ਨਵੀਂ ਦਿੱਲੀ-ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਦੇ ਕੌਮੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਦੀਆਂ ਭਾਰਤ ਵਿਚ ਮੀਟਿੰਗਾਂ ਖੁਫੀਆ ਜਾਣਕਾਰੀ ਸਾਂਝੀ ਕਰਨ, ਰੱਖਿਆ, ਅਤਿਵਾਦ ਵਿਰੋਧੀ ਅਤੇ ਅੰਤਰਰਾਸ਼ਟਰੀ ਖਤਰਿਆਂ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ’ਤੇ ਕੇਂਦ੍ਰਿਤ ਸਨ। ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ ਦਫ਼ਤਰ ਦੇ ਇੱਕ ਬੁਲਾਰੇ ਨੇ ਕਿਹਾ ਗਬਾਰਡ ਦੀ ਨਵੀਂ ਦਿੱਲੀ ਫੇਰੀ ਨੇ ਦਹਾਕਿਆਂ ਤੋਂ ਮਜ਼ਬੂਤ ਅਮਰੀਕਾ-ਭਾਰਤ ਸਬੰਧਾਂ ਨੂੰ ਉਜਾਗਰ ਕੀਤਾ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਅਤੇ ਦੋਸਤੀ ਰਾਹੀਂ ਮਜ਼ਬੂਤ ਹੋਏ ਹਨ।
ਤੁਲਸੀ ਟਰੰਪ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਵਜੋਂ ਭਾਰਤ ਦੀ ਪਹਿਲੀ ਉੱਚ-ਪੱਧਰੀ ਫੇਰੀ ਵਿਚ ਢਾਈ ਦਿਨਾਂ ਦੀ ਯਾਤਰਾ ’ਤੇ ਐਤਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਪਹੁੰਚੀ। ਗਬਾਰਡ ਨੇ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਐੱਨਐੱਸਏ ਅਜੀਤ ਡੋਵਾਲ ਨਾਲ ਵੱਖ ਵੱਖ ਮੀਟਿੰਗਾਂ ਕੀਤੀਆਂ। ਗਬਾਰਡ ਨੇ ਰਾਏਸੀਨਾ ਡਾਇਲਾਗ ਵਿਚ ਇਕ ਭਾਸ਼ਣ ਵੀ ਦਿੱਤਾ, ਜਿਸ ਵਿੱਚ ਵੱਖ-ਵੱਖ ਟਕਰਾਅ ਵਾਲੇ ਖੇਤਰਾਂ ਵਿਚ ਸ਼ਾਂਤੀ ਲਿਆਉਣ ਲਈ ਟਰੰਪ ਦੇ ਯਤਨਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ।