ਚੰਡੀਗੜ੍ਹ- ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐੱਸ ਐੱਸ ਓ ਸੀ) ਐੱਸ ਏ ਐੱਸ ਨਗਰ ਨੇ ਸਰਹੱਦ ਪਾਰ ਦੇ ਅਤਿਵਾਦੀ ਨੈੱਟਵਰਕ ਖ਼ਿਲਾਫ਼ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਵਿਦੇਸ਼ ਵਿੱਚ ਬੈਠੇ ਅਤਿਵਾਦੀ ਹੈਂਡਲਰ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਆਰ ਡੀ ਐਕਸ-ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ ਈ ਡੀ) ਬਰਾਮਦ ਕਰਕੇ ਇੱਕ ਅਤਿਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਅੰਮ੍ਰਿਤਸਰ ਦੇ ਗੁੱਜਰਪੁਰਾ ਨਿਵਾਸੀ ਮਣੀ ਸਿੰਘ (32) ਅਤੇ ਅੰਮ੍ਰਿਤਸਰ ਦੇ ਗਿੱਲਵਾਲੀ ਗੇਟ ਨਿਵਾਸੀ ਅਭਿਸ਼ੇਕ ਕੁਮਾਰ (28) ਸ਼ਾਮਲ ਹਨ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਲਗਪਗ 2.5 ਕਿਲੋਗ੍ਰਾਮ ਆਈ.ਈ.ਡੀ. ਪੂਰੀ ਤਰ੍ਹਾਂ ਇਸਤੇਮਾਲ ਦੇ ਲਈ ਤਿਆਰ ਸੀ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਇਸ ਕਾਰਵਾਈ ਦੇ ਨਤੀਜੇ ਵਜੋਂ ਐੱਸ ਏ ਐੱਸ ਨਗਰ ਵਿੱਚ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਬਣਾਈ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਦਰਪੇਸ਼ ਸੰਭਾਵੀ ਖ਼ਤਰਾ ਨੂੰ ਟਲ਼ ਗਿਆ ਹੈ। ਡੀ ਜੀ ਪੀ ਨੇ ਕਿਹਾ ਕਿ ਪੂਰੇ ਅਤਿਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਸਾਜ਼ਿਸ਼ ਵਿੱਚ ਸ਼ਾਮਲ ਹੈਂਡਲਰਾਂ, ਕਾਰਕੁੰਨਾਂ ਤੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਅਪਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲੀਸ (ਆਈ ਜੀ ਪੀ) ਕਾਊਂਟਰ ਇੰਟੈਲੀਜੈਂਸ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਭਰੋਸਯੋਗ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਪੁਲੀਸ ਟੀਮਾਂ ਨੇ ਦੋਵੇਂ ਸ਼ੱਕੀਆਂ, ਜੋ ਬੱਸ ਰਾਹੀਂ ਵਿਸਫੋਟਕ ਯੰਤਰ ਸਮੇਤ ਅੰਮ੍ਰਿਤਸਰ ਤੋਂ ਮੁਹਾਲੀ ਪੁੱਜੇ ਸਨ, ਨੂੰ ਵਾਈ ਪੀ ਐਸ ਚੌਕ ਮੁਹਾਲੀ ਦੇ ਸਾਹਮਣੇ ਇੱਕ ਪਾਰਕ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ।
ਅਧਿਕਾਰੀਆਂ ਨੇ ਤੁਰੰਤ ਬੰਬ ਨਿਰੋਧਕ ਦਸਤੇ (ਬੰਬ ਸਕੁਐਡ) ਨੂੰ ਬੁਲਾਇਆ, ਜਿਸ ਨੇ ਸਾਰੇ ਨਿਰਧਾਰਤ ਸੁਰੱਖਿਆ ਪ੍ਰੋਟੋਕਾਲਾਂ ਦਾ ਪਾਲਣ ਕਰਦੇ ਹੋਏ ਸਫ਼ਲਤਾਪੂਰਵਕ ਆਈ ਈ ਡੀ ਨੂੰ ਡਿਫਿਊਜ਼ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ। ਆਈ ਜੀ ਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਮਣੀ ਸਿੰਘ ਨੇ ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਵਿਦੇਸ਼ ਵਿੱਚ ਰਹਿਣ ਵਾਲੇ ਅਤਿਵਾਦੀ ਨਾਲ ਸੰਪਰਕ ਕੀਤਾ ਅਤੇ ਆਪਣੇ ਜੀਜੇ ਅਭਿਸ਼ੇਕ ਕੁਮਾਰ ਨੂੰ ਉਸ ਨਾਲ ਮਿਲਵਾਇਆ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਗੱਲਬਾਤ ਦੌਰਾਨ ਵਿਦੇਸ਼ ਵਿੱਚ ਰਹਿਣ ਵਾਲੇ ਅਤਿਵਾਦੀ ਨੇ ਕੁਝ ਕੰਮਾਂ ਨੂੰ ਪੂਰਾ ਕਰਨ ਦੇ ਬਦਲੇ ਵਿੱਚ ਵਿੱਤੀ ਸਹਾਇਤਾ (ਪੈਸਿਆਂ) ਦੀ ਪੇਸ਼ਕਸ਼ ਕੀਤੀ ਅਤੇ ਦੋਵੇਂ ਆਪਣੀ ਆਰਥਿਕ ਤੰਗੀ ਦੇ ਕਾਰਨ ਉਸ ਦੇ ਲਈ ਕੰਮ ਕਰਨ ਲਈ ਸਹਿਮਤ ਹੋ ਗਏ। ਐੱਸ ਐੱਸ ਓ ਸੀ (ਐੱਸ ਐੱਸ ਏ ਨਗਰ) ਪੁਲੀਸ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਅਤੇ ਵਿਸਫੋਟਕ ਪਦਾਰਥ ਐਕਟ (Explosive Substances Act) ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ।

