ਚੰਡੀਗੜ੍ਹ: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪਾਰਟੀ ਨੇ ਆਪਣੀ ਰਣਨੀਤੀ ਵਿੱਚ ਵੱਡਾ ਫੇਰਬਦਲ ਕੀਤਾ ਹੈ। ਪਾਰਟੀ ਹਾਈਕਮਾਂਡ ਨੇ ਸੂਬੇ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਅੰਦਰੂਨੀ ਮਤਭੇਦਾਂ ਨੂੰ ਸੁਲਝਾਉਣ ਲਈ ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਕਮਾਨ ਸੌਂਪ ਦਿੱਤੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਹੋਈ ਇਸ ਤਬਦੀਲੀ ਨਾਲ ਪਾਰਟੀ ਨੇ ਨਵੇਂ ਉਤਸ਼ਾਹ ਅਤੇ ਨਵੀਂ ਲੀਡਰਸ਼ਿਪ ਨਾਲ ਸੱਤਾ ‘ਚ ਵਾਪਸੀ ਦਾ ਦਾਅਵਾ ਕੀਤਾ ਹੈ।
ਪਾਰਟੀ ਹਾਈਕਮਾਂਡ ਦਾ ਮੰਨਣਾ ਹੈ ਕਿ ਨਵੀਂ ਸੰਗਠਨਾਤਮਕ ਟੀਮ ਨਾਲ ਕਾਂਗਰਸ ਜ਼ਮੀਨੀ ਪੱਧਰ ‘ਤੇ ਵਰਕਰਾਂ ਨੂੰ ਲਾਮਬੰਦ ਕਰੇਗੀ। ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ, ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਅਤੇ ਵਿਰੋਧੀ ਧਿਰਾਂ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਕਾਂਗਰਸ ਨੇ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਹਮਲਾਵਰ ਰੁੱਖ ਅਖਤਿਆਰ ਕਰਨ ਦਾ ਫੈਸਲਾ ਕੀਤਾ ਹੈ। ਸੂਬਾਈ ਇੰਚਾਰਜ ਵੱਲੋਂ ਵੀ ਸੂਬਾ ਇਕਾਈ ਵਿੱਚ ਤਾਲਮੇਲ ਵਧਾਉਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ।
ਨਵੇਂ ਲੀਡਰਸ਼ਿਪ ਢਾਂਚੇ ਤਹਿਤ ਪਾਰਟੀ ਨੇ ਨੌਜਵਾਨਾਂ ਅਤੇ ਵੱਖ-ਵੱਖ ਵਰਗਾਂ ਨੂੰ ਨੁਮਾਇੰਦਗੀ ਦੇ ਕੇ ਇਕਮੁੱਠ ਲੜਾਈ ਲੜਨ ਦੀ ਯੋਜਨਾ ਉਲੀਕੀ ਹੈ। ‘ਮਿਸ਼ਨ 2027’ ਲਈ ਸੂਬੇ ਭਰ ‘ਚ ਜਨ-ਸੰਪਰਕ ਮੁਹਿੰਮਾਂ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਰੂਪ-ਰੇਖਾ ਤਿਆਰ ਕੀਤਾ ਜਾ ਰਿਹਾ ਹੈ। ਪਾਰਟੀ ਆਗੂਆਂ ਦਾ ਦਾਅਵਾ ਹੈ ਕਿ ਜਨਤਾ ਮੌਜੂਦਾ ਸਰਕਾਰ ਦੇ ਕੰਮਕਾਜ ਤੋਂ ਅਸੰਤੁਸ਼ਟ ਹੈ ਅਤੇ ਕਾਂਗਰਸ ਹੀ ਸੂਬੇ ਨੂੰ ਮੁੜ ਵਿਕਾਸ ਦੇ ਰਾਹ ‘ਤੇ ਲਿਆ ਸਕਦੀ ਹੈ।

