77.95 F
New York, US
August 11, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਸਰਕਾਰ ਹਥਿਆਰਬੰਦ ਬਲਾਂ ਵਿੱਚ ਪੰਜਾਬੀਆਂ ਦੀ ਭਰਤੀ ਨੂੰ ਹੋਰ ਹੁਲਾਰਾ ਦੇਣ ਲਈ ਵਚਨਬੱਧ

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਅਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਸਰਹੱਦ ‘ਤੇ ਸੁਰੱਖਿਆ ਦੀ ਸੈਕਿੰਡ ਲਾਈਨ ਨੂੰ ਮਜ਼ਬੂਤ ਕਰਨ, ਹਥਿਆਰਬੰਦ ਬਲਾਂ ਵਿੱਚ ਪੰਜਾਬੀਆਂ ਦੀ ਭਰਤੀ ਨੂੰ ਹੁਲਾਰਾ ਦੇਣ ਅਤੇ ਸੇਵਾ ਕਰ ਰਹੇ ਸੈਨਿਕਾਂ ਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਪੰਜਾਬ ਸਰਕਾਰ ਅਤੇ ਭਾਰਤੀ ਫੌਜ ਦਰਮਿਆਨ ਵਧੇਰੇ ਮਜ਼ਬੂਤ ਸਹਿਯੋਗ ਦਾ ਸੱਦਾ ਦਿੱਤਾ।
ਚੰਡੀਗੜ੍ਹ ਵਿਖੇ ਥਲ ਸੈਨਾ ਮੁਖੀ (ਚੀਫ਼ ਆਫ਼ ਆਰਮੀ ਸਟਾਫ) ਜਨਰਲ ਧੀਰਜ ਸੇਠ ਨਾਲ ਹੋਈ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕੌਮੀ ਸੁਰੱਖਿਆ ਅਤੇ ਪੰਜਾਬ ਨਾਲ ਸਬੰਧਤ ਫੌਜੀ ਮਾਮਲਿਆਂ ‘ਤੇ ਵੀ ਚਰਚਾ ਕੀਤੀ, ਜਿਸ ਵਿੱਚ ਸਰਹੱਦ ਪਾਰੋਂ ਹੁੰਦੀ ਸਮੱਗਲਿੰਗ ਨੂੰ ਰੋਕਣ ਲਈ ਐਂਟੀ-ਡਰੋਨ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਵੀ ਸ਼ਾਮਲ ਸੀ।
ਇਸ ਮੁਲਾਕਾਤ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ‘ਤੇ ਲਿਖਿਆ: “ਅੱਜ ਮੈਂ ਚੰਡੀਗੜ੍ਹ ਵਿਖੇ ਭਾਰਤ ਦੇ 31ਵੇਂ ਥਲ ਸੈਨਾ ਮੁਖੀ ਜਨਰਲ ਧੀਰਜ ਸੇਠ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਅਸੀਂ ਦੇਸ਼ ਦੀ ਸੁਰੱਖਿਆ ਅਤੇ ਪੰਜਾਬ ਨਾਲ ਸਬੰਧਤ ਫੌਜੀ ਮਾਮਲਿਆਂ ‘ਤੇ ਸਾਰਥਕ ਚਰਚਾ ਕੀਤੀ। ਸਾਡੀ ਸਰਕਾਰ ਦੇਸ਼ ਦੀ ਰੱਖਿਆ ਕਰਨ ਵਾਲੇ ਸਾਡੇ ਬਹਾਦਰ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਨਕਲਾਬ ਜ਼ਿੰਦਾਬਾਦ।”
ਅੱਜ ਮੁਲਾਕਾਤ ਕਰਨ ਆਏ ਥਲ ਸੈਨਾ ਮੁਖੀ ਜਨਰਲ ਧੀਰਜ ਸੇਠ, ਪੀ.ਵੀ.ਐਸ .ਐਮ., ਯੂ.ਵਾਈ.ਐਸ.ਐਮ., ਈ.ਵੀ.ਐਸ.ਐਮ. ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬੀ ਹਮੇਸ਼ਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਮੋਹਰੀ ਰਹੇ ਹਨ। ਸੂਬਾ ਸਰਕਾਰ ਹਥਿਆਰਬੰਦ ਬਲਾਂ ਵਿੱਚ ਪੰਜਾਬੀਆਂ ਦੀ ਭਰਤੀ ਵਧਾਉਣ ਲਈ ਪਹਿਲਾਂ ਹੀ ਅਣਥੱਕ ਯਤਨ ਕਰ ਰਹੀ ਹੈ। ‘ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼’ ਅਤੇ ‘ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ’ ਦੇ ਨਾਲ-ਨਾਲ ਸੀ-ਪਾਈਟ ਕੇਂਦਰਾਂ ਦਾ ਨੈੱਟਵਰਕ ਇਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।”
ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੀ ਪਾਕਿਸਤਾਨ ਨਾਲ 532 ਕਿਲੋਮੀਟਰ ਲੰਬੀ ਸੰਵੇਦਨਸ਼ੀਲ ਸਰਹੱਦ ਲੱਗਦੀ ਹੈ, ਜਿਸ ਕਾਰਨ ਡਰੋਨਾਂ ਰਾਹੀਂ ਹੁੰਦੀ ਸਰਹੱਦ ਪਾਰੋਂ ਸਮੱਗਲਿੰਗ ਨੂੰ ਰੋਕਣ ਲਈ ਐਂਟੀ-ਡਰੋਨ ਤਕਨਾਲੋਜੀ ਦੇ ਨਾਲ-ਨਾਲ ਘੱਟ ਉਚਾਈ ਵਾਲੇ ਇੰਟਰਸੈਪਟਿਵ ਰਡਾਰ ਸਮੇਂ ਦੀ ਮੁੱਖ ਲੋੜ ਹਨ। ਪੰਜਾਬ, ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਆਪਣੀ ਖੁਦ ਦੀ ਐਂਟੀ-ਡਰੋਨ ਤਕਨਾਲੋਜੀ ਸਥਾਪਤ ਕੀਤੀ ਹੈ। ਮੈਂ ਪੰਜਾਬ ਪੁਲਿਸ, ਜੋ ਕਿ ਹਮੇਸ਼ਾ ਸੁਰੱਖਿਆ ਦੀ ਸੈਕਿੰਡ ਲਾਈਨ ਵਜੋਂ ਕੰਮ ਕਰਦੀ ਹੈ, ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਥਲ ਸੈਨਾ ਮੁਖੀ ਦੇ ਸਹਿਯੋਗ ਦੀ ਮੰਗ ਕਰਦਾ ਹਾਂ।”
ਸਾਬਕਾ ਸੈਨਿਕਾਂ ਦੀ ਭਲਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਸੂਬਾ ਸਰਕਾਰ ਉਨ੍ਹਾਂ ਸਾਬਕਾ ਸੈਨਿਕਾਂ ਨੂੰ ਨੌਕਰੀਆਂ ਦੇ ਰਹੀ ਹੈ ਜੋ ਪੈਸਕੋ (ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ) ਦੁਆਰਾ ਰੁਜ਼ਗਾਰ ‘ਤੇ ਰੱਖੇ ਗਏ ਹਨ ਅਤੇ ਲੋਕਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਵਾਹਗਾ, ਹੁਸੈਨੀਵਾਲਾ ਅਤੇ ਸਾਦਕੀ ਸਰਹੱਦ ‘ਤੇ ਹੋਣ ਵਾਲੀਆਂ ਰਿਟ੍ਰੀਟ ਰਸਮਾਂ ਦੁਨੀਆ ਭਰ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਕਰਸ਼ਿਤ ਕਰਦੀਆਂ ਹਨ। ਸੂਬਾ ਸਰਕਾਰ ਨੇ ਰੋਪੜ ਵਿੱਚ ਆਪਣੀ 200 ਏਕੜ ਜ਼ਮੀਨ ਪਹਿਲਾਂ ਹੀ ਭਾਰਤੀ ਫੌਜ ਨੂੰ ਦਿੱਤੀ ਹੈ, ਜਿਸਦੀ ਵਰਤੋਂ ਰੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਸੁਚੱਜੇ ਢੰਗ ਨਾਲ ਕੀਤੀ ਜਾ ਸਕਦੀ ਹੈ।”
ਭਾਰਤੀ ਫੌਜ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਸਰਕਾਰ ਇਸ ਨੇਕ ਕਾਰਜ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਆਪਣੀ ਸ਼ੁਰੂਆਤ ਤੋਂ ਹੀ ਪੰਜਾਬ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ ਇਸ ਪਰੰਪਰਾ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਮੈਂ ਸੰਕਟ ਦੀ ਘੜੀ ਵਿੱਚ ਖਾਸ ਕਰਕੇ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਸੂਬੇ ਦੇ ਲੋਕਾਂ ਦੀ ਮਦਦ ਲਈ ਹੱਥ ਵਧਾਉਣ ਵਾਸਤੇ ਭਾਰਤੀ ਫੌਜ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।”
ਇਸ ਦੌਰਾਨ ਥਲ ਸੈਨਾ ਮੁਖੀ ਨੇ ਪੰਜਾਬ ਸਰਕਾਰ ਨੂੰ ਦੇਸ਼ ਦੇ ਨਿਰਮਾਣ ਪ੍ਰਤੀ ਭਾਰਤੀ ਫੌਜ ਦੇ ਸੰਕਲਪ ਅਤੇ ਵਚਨਬੱਧਤਾ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਸਾਬਕਾ ਸੈਨਿਕਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਲਈ ਸੂਬਾ ਸਰਕਾਰ ਦਾ ਧੰਨਵਾਦ ਵੀ ਕੀਤਾ।
ਇਸ ਮੁਲਾਕਾਤ ਨੇ ਖੇਤਰ ਵਿੱਚ ਸਿਵਲ-ਮਿਲਟਰੀ ਤਾਲਮੇਲ (ਤਾਲਮੇਲ ਅਤੇ ਸਹਿਯੋਗ) ਨੂੰ ਹੋਰ ਮਜ਼ਬੂਤ ਕੀਤਾ ਅਤੇ ਅੰਦਰੂਨੀ ਸੁਰੱਖਿਆ, ਸਰਹੱਦੀ ਸ਼ਾਂਤੀ, ਕੁਦਰਤੀ ਆਫ਼ਤਾਂ ਦੇ ਟਾਕਰੇ, ਬਾਹਰੀ ਖ਼ਤਰਿਆਂ ਅਤੇ ਹੋਰ ਸੰਕਟਾਂ ਦਾ ਸਾਂਝੇ ਤੌਰ ‘ਤੇ ਸਾਹਮਣਾ ਕਰਨ ਪ੍ਰਤੀ ਵਿਸ਼ਵਾਸ ਤੇ ਭਰੋਸੇ ਨੂੰ ਵਧਾਇਆ।
ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਵਿਸ਼ੇਸ਼ ਡੀ.ਜੀ.ਪੀ. ਪੀ.ਕੇ. ਸਿਨਹਾ, ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ (ਏ.ਵੀ.ਐਸ.ਐਮ, ਐਸ.ਐਮ.) ਆਰਮੀ ਕਮਾਂਡਰ ਵੈਸਟਰਨ ਕਮਾਂਡ, ਕਰਨਲ ਜਸਦੀਪ ਸੰਧੂ (ਸਲਾਹਕਾਰ, ਸਿਵਲ ਮਿਲਟਰੀ ਮਾਮਲੇ) ਅਤੇ ਹੋਰ ਵੀ ਹਾਜ਼ਰ ਸਨ।

Related posts

Ram Rahim Parole : ਰਾਮ ਰਹੀਮ ਪੈਰੋਲ ‘ਤੇ ਫਿਰ ਆਇਆ ਜੇਲ੍ਹ ਤੋਂ ਬਾਹਰ, ਨਾਲ ਦਿਖੀ ਮੂੰਹ ਬੋਲੀ ਬੇਟੀ ਹਨੀਪ੍ਰੀਤ

On Punjab

ਪੰਜਾਬ ਵਿਧਾਨ ਸਭਾ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸੋਧ ਬਿੱਲ ਪਾਸ

On Punjab

ਸਾਹ ਲੈਣਾ ਹੋ ਜਾਵੇਗਾ ਔਖਾ! ਅਧਿਐਨ ‘ਚ ਖੁਲਾਸਾ ਹੋਇਆ ਹੈ ਕਿ ਦੁਨੀਆ ‘ਚ 1 ਫੀਸਦੀ ਤੋਂ ਵੀ ਘੱਟ ਸ਼ੁੱਧ ਹਵਾ ਹੈ

On Punjab