ਚੰਡੀਗੜ੍ਹ- ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਮੁਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSAFPI) ਦੇ ਦੋ ਸਾਬਕਾ ਕੈਡਿਟ, ਅਨੁਤਾਜ ਸਿੰਘ ਅਤੇ ਅਕਸ਼ਾਂਸ਼ ਅਗਰਵਾਲ, ਸ਼ਨਿੱਚਰਵਾਰ ਨੂੰ ਕੇਰਲ ਦੇ ਏਜ਼ੀਮਾਲਾ ਸਥਿਤ ਇੰਡੀਅਨ ਨੇਵਲ ਅਕੈਡਮੀ (INA) ਵਿਖੇ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ (Passing Out Parade) ਉਪਰੰਤ ਭਾਰਤੀ ਜਲ ਸੈਨਾ (Indian Navy) ਵਿੱਚ ਬਤੌਰ ਅਫ਼ਸਰ ਕਮਿਸ਼ਨਡ ਹੋਏ ਹਨ। ਇਸ ਸ਼ਾਨਦਾਰ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਅਨੁਤਾਜ ਸਿੰਘ ਅਧਿਆਪਕ ਮਾਪਿਆਂ ਦਾ ਪੁੱਤਰ ਹੈ। ਉਸ ਦੀ ਮਾਤਾ ਸਰਕਾਰੀ ਹਾਈ ਸਕੂਲ, ਮਾਰੀ ਟਾਂਡਾ ਵਿਖੇ ਸੇਵਾਵਾਂ ਨਿਭਾਅ ਰਹੇ ਹਨ, ਜਦਕਿ ਪਿਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੌਸ਼ਹਿਰਾ ਮੱਝਾ ਸਿੰਘ ਵਿਖੇ ਅਧਿਆਪਕ ਹਨ। ਦੂਜੇ ਪਾਸੇ, ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਵਸਨੀਕ ਅਕਸ਼ਾਂਸ਼ ਅਗਰਵਾਲ ਇੱਕ ਵਪਾਰਕ ਪਰਿਵਾਰ ਨਾਲ ਸਬੰਧ ਰੱਖਦਾ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਨਵ-ਨਿਯੁਕਤ ਅਫ਼ਸਰਾਂ ਨੂੰ ਵਧਾਈ- ਨਵ-ਨਿਯੁਕਤ ਅਫ਼ਸਰਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਚੋਣ ਸੰਸਥਾ ਦੀ ਹਰ ਪਿਛੋਕੜ ਦੇ ਹੋਣਹਾਰ ਨੌਜਵਾਨਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਸਾਬਤ ਕਰਦੀ ਹੈ। ਉਨ੍ਹਾਂ ਨੌਜਵਾਨ ਅਫ਼ਸਰਾਂ ਨੂੰ ਸਮਰਪਣ, ਦਲੇਰੀ ਅਤੇ ਪੇਸ਼ੇਵਰਾਨਾ ਪਹੁੰਚ ਨਾਲ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਨੂੰ ਉਨ੍ਹਾਂ ’ਤੇ ਮਾਣ ਹੈ। ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਏ.ਐੱਫ.ਪੀ.ਆਈ. ਸੂਬੇ ਦੇ ਨੌਜਵਾਨਾਂ ਨੂੰ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੀ ਅਗਵਾਈ ਕਰਨ ਲਈ ਤਿਆਰ ਕਰਕੇ ਪੰਜਾਬ ਦੀ ਸ਼ਾਨਦਾਰ ਮਾਰਸ਼ਲ ਰਵਾਇਤ ਵਿੱਚ ਇੱਕ ਨਵਾਂ ਅਧਿਆਇ ਜੋੜ ਰਹੀ ਹੈ।
ਸੰਸਥਾ ਦੇ ਹੁਣ ਤੱਕ 200 ਕੈਡਿਟ ਬਣੇ ਅਫ਼ਸਰ: ਐੱਮ.ਆਰ.ਐੱਸ.ਏ.ਐੱਫ.ਪੀ.ਆਈ. (MRSAFPI) ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ, ਵੀ.ਐੱਸ.ਐੱਮ. (ਸੇਵਾਮੁਕਤ) ਨੇ ਵੀ ਦੋਵਾਂ ਅਫ਼ਸਰਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਸ ਪ੍ਰਾਪਤੀ ਨਾਲ ਸੰਸਥਾ ਤੋਂ ਕਮਿਸ਼ਨਡ ਹੋਣ ਵਾਲੇ ਕੈਡਿਟਾਂ ਦੀ ਕੁੱਲ ਗਿਣਤੀ 200 ਦੇ ਅਹਿਮ ਅੰਕੜੇ ’ਤੇ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 26 ਅਫ਼ਸਰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੀ ਬਹਾਦਰੀ ਦਾ ਪ੍ਰਮਾਣ ਹੈ, ਜੋ ਕਿ ਇੱਕ ਲੈਂਡਲੌਕ (ਸਮੁੰਦਰ ਤੋਂ ਦੂਰ) ਸੂਬਾ ਹੈ। ਡਾਇਰੈਕਟਰ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਣ ਐੱਨ.ਡੀ.ਏ. (NDA) ਅਤੇ ਟੈਕਨੀਕਲ ਸਰਵਿਸਿਜ਼ ਐਂਟਰੀ ਤੋਂ ਇਲਾਵਾ ਇੰਡੀਅਨ ਨੇਵੀ 10+2 ਕੈਡਿਟ ਐਂਟਰੀ ਲਈ ਵੀ ਕੈਡਿਟਾਂ ਨੂੰ ਸਿਖਲਾਈ ਦੇਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।

