਨ ਕੰਬੋਜ ਅਤੇ ਉਨ੍ਹਾਂ ਦੇ ਪੁੱਤਰ ਐੱਸ ਕੁੰਤਲ ਕੰਬੋਜ ਦੇ ਨਿਰਦੇਸ਼ਨ ਹੇਠ ਦਸਹਿਰੇ ਵਾਲੇ ਦਿਨ ਰਾਮ ਲੀਲਾ ਦੌਰਾਨ ਕੁੰਭਕਰਨ ਵਧ, ਮੇਘਨਾਦ ਵਧ ਅਤੇ ਰਾਵਣ ਵਧ ਦੇ ਦ੍ਰਿਸ਼ਾਂ ਦਾ ਮੰਚਨ ਕੀਤਾ ਗਿਆ। ਇਸ ਉਪਰੰਤ ਪੁਤਲੇ ਫੂਕੇ ਗਏ। ਇਸੇ ਤਰ੍ਹਾਂ ਪਾਸੀ ਰੋਡ ਪਟਿਆਲਾ ਵਿੱਚ ਸੱਤ ਨਰਾਇਣ ਮੰਦਰ ਵਿੱਚ ਵੱਡੀ ਗਿਣਤੀ ਸ਼ਰਧਾਲੂ ਪੁੱਜੇ। ਰਾਸ਼ਟਰੀ ਜੋਤੀ ਕਲਾ ਮੰਚ ਦੇ ਪ੍ਰਧਾਨ ਰਾਕੇਸ਼ ਠਾਕੁਰ ਦੀ ਅਗਵਾਈ ਵਿੱਚ ਐੱਸ ਐੱਸ ਟੀ ਨਗਰ ’ਚ ਦਸਹਿਰਾ ਮਨਾਇਆ, ਰਾਘੋ ਮਾਜਰਾ ਨਿਊ ਮਹਾਵੀਰ ਸੇਵਾ ਦਲ ਨੇ ਰਾਵਣ ਸਾੜਿਆ, ਅਰਬਨ ਅਸਟੇਟ ਫੇਜ਼ ਇੱਕ ਵਿੱਚ ਵੀ ਸਮਾਗਮ ਕਰਵਾਇਆ ਗਿਆ। ਅਰਬਨ ਫਰੈਂਡਜ਼ ਕਲੱਬ ਵੱਲੋਂ ਅਰਬਨ ਅਸਟੇਟ ਫੇਜ਼ ਦੋ ਵਿੱਚ ਕਰਵਾਏ ਪ੍ਰੋਗਰਾਮ ਵਿਚ ਦਿਲਨੂਰ, ਸ਼ਿਵਮ ਹੈਦਰੀ, ਸਾਹਿਲ, ਰਾਜਵੀਰ ਤੇ ਕੇਵੀ ਨੇ ਗੀਤ ਗਾ ਕੇ ਰੰਗ ਬੰਨ੍ਹਿਆ।

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਡਾ. ਬੀ ਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਜੁਲਾਹ ਖੇੜੀ ਵਿੱਚ ਕਿੰਡਰਗਾਰਟਨ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਵੱਲੋਂ ਦਸਹਿਰਾ ਮਨਾਇਆ। ਬੱਚਿਆਂ ਨੂੰ ਦਸਹਿਰੇ ਦੀ ਮਹੱਤਤਾ ਅਤੇ ਇਸ ਨਾਲ ਜੁੜੀਆਂ ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਅਤੇ ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਨੇ ਬੱਚਿਆਂ ਨੂੰ ਦਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਚੰਗੇ ਸੰਸਕਾਰ ਵੀ ਪੈਦਾ ਕਰਦੇ ਹਨ।

ਲਹਿਰਾਗਾਗਾ (ਰਮੇਸ਼ ਭਾਰਦਵਾਜ): ਵਿਲੇਜ਼ ਜੈ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਦਸਹਿਰੇ ਮੌਕੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਸ ਨੂੰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਥੇਦਾਰ ਪਰਗਟ ਸਿੰਘ ਗਾਗਾ, ਜਸਵਿੰਦਰ ਸਿੰਘ, ਪ੍ਰਕਾਸ਼ ਸਿੰਘ ਖ਼ਾਲਸਾ, ਜਗਤਾਰ ਸਿੰਘ ਭੁੱਲਰ ਨੇ ਜੀ ਪੀ ਐੱਫ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਆਗੂਆਂ ਨੇ ਕਿਹਾ ਕਿ ਰਾਮ ਲੀਲਾ ਕਲੱਬ ਵੱਲੋਂ ਲੋਕਾਂ ਨੂੰ ਸਾਡੇ ਅਮੀਰ ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਜੋੜਿਆ ਜਾਂਦਾ ਹੈ। ਰਾਮ ਲੀਲਾ ਕਲੱਬ ਦੇ ਪ੍ਰਧਾਨ ਸਾਹਿਲ ਸ਼ਰਮਾ, ਕੁਲਦੀਪ ਸਿੰਘ, ਕਾਰਤਿਕ ਸ਼ਰਮਾ ਅਤੇ ਅਫ਼ਤਾਹ ਸ਼ਾਹ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਹਰ ਸਾਲ ਰਾਮਲੀਲਾ ਕੀਤੀ ਜਾਂਦੀ ਹੈ। ਇਸ ਮੌਕੇ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

ਰਾਜਪੁਰਾ ਅਤੇ ਘਨੌਰ ਵਿੱਚ ਵੱਡੀ ਗਿਣਤੀ ਲੋਕ ਦਸਹਿਰਾ ਦੇਖਣ ਪੁੱਜੇ: ਦਸਹਿਰੇ ਦਾ ਤਿਉਹਾਰ ਰਾਜਪੁਰਾ ਸ਼ਹਿਰ ਅਤੇ ਘਨੌਰ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਜਪੁਰਾ ਵਿੱਚ ਚਾਰ ਵੱਖ-ਵੱਖ ਥਾਵਾਂ ਅਤੇ ਘਨੌਰ ਵਿੱਚ ਇੱਕ ਥਾਂ ’ਤੇ ਰਾਵਣ ਦੇ ਪੁਤਲੇ ਫੂਕੇ ਗਏ। ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਜਾਣਕਾਰੀ ਅਨੁਸਾਰ ਝੰਡਾ ਗਰਾਊਂਡ ਵਿੱਚ ਕ੍ਰਿਸ਼ਨਾ ਡਰਾਮੈਟਿਕ ਕਲੱਬ ਵੱਲੋਂ ਪ੍ਰਧਾਨ ਰਾਜ ਕੁਮਾਰ ਵਧਵਾ ਦੀ ਅਗਵਾਈ ਹੇਠ ਦਸਹਿਰਾ ਮਨਾਇਆ ਗਿਆ। ਇਸ ਮੌਕੇ ਲਵਿਸ਼ ਮਿੱਤਲ ਮੁੱਖ ਮਹਿਮਾਨ ਵਜੋਂ ਪਹੁੰਚੇ। ਫੋਕਲ ਪੁਆਇੰਟ ਵਿੱਚ ਸੰਗਮ ਵੈੱਲਫੇਅਰ ਕਲੱਬ ਵੱਲੋਂ ਪ੍ਰਧਾਨ ਅਮਨ ਵਰਮਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਦੇਵੀ ਮੰਦਰ ਪੁਰਾਣਾ ਰਾਜਪੁਰਾ ਵਿੱਚ ਸੇਵਾ ਸਮਿਤੀ ਰਾਮਲੀਲਾ ਕਲੱਬ ਵੱਲੋਂ ਪ੍ਰਧਾਨ ਵਰਿੰਦਰ ਜਰਗਰ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਅਜੈ ਮਿੱਤਲ ਸ਼ਾਮਲ ਹੋਏ। ਮਿਰਚ ਮੰਡੀ ਵਿੱਚ ਮਿਰਚ ਮੰਡੀ ਰਾਮਲੀਲਾ ਕਲੱਬ ਵੱਲੋਂ ਚੀਫ ਡਾਇਰੈਕਟਰ ਰਾਕੇਸ਼ ਕਾਲਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਵਿਧਾਇਕਾ ਨੀਨਾ ਮਿੱਤਲ ਨੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ। ਉਧਰ, ਨਗਰ ਪੰਚਾਇਤ ਘਨੌਰ ਵੱਲੋਂ ਕਰਵਾਏ ਸਮਾਗਮ ਵਿੱਚ ਵਿਧਾਇਕ ਗੁਰਲਾਲ ਘਨੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ।

Related posts

ਫੇਸਬੁੱਕ ਤੋਂ ਹਟਾਏ ਜਾਣ ਤੋਂ ਬਾਅਦ ਇਸ ਤਰੀਕੇ ਨਾਲ ਫਿਰ ਡੋਨਾਲਡ ਟਰੰਪ ਨੇ ਕੀਤੀ ਐਕਟਿਵ ਹੋਣ ਦੀ ਕੋਸ਼ਿਸ਼

On Punjab

ਅਯੁੱਧਿਆ ਰਾਮ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤੇਂਦਰ ਦਾਸ ਦਾ ਦੇਹਾਂਤ

On Punjab

ਮੌਰੀਸ਼ਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦਾ ਸਰਵਉੱਚ ਸਨਮਾਨ

On Punjab