ਚੰਡੀਗੜ੍ਹ- ਪੰਜਾਬ ਕੈਬਨਿਟ ਦੀ ਇਸ ਵਕਤ ਹੋ ਰਹੀ ਮੀਟਿੰਗ ’ਚ ਸਤਲੁਜ ਦਰਿਆ ਦੀ ਗਾਰ ਨੂੰ ਕੌਮੀ ਸੜਕ ਮਾਰਗ ਅਥਾਰਿਟੀ ਨੂੰ ਵੇਚੇ ਜਾਣ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋ ਰਹੀ ਮੀਟਿੰਗ ’ਚ ਉਨ੍ਹਾਂ ਸਾਈਟਾਂ ਤੋਂ ਗਾਰ ਕੱਢਣ ਲਈ ਕੌਮੀ ਸੜਕ ਮਾਰਗ ਅਥਾਰਿਟੀ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਸਾਈਟਾਂ ’ਤੇ ਡੀਸਿਲਟਿੰਗ ਲਈ ਕਿਸੇ ਠੇਕੇਦਾਰ ਵੱਲੋਂ ਕੋਈ ਰੁਚੀ ਨਹੀਂ ਦਿਖਾਈ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 31 ਦਸੰਬਰ ਨੂੰ ਮੁੱਖ ਸਕੱਤਰਾਂ ਨਾਲ ਮੀਟਿੰਗ ਦੌਰਾਨ ਨਵੀਂ ਬਣਾਈ ਜਾ ਰਹੀ ਲੁਧਿਆਣਾ-ਰੋਪੜ ਸੜਕ ਲਈ ਮਿੱਟੀ ਨਾ ਮਿਲਣ ਬਾਰੇ ਨੁਕਤਾ ਧਿਆਨ ਵਿੱਚ ਲਿਆਂਦਾ ਗਿਆ ਸੀ। ਪੰਜਾਬ ਸਰਕਾਰ ਦੀ ਇੱਛਾ ਹੈ ਕਿ ਕੌਮੀ ਸੜਕ ਮਾਰਗਾਂ ਲਈ ਖੇਤਾਂ ਦੀ ਉਪਜਾਊ ਮਿੱਟੀ ਨਾ ਵਰਤੀ ਜਾਵੇ ਅਤੇ ਦੂਜਾ ਅਗਲੇ ਬਾਰਸ਼ਾਂ ਦੇ ਮੌਸਮ ਤੋਂ ਪਹਿਲਾਂ ਸਤਲੁਜ ਵਿਚੋਂ ਗਾਰ ਕੱਢਣ ਦਾ ਕੰਮ ਵੀ ਮੁਕੰਮਲ ਕਰ ਲਿਆ ਜਾਵੇ। ਪਤਾ ਲੱਗਿਆ ਹੈ ਕਿ ਸਤਲੁਜ ਦਰਿਆ ਵਿਚੋਂ ਗਾਰ ਕੱਢਣ ਲਈ ਕੌਮੀ ਸੜਕ ਮਾਰਗ ਅਥਾਰਿਟੀ ਨੂੰ ਤਿੰਨ ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਮੀਟਿੰਗ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਵੀ ਕੁੱਝ ਰਸਮੀ ਪ੍ਰਵਾਨਗੀਆਂ ਹੋਣ ਦੀ ਸੰਭਾਵਨਾ ਹੈ।

