PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਾਹੁਲ ਦਾ ਸੈਂਕੜਾ; ਭਾਰਤ ਨੇ ਨਿਊਜ਼ੀਲੈਂਡ ‘ਤੇ ਕੱਸਿਆ ਸ਼ਿਕੰਜਾ

ਵੈਲਿੰਗਟਨ-  ਭਾਰਤੀ ਟੀਮ ਨੇ ਸਨਿੱਚਰਵਾਰ ਨੂੰ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਆਪਣੀ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ’ਤੇ 486 ਦੌੜਾਂ ਬਣਾ ਕੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ ਸਥਿਤੀ ਮਜ਼ਬੂਤ ਕਰ ਲਈ ਹੈ। ਇਸ ਦੌਰਾਨ ਸਲਾਮੀ ਬੱਲੇਬਾਜ਼ ਕੇ ਐੱਲ ਰਾਹੁਲ ਨੇ ਸ਼ਾਨਦਾਰ ਸੈਂਕੜਾ ਜੜਿਆ, ਜਦਕਿ ਕਪਤਾਨ ਸ਼ੁਭਮਨ ਗਿੱਲ ਅਤੇ ਦੇਵਦੱਤ ਪਡੀਕਲ ਸੈਂਕੜੇ ਤੋਂ ਖੁੰਝ ਗਏ। ਭਾਰਤ ਨੇ ਇਸ ਤਰ੍ਹਾਂ ਨਿਊਜ਼ੀਲੈਂਡ (368 ਦੌੜਾਂ) ’ਤੇ 118 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ।

ਰਾਹੁਲ ਨੇ 290 ਗੇਂਦਾਂ ’ਤੇ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 136 ਦੌੜਾਂ ਬਣਾਈਆਂ। ਪਡੀਕਲ ਨੇ 175 ਗੇਂਦਾਂ ’ਤੇ 10 ਚੌਕਿਆਂ ਨਾਲ 80 ਦੌੜਾਂ ਦਾ ਯੋਗਦਾਨ ਪਾਇਆ। ਗਿੱਲ ਦਿਨ ਦੀ ਖੇਡ ਖ਼ਤਮ ਹੋਣ ਤੋਂ ਦੋ ਗੇਂਦਾਂ ਪਹਿਲਾਂ 98 ਦੌੜਾਂ (146 ਗੇਂਦਾਂ, 9 ਚੌਕੇ, 2 ਛੱਕੇ) ਬਣਾ ਕੇ ਆਊਟ ਹੋ ਗਏ। ਸਟੰਪ ਉੱਖੜਨ ਵੇਲੇ ਰਿਸ਼ਭ ਪੰਤ 55 ਦੌੜਾਂ (62 ਗੇਂਦਾਂ, 5 ਚੌਕੇ, 2 ਛੱਕੇ) ਅਤੇ ਨਾਈਟ ਵਾਚਮੈਨ ਅੰਸ਼ੁਲ ਕੰਬੋਜ ਬਿਨਾਂ ਖਾਤਾ ਖੋਲ੍ਹੇ ਕਰੀਜ਼ ’ਤੇ ਸਨ। ਯਸ਼ਸਵੀ ਜਾਇਸਵਾਲ ਨੇ ਦੂਜੇ ਦਿਨ 85 ਦੌੜਾਂ ਬਣਾਈਆਂ ਸਨ। ਭਾਰਤ ਲਈ ਇਹ ਪੰਜਵਾਂ ਮੌਕਾ ਹੈ, ਜਦੋਂ ਉਸ ਦੇ ਸਿਖਰਲੇ ਪੰਜ ਬੱਲੇਬਾਜ਼ਾਂ ਨੇ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ ਵਿਦੇਸ਼ੀ ਧਰਤੀ ’ਤੇ ਇਹ ਪਹਿਲੀ ਵਾਰ ਹੋਇਆ ਹੈ।

ਭਾਰਤ ਨੇ ਸਵੇਰੇ 159/1 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਨਿਊਜ਼ੀਲੈਂਡ ਨੂੰ ਪਹਿਲੇ ਦੋ ਸੈਸ਼ਨਾਂ ਵਿੱਚ ਇੱਕੋ-ਇੱਕ ਸਫਲਤਾ ਪਡੀਕਲ ਦੇ ਰੂਪ ਵਿੱਚ ਮਿਲੀ, ਜਿਸ ਨੂੰ ਕਾਇਲ ਜੈਮੀਸਨ ਨੇ ਬੋਲਡ ਕਰਕੇ ਲਗਾਤਾਰ ਤੀਜਾ ਸੈਂਕੜਾ ਬਣਾਉਣ ਤੋਂ ਰੋਕ ਦਿੱਤਾ। ਰਾਹੁਲ ਨੇ ਲੰਚ ਤੋਂ ਬਾਅਦ ਡਫੀ ਦੀ ਗੇਂਦ ’ਤੇ ਸੈਂਕੜਾ ਪੂਰਾ ਕੀਤਾ। ਇਸ ਨਾਲ ਉਹ ਮੁਹੰਮਦ ਅਜ਼ਹਰੂਦੀਨ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਅਤੇ ਵਿਰਾਟ ਕੋਹਲੀ ਤੋਂ ਬਾਅਦ ਸੈਨਾ (SENA – ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟਰੇਲੀਆ) ਦੇਸ਼ਾਂ ਵਿੱਚ ਸੈਂਕੜਾ ਲਗਾਉਣ ਵਾਲਾ ਪੰਜਵਾਂ ਭਾਰਤੀ ਬਣ ਗਿਆ। ਰਾਹੁਲ ਨੇ ਜਾਇਸਵਾਲ ਨਾਲ ਪਹਿਲੀ ਵਿਕਟ ਲਈ 130 ਅਤੇ ਪਡੀਕਲ ਨਾਲ ਦੂਜੀ ਵਿਕਟ ਲਈ 165 ਦੌੜਾਂ ਜੋੜੀਆਂ। ਨਿਊਜ਼ੀਲੈਂਡ ਵਿੱਚ ਇਹ ਸਿਰਫ਼ ਤੀਜਾ ਮੌਕਾ ਹੈ ਜਦੋਂ ਮਹਿਮਾਨ ਟੀਮ ਨੇ ਪਹਿਲੀਆਂ ਦੋ ਵਿਕਟਾਂ ਲਈ ਸੈਂਕੜੇ ਵਾਲੀ ਭਾਈਵਾਲੀ ਕੀਤੀ। ਗਿੱਲ ਨੇ ਰਾਹੁਲ ਨਾਲ 91 ਅਤੇ ਪੰਤ ਨਾਲ 100 ਦੌੜਾਂ ਦੀ ਭਾਈਵਾਲੀ ਕੀਤੀ। ਰਾਹੁਲ ਨੂੰ ਨਾਥਨ ਸਮਿਥ ਨੇ ਬੋਲਡ ਕੀਤਾ।

Related posts

ਈਰਾਨ ਖਿਲਾਫ ਅਮਰੀਕਾ ਦਾ ਫੈਸਲਾ, UN ਦੀ ਮਹਿਲਾ ਅਧਿਕਾਰ ਨਿਕਾਹ ਤੋਂ ਕੱਢਣ ਦੀ ਕਰੇਗਾ ਮੰਗ

On Punjab

ਸ਼ਾਹਬਾਜ਼ ਸ਼ਰੀਫ਼ ਨੇ Operation Sindoor ਦੌਰਾਨ ਨੂਰ ਖ਼ਾਨ ਬੇਸ ’ਤੇ ਹਮਲੇ ਦੀ ਗੱਲ ਕਬੂਲੀ

On Punjab

Punjab Election 2022: ਆਖਰ ਗੁਰਮੀਤ ਰਾਮ ਰਹੀਮ ਕਿਉਂ ਵਾਰ ਵਾਰ ਮੰਗ ਰਹੇ ਹਨ ਪੈਰੋਲ, ਜਾਣੋ ਮਤਲਬ

On Punjab