74.52 F
New York, US
May 29, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਮਿੰਨੀ ਵਿਧਾਨ ਸਭਾ’ ਚੋਣਾਂ ’ਚ ਵੱਡੀ ਜਿੱਤ ਵੱਲ AAP, CM ਮਾਨ ਬੋਲੇ; “ਜਨਤਾ ਨੇ ਵਿਕਾਸ ਦੇ ਕੰਮਾਂ ‘ਤੇ ਲਗਾਈ ਮੋਹਰ”

ਨਾਭਾ-  ਨਾਭਾ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 22 ਦਾ ਨਤੀਜਾ ਸਭ ਤੋਂ ਹੈਰਾਨੀਜਨਕ ਰਿਹਾ। ਇੱਥੇ ਕਿਸਾਨਾਂ ਦੀ ਟਰਾਲੀ ਚੋਰੀ ਦੇ ਦੋਸ਼ਾਂ ਹੇਠਾਂ ਘਿਰਨ ਵਾਲੇ ਪੰਕਜ ਪੱਪੂ ਦੀ ਪਤਨੀ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ 890 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਟਰਾਲੀ ਚੋਰੀ ਦੇ ਦੋਸ਼ਾ ਵਿੱਚ ਘਿਰਨ ਮਗਰੋਂ ਆਮ ਆਦਮੀ ਪਾਰਟੀ (ਆਪ) ਵੱਲੋਂ ਸੁਜਾਤਾ ਚਵਾਲਾ ਅਤੇ ਪੰਕਜ ਪੱਪੂ ਨੂੰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉੱਥੇ ਹੀ ‘ਆਪ’ ਉਮੀਦਵਾਰ ਨੂੰ ਸਿਰਫ਼ 15 ਵੋਟਾਂ ਹੀ ਮਿਲ ਸਕੀਆਂ ਹਨ।

ਇੱਥੇ ਇਹ ਗੱਲ ਵੀ ਕਾਫ਼ੀ ਦਿਲਚਸਪ ਰਹੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਤੱਕ ਸੁਜਾਤਾ ਚਾਵਲਾ ਦੇ ਪਤੀ ਮੁਨੀਸ਼ ਕੁਮਾਰ ਉਰਫ਼ ਪੰਕਜ ਪੱਪੂ ਵੱਲੋਂ ਹੀ ਪ੍ਰਪੋਜ਼ (ਤਸਦੀਕ) ਕੀਤੇ ਗਏ ਸਨ। ਇਸ ਦੇ ਨਾਲ ਹੀ ਪੰਕਜ ਪੱਪੂ ਵੱਲੋਂ ਕੀਤੀ ਗਈ ਚੋਣ ਪ੍ਰਚਾਰ ਦੀ ਵਿਊਂਤਬੰਦੀ ਵੀ ਸ਼ਹਿਰ ਅੰਦਰ ਆਪਣੇ ਆਪ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੌਂਸਲ ਪ੍ਰਧਾਨ ਦਾ ਪਤੀ ਪੰਕਜ ਪੱਪੂ ਉਸ ਸਮੇਂ ਵੱਡੇ ਪੱਧਰ ‘ਤੇ ਚਰਚਾ ਵਿੱਚ ਆਇਆ, ਜਦੋਂ ਉਸ ਖ਼ਿਲਾਫ਼ ਸ਼ੰਭੂ ਮੋਰਚੇ ਤੋਂ ਕਿਸਾਨਾਂ ਦੀ ਟਰਾਲੀ ਚੋਰੀ ਕਰਨ ਦੇ ਦੋਸ਼ ਲੱਗੇ ਸਨ। ਉਨ੍ਹਾਂ ਦੀ ਆਪਣੀ ਦੁਕਾਨ ਅਤੇ ਨਗਰ ਕੌਂਸਲ ਦੇ ਈ ਓ (EO) ਦੀ ਕੋਠੀ ਦੀ ਜ਼ਮੀਨ ਹੇਠੋਂ ਟਰਾਲੀਆਂ ਦਾ ਕੁਝ ਸਾਮਾਨ ਮਿਲਣ ਮਗਰੋਂ ਉਨ੍ਹਾਂ ਖ਼ਿਲਾਫ਼ ਟਰਾਲੀ ਚੋਰੀ ਦੇ ਦੋ ਕੇਸ ਵੀ ਦਰਜ ਹਨ।

ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਚੋਣਾਂ ਤੋਂ ਪਹਿਲਾਂ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸਾਰਾ ਸ਼ਹਿਰ ਕੂੜੇ ਨਾਲ ਭਰਿਆ ਹੋਇਆ ਸੀ, ਉਸ ਸਮੇਂ ਪੰਕਜ ਪੱਪੂ ਖ਼ੁਦ ਰੋਜ਼ ਸਵੇਰੇ ਪੰਜ ਵਜੇ ਵਾਰਡ ਵਿੱਚੋਂ ਕੂੜਾ ਚੁੱਕ ਕੇ ਵਾਰਡ ਦੀ ਸਫ਼ਾਈ ਕਰ ਦਿੰਦਾ ਸੀ। ਪੰਕਜ ਪੱਪੂ ਨੇ ਦੱਸਿਆ ਕਿ ਉਸ ਨੇ ਕੂੜਾ ਚੁੱਕਣ ਲਈ ਆਪਣੇ ਕੋਲੋਂ 1.80 ਲੱਖ ਰੁਪਏ ਖ਼ਰਚ ਕੇ ਈ-ਰਿਕਸ਼ਾ ਲਿਆਂਦੀ ਅਤੇ ਹੜਤਾਲ ਦੌਰਾਨ ਵੀ ਰੋਜ਼ ਸਵੇਰੇ ਹੀ ਕੰਮ ‘ਤੇ ਲੱਗ ਕੇ ਆਪਣੇ ਵਾਰਡ ਨੂੰ ਸਾਫ਼-ਸੁਥਰਾ ਰੱਖਿਆ।

ਵਾਰਡ ਨੰਬਰ 22 ਵਿੱਚ ਕੁੱਲ 1564 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿੱਚੋਂ ਸੁਜਾਤਾ ਚਾਵਲਾ ਨੂੰ 1169 ਵੋਟਾਂ ਪ੍ਰਾਪਤ ਹੋਈਆਂ, ਜਦਕਿ ਕਾਂਗਰਸ ਉਮੀਦਵਾਰ ਡਿੰਪਲ ਨੂੰ 279 ਵੋਟਾਂ ਮਿਲੀਆਂ। ਇਸੇ ਤਰ੍ਹਾਂ ਭਾਜਪਾ ਉਮੀਦਵਾਰ ਅਮਨ ਕੌਸ਼ਲ ਨੂੰ 88 ਵੋਟਾਂ, ‘ਆਪ’ ਉਮੀਦਵਾਰ ਨੂੰ 15 ਵੋਟਾਂ ਅਤੇ ਨੋਟਾ (NOTA) ਨੂੰ 13 ਵੋਟਾਂ ਪਈਆਂ। ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਆਪਣਾ ਕੋਈ ਉਮੀਦਵਾਰ ਹੀ ਨਹੀਂ ਉਤਾਰਿਆ ਸੀ।

ਇਸ ਵਾਰਡ ਵਿੱਚ ਨਾ ਤਾਂ ਆਮ ਆਦਮੀ ਪਾਰਟੀ ਵੱਲੋਂ ਕੋਈ ਚੋਣ ਪ੍ਰਚਾਰ ਕੀਤਾ ਗਿਆ, ਨਾ ਹੀ ਕੋਈ ਬੈਨਰ ਲਗਾਏ ਗਏ ਅਤੇ ਨਾ ਹੀ ਪੋਲਿੰਗ ਬੂਥ ਲਗਾਇਆ ਗਿਆ। ‘ਆਪ’ ਉਮੀਦਵਾਰ ਦੇ ਪ੍ਰਪੋਜ਼ਰ (ਤਸਦੀਕਕਰਤਾ) ਬਣਨ ‘ਤੇ ਪੰਕਜ ਪੱਪੂ ਨੇ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ‘ਆਪ’ ਉਮੀਦਵਾਰ ਅਤੇ ਵਾਰਡ ਦੇ ਸਾਰੇ ਵਸਨੀਕ ਉਨ੍ਹਾਂ ਦੇ ਆਪਣੇ ਹੀ ਹਨ। ਦੂਜੇ ਪਾਸੇ, ਵਾਰਡ ਨੰਬਰ 22 ਵਿੱਚ ‘ਆਪ’ ਦੀ ਅਜਿਹੀ ਕਾਰਗੁਜ਼ਾਰੀ ਬਾਰੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਪਤਾ ਕਰਨਗੇ। ਨਾਭਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂਵਾਲਾ ਨੇ ਕਿਹਾ ਕਿ ਇਸ ਬਾਰੇ ਨਾਭਾ ਦੇ ਵਿਧਾਇਕ ਹੀ ਬਿਹਤਰ ਦੱਸ ਸਕਦੇ ਹਨ। ਹਾਲਾਂਕਿ, ਨਾਭਾ ਦੇ ਵਿਧਾਇਕ ਦੇਵ ਮਾਨ ਨਾਲ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸੰਪਰਕ ਨਹੀਂ ਹੋ ਸਕਿਆ।

Related posts

ਕਦੋਂ ਮਿਲੇਗਾ ਸ਼ਹੀਦ ਭਗਤ ਸਿੰਘ ਐਵਾਰਡ?

On Punjab

ਐੱਸਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਨਹੀਂ ਲਵਾਂਗਾ: ਐਡਵੋਕੇਟ ਧਾਮੀ

On Punjab

ਖੇਤੀ ‘ਤੇ ਜ਼ਰੂਰਤ ਤੋਂ ਜ਼ਿਆਦਾ ਲੋਕਾਂ ਦੀ ਨਿਰਭਰਤਾ ਨੂੰ ਘੱਟ ਕਰਨਾ ਉਦੋਂ ਹੀ ਸੰਭਵ ਹੋਵੇਗਾ ਜਦੋਂ ਉਦਯੋਗ-ਧੰਦਿਆਂ ਵਿਚ ਢੁੱਕਵੇਂ ਰੁਜ਼ਗਾਰ ਮੁਹੱਈਆ ਕਰਵਾਏ ਜਾਣ

Pritpal Kaur