ਫਗਵਾੜਾ- ਇਥੇ ਫਗਵਾੜਾ-ਜਲੰਧਰ ਕੌਮੀ ਸ਼ਾਹਰਾਹ ’ਤੇ ਪਿੰਡ ਚਹੇੜੂ ਕੋਲ ਈਸਟਵੁੱਡ ਨੇੇੜੇ ਐਤਵਾਰ ਦੇਰ ਰਾਤ ਦੋ ਕਾਰਾਂ ਦੀ ਟੱਕਰ ਵਿਚ ਵਾਹਨਾਂ ਨੂੰ ਅੱਗ ਲੱਗਣ ਮਗਰੋੋਂ ਪਿੱਛਿਓਂ ਆ ਰਹੇ ਵਾਹਨਾਂ ਦੇ ਇਕ ਦੂਜੇ ਨਾਲ ਟਕਰਾਉਣ ਕਰਕੇ ਬਾਈਕ ਸਵਾਰ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ।
ਬਾਈਕ ਸਵਾਰ ਨੌਜਵਾਨ ਦੀ ਪਛਾਣ ਕੇੇਰਲਾ ਦੇ ਅਸਮੀਰ ਰੌਫ ਵਜੋਂ ਹੋਈ ਹੈ, ਜੋ ਇਸੇ ਹਾਈਵੇਅ ’ਤੇ ਸਥਿਤ ਨਿੱਜੀ ਯੂਨੀਵਰਸਿਟੀ ਵਿਚ ਏਅਰਪੋਰਟ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ। ਬਾਈਕ ਸਵਾਰ ਦੂਜੇ ਵਿਦਿਆਰਥੀ ਵਿਨਾਇਕ ਉਰਫ ਸੁਰੇਸ਼ ਦੀ ਲੱਤ ਟੁੱਟ ਗਈ ਤੇ ਉਹ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਜ਼ਖ਼ਮੀਆਂ ਵਿਚ ਕਾਰ ਸਵਾਰ ਦੋ ਹੋਰ ਲੋਕ ਵੀ ਸ਼ਾਮਲ ਹਨ।
‘ਸੜਕ ਸੁਰੱਖਿਆ ਫੋਰਸ’ ਦੇ ਏਐਸਆਈ ਬਲਜੀਤ ਰਾਮ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਹਾਈਵੇਅ ’ਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਰ ਪਲਟ ਗਈ, ਜਿਸ ਕਾਰਨ ਆਵਾਜਾਈ ਹੌਲੀ ਹੋ ਗਈ। ਉਨ੍ਹਾਂ ਕਿਹਾ ਕਿ ਠੀਕ ਉਸੇ ਵੇਲੇ ਦੋ ਹੋਰ ਕਾਰਾਂ ਇੱਕ ਦੂਜੇ ਨਾਲ ਟਕਰਾ ਗਈਆਂ ਅਤੇ ਉਨ੍ਹਾਂ ਨੂੰ ਅੱਗ ਲੱਗ ਗਈ, ਜਦੋਂ ਕਿ ਉੱਥੋਂ ਲੰਘ ਰਿਹਾ ਮੋਟਰਸਾਈਕਲ ਇੱਕ ਹੋਰ ਵਾਹਨ ਨਾਲ ਟਕਰਾਉਣ ਮਗਰੋਂ ਪਲਟ ਗਿਆ।
ਏਐਸਆਈ ਨੇ ਕਿਹਾ ਕਿ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹਾਦਸੇ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਆਵਾਜਾਈ ਵਿੱਚ ਅਸਥਾਈ ਤੌਰ ’ਤੇ ਵਿਘਨ ਪਿਆ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਦੇਰ ਰਾਤ ਬੜੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਚਸ਼ਮਦੀਦਾਂ ਨੇ ਹਾਦਸੇ ਨੂੰ ਭਿਆਨਕ ਦੱਸਦਿਆਂ ਕਿਹਾ ਕਿ ਗੱਡੀਆਂ ਇਕ ਦੂਜੇ ਨਾਲ ਇੰਨੀ ਤੇਜ਼ੀ ਨਾਲ ਟਕਰਾਈਆਂ ਕਿ ਲੋਕਾਂ ਕੋਲ ਪ੍ਰਤੀਕਿਰਿਆ ਕਰਨ ਦਾ ਸਮਾਂ ਹੀ ਨਹੀਂ ਸੀ। ਹਾਦਸੇ ਮਗਰੋਂ ਹਾਈਵੇਅ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਅਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

