PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੋਦੀ ਨੂੰ ਘੇਰਨ ਵਾਲੀ ਨਾਰਵੇ ਦੀ ਪੱਤਰਕਾਰ ਹੈਲੇ ਲਿੰਗ ਦੇ ਇੰਸਟਾਗ੍ਰਾਮ ਤੇ ਫੇਸਬੁੱਕ ਅਕਾਊਂਟ ਸਸਪੈਂਡ

ਚੰਡੀਗੜ੍ਹ-  ਨਾਰਵੇ ਦੀ ਮਹਿਲਾ ਪੱਤਰਕਾਰ ਹੈਲੇ ਲਿੰਗ (Helle Lyng) ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਓਸਲੋ ਫੇਰੀ ਦੌਰਾਨ ਮੀਡੀਆ ਇੰਟਰੈਕਸ਼ਨ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦਾ ਵਿਵਾਦ ਹੁਣ ਹੋਰ ਡੂੰਘਾ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ‘ਦੁਨੀਆ ਦੇ ਸਭ ਤੋਂ ਆਜ਼ਾਦ ਮੀਡੀਆ’ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦੇਣ ਵਾਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਹੈਲੇ ਲਿੰਗ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਇੰਸਟਾਗ੍ਰਾਮ (Instagram) ਅਤੇ ਫੇਸਬੁੱਕ (Facebook) ਅਕਾਊਂਟਸ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ।

ਨਾਰਵੇ ਦੇ ਅਖ਼ਬਾਰ ‘ਡੈਗਸਵਿਸਨ’ ਦੀ ਇਸ ਪੱਤਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇਸ ਦੀ ਪੁਸ਼ਟੀ ਕਰਦਿਆਂ ਲਿਖਿਆ, “ ਜੇਕਰ ਤੁਸੀਂ ਮੇਰੇ ਨਾਲ ਇੰਸਟਾਗ੍ਰਾਮ ਜਾਂ ਫੇਸਬੁੱਕ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਦੋਵੇਂ ਅਕਾਊਂਟਸ ਸਸਪੈਂਡ ਕਰ ਦਿੱਤੇ ਗਏ ਹਨ। ਮੈਂ ਵੱਧ ਤੋਂ ਵੱਧ ਭਾਰਤੀਆਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੀ ਸੀ, ਪਰ ਹੁਣ ਇਸ ਵਿੱਚ ਦੇਰੀ ਹੋਵੇਗੀ। ਉਮੀਦ ਹੈ ਕਿ ਮੇਰੇ ਅਕਾਊਂਟਸ ਜਲਦੀ ਵਾਪਸ ਮਿਲ ਜਾਣਗੇ।” ਪੱਤਰਕਾਰ ਵੱਲੋਂ ਸਾਂਝੇ ਕੀਤੇ ਗਏ ਸਕ੍ਰੀਨਸ਼ਾਟ ਮੁਤਾਬਕ, ‘ਮੈਟਾ’ ਵੱਲੋਂ ਉਸ ਦਾ ਇੰਸਟਾਗ੍ਰਾਮ ਅਕਾਊਂਟ 19 ਮਈ 2026 ਨੂੰ ਸਸਪੈਂਡ ਕੀਤਾ ਗਿਆ ਹੈ ਅਤੇ ਅਪੀਲ ਕਰਨ ਲਈ 180 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਅਕਾਊਂਟ ਬੰਦ ਹੋਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਹੈਲੇ ਲਿੰਗ ਨੇ ਇਸ ਨੂੰ ‘ਪ੍ਰੈੱਸ ਦੀ ਆਜ਼ਾਦੀ ਲਈ ਚੁਕਾਉਣੀ ਪਈ ਇੱਕ ਛੋਟੀ ਜਿਹੀ ਕੀਮਤ’ ਦੱਸਿਆ ਹੈ।

ਇਸੇ ਦੌਰਾਨ ਅਧਿਕਾਰਤ ਮੀਡੀਆ ਬ੍ਰੀਫਿੰਗ ਦੌਰਾਨ ਵੀ ਜਦੋਂ ਹੈਲੇ ਲਿੰਗ ਨੇ ਭਾਰਤੀ ਅਧਿਕਾਰੀਆਂ ਨੂੰ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਅਤੇ ਭਾਰਤ ’ਤੇ ‘ਭਰੋਸਾ’ ਕਰਨ ਦੇ ਸਵਾਲਾਂ ਨਾਲ ਘੇਰਨ ਦੀ ਕੋਸ਼ਿਸ਼ ਕੀਤੀ, ਤਾਂ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮੀ) ਸਿਬੀ ਜਾਰਜ ਨੇ ਬੇਹੱਦ ਤਿੱਖਾ ਜਵਾਬ ਦਿੱਤਾ। ਸਿਬੀ ਜਾਰਜ ਨੇ ਭਾਰਤੀ ਲੋਕਤੰਤਰ ਦਾ ਪੱਖ ਪੂਰਦਿਆਂ ਕਿਹਾ, “ਅਸੀਂ ਦੁਨੀਆ ਦੀ ਕੁੱਲ ਆਬਾਦੀ ਦਾ ਛੇਵਾਂ ਹਿੱਸਾ ਹਾਂ, ਪਰ ਸਾਡੇ ਕੋਲ ਦੁਨੀਆ ਦੀਆਂ ਮੁਸ਼ਕਿਲਾਂ ਦਾ ਛੇਵਾਂ ਹਿੱਸਾ ਨਹੀਂ ਹੈ। ਸਾਡਾ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਮੌਲਿਕ ਅਧਿਕਾਰਾਂ (Fundamental Rights) ਦੀ ਗਾਰੰਟੀ ਦਿੰਦਾ ਹੈ। ਜੇਕਰ ਕਿਸੇ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਤਾਂ ਉਹ ਸਿੱਧਾ ਅਦਾਲਤ ਜਾ ਸਕਦਾ ਹੈ। ਸਾਨੂੰ ਆਪਣੇ ਲੋਕਤੰਤਰ ’ਤੇ ਮਾਣ ਹੈ।” ਉਨ੍ਹਾਂ ਭਾਰਤ ਵਿਰੁੱਧ ਬਾਹਰੀ ਟਿੱਪਣੀਆਂ ਅਤੇ ਚੋਣਵੇਂ ਨੈਰੇਟਿਵ (ਬਿਆਨਬਾਜ਼ੀ) ਗੜ੍ਹਨ ਵਾਲਿਆਂ ਦੀ ਵੀ ਕਰੜੀ ਨਿੰਦਾ ਕੀਤੀ।

ਮੈਂ ਕੋਈ ਜਾਸੂਸ ਨਹੀਂ : ਪੱਤਰਕਾਰ ਦੀ ਸਫ਼ਾਈ- ਸੋਸ਼ਲ ਮੀਡੀਆ ’ਤੇ ਭਾਰਤੀ ਯੂਜ਼ਰਸ ਵੱਲੋਂ ਹੋ ਰਹੀ ਭਾਰੀ ਟ੍ਰੋਲਿੰਗ ਅਤੇ ਵਿਦੇਸ਼ੀ ਏਜੰਟ ਜਾਂ ਜਾਸੂਸ ਹੋਣ ਦੇ ਲੱਗ ਰਹੇ ਦੋਸ਼ਾਂ ’ਤੇ ਹੈਲੇ ਲਿੰਗ ਨੇ ਮੁੜ ਸਫ਼ਾਈ ਦਿੱਤੀ ਹੈ। ਉਸ ਨੇ ਲਿਖਿਆ ਕਿ ਪੱਤਰਕਾਰੀ ਕਈ ਵਾਰ ਟਕਰਾਅ ਵਾਲੀ ਹੁੰਦੀ ਹੈ ਅਤੇ ਸਵਾਲਾਂ ਦੇ ਜਵਾਬ ਲੱਭਣਾ ਉਸ ਦਾ ਫ਼ਰਜ਼ ਹੈ। ਉਸ ਨੇ ਸਾਫ਼ ਕੀਤਾ, “ ਮੈਂ ਕੋਈ ਵਿਦੇਸ਼ੀ ਜਾਸੂਸ ਨਹੀਂ ਹਾਂ ਅਤੇ ਨਾ ਹੀ ਮੈਨੂੰ ਕਿਸੇ ਸਰਕਾਰ ਨੇ ਭੇਜਿਆ ਹੈ। ਜੇਕਰ ਕੋਈ ਸ਼ਕਤੀਸ਼ਾਲੀ ਵਿਅਕਤੀ ਮੇਰੇ ਸਵਾਲ ਦਾ ਜਵਾਬ ਨਹੀਂ ਦਿੰਦਾ, ਤਾਂ ਮੈਂ ਦੁਬਾਰਾ ਟੋਕ ਕੇ ਸਹੀ ਜਵਾਬ ਲੈਣ ਦੀ ਕੋਸ਼ਿਸ਼ ਕਰਦੀ ਹਾਂ, ਇਹ ਮੇਰੀ ਡਿਊਟੀ ਹੈ।”

Related posts

ਧੀਆਂ ਦਾ ਜਨਮ

Pritpal Kaur

George Floyds Death : ਸਿਆਹਫਾਮ ਨਾਗਰਿਕ ਜਾਰਜ ਫਲਾਇਡ ਮੌਤ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਹੱਤਿਆ ਦਾ ਦੋਸ਼ੀ ਕਰਾਰ

On Punjab

Two Child Policy: ਐਕਸਪਰਟ ਤੋਂ ਜਾਣੋ – ਆਖਰ, ਭਾਰਤ ਲਈ ਕਿਉਂ ਬੇਹੱਦ ਜ਼ਰੂਰੀ ਹੈ ਦੋ ਬੱਚਾ ਨੀਤੀ

On Punjab