41.47 F
New York, US
January 11, 2026
PreetNama
ਰਾਜਨੀਤੀ/Politics

ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਬੋਲੇ, ਮੈਨੂੰ ਲਗਾਤਾਰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ…ਪਰ ਮੈਂ ਡਰ ਵਾਲਾ ਨਹੀਂ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਸਰਕਾਰ ਸੁਸਤ ਬੈਠੀ ਹੈ। ਵੜਿੰਗ ਨੇ ਸਨਸਨੀਖੇਜ਼ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵੀ ਲਗਾਤਾਰ ਉਡਾ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਹਨ, ਪਰ ਉਹ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਦੀ ਪਾਰਟੀ ਕਾਂਗਰਸ ਦੇ ਨੇਤਾ ਨਾ ਕਦੀ ਡਰੇ ਹਨ ਤੇ ਨਾ ਹੀ ਡਰਨਗੇ।

ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਬੁੱਧਵਾਰ ਨੂੰ ਸ਼ਹੀਦ ਕਰਨੈਲ ਸਿੰਘ ਨਗਰ ‘ਚ ਵਾਰਡ ਪੱਧਰੀ ਮੀਟਿੰਗ ਦੌਰਾਨ ਕਾਂਗਰਸੀਆਂ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਸੋਮਵਾਰ ਨੂੰ ਸੱਤ ਵਾਰਡਾਂ ‘ਚ ਅਜਿਹੀਆਂ ਨੁੱਕੜ ਮੀਟਿੰਗਾਂ ਕੀਤੀਆਂ ਸਨ।

50 ਫੀਸਦੀ ਟਿਕਟਾਂ ਨੌਜਵਾਨਾਂ ਨੂੰ ਦਿਆਂਗੇ

ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਚੋਣ ਹੋਵੇ, ਉਸ ਵਿਚ 50 ਫੀਸਦੀ ਟਿਕਟਾਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ, ਯਾਨੀ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਟਿਕਟ ਦੇਣ ਵਿਚ ਪਹਿਲ ਦਿੱਤੀ ਜਾਵੇਗੀ। ਬਾਕੀ ਟਿਕਟਾਂ ਉਸ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਕਿਉਂਕਿ ਕਿਸੇ ਵੀ ਕੰਮ ਲਈ ਤਜਰਬੇ ਦੀ ਲੋੜ ਹੁੰਦੀ ਹੈ।

ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ‘ਤੇ ਕਿਹਾ- ਆਪਸ ‘ਚ ਕੋਈ ਵਿਵਾਦ ਨਹੀਂ

ਉਨ੍ਹਾਂ ਸਪੱਸ਼ਟ ਕੀਤਾ ਕਿ ਨਿਗਮ ਚੋਣਾਂ ‘ਚ ਲੋਕ ਜਿਨ੍ਹਾਂ ਨੂੰ ਚਾਹੁਣਗੇ, ਉਨ੍ਹਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਨੂੰ ਲੈ ਕੇ ਕਾਂਗਰਸੀਆਂ ‘ਚ ਪੈਦਾ ਹੋਈ ਨਿਰਾਸ਼ਾ ਬਾਰੇ ਉਨ੍ਹਾਂ ਕਿਹਾ ਕਿ ਆਪਸ ਵਿੱਚ ਕੋਈ ਵਿਵਾਦ ਨਹੀਂ ਹੈ ਤੇ ਅਹੁਦੇ ਦੇਣ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਗਿਆ ਹੈ।

‘ਆਪ’ ਸਰਕਾਰ ਸਿਰਫ਼ ਝੂਠੇ ਵਾਅਦਿਆਂ ‘ਤੇ ਟਿਕੀ

ਵੜਿੰਗ ਨੇ ਕਿਹਾ ਕਿ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਇਸ ਹੱਦ ਤਕ ਵਿਗੜ ਚੁੱਕੀ ਹੈ ਕਿ ਲੋਕ ਹੁਣ ‘ਆਪ’ ਦੀ ਸਰਕਾਰ ਬਣਾਉਣ ਨੂੰ ਆਪਣੀ ਭੁੱਲ ਸਮਝ ਰਹੇ ਹਨ। ਇਹ ਸਰਕਾਰ ਸਿਰਫ਼ ਝੂਠੇ ਵਾਅਦਿਆਂ ‘ਤੇ ਆਧਾਰਿਤ ਹੈ। ਸਰਕਾਰ ਨੂੰ ਸੱਤਾ ‘ਚ ਆਏ ਅੱਠ ਮਹੀਨੇ ਹੋ ਗਏ ਹਨ, ਪਰ ਉਹ ਲੋਕਾਂ ਦੀਆਂ ਮੁਸ਼ਕਲਾਂ ਵੀ ਨਹੀਂ ਸੁਣ ਰਹੀ। ਪਹਿਲਾਂ ਲੋਕ ਉਮੀਦਵਾਰ ਨੂੰ ਦੇਖ ਕੇ ਵੋਟ ਪਾਉਂਦੇ ਸਨ ਪਰ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਗਲਤੀ ਕੀਤੀ ਹੈ। ਹੁਣ ਸਾਢੇ ਚਾਰ ਸਾਲ ਕਿਵੇਂ ਕੱਟਾਂਗੇ? ਆਉਣ ਵਾਲੀਆਂ ਨਿਗਮ ਚੋਣਾਂ ‘ਚ ਵੋਟਰ ਮੁੜ ਕਾਂਗਰਸ ਵੱਲ ਹਨ ਤੇ ਅਸੀਂ ਬਹੁਮਤ ਨਾਲ ਆਵਾਂਗੇ।

Related posts

ਭਾਰਤ-ਚੀਨ ਸਬੰਧਾਂ ‘ਚ ਹੋਇਆ ਸੁਧਾਰ, ਹੁਣ LAC ‘ਤੇ ਸਥਿਤੀ ਬਿਲਕੁਲ ਆਮ ਵਰਗੀ; ਲੋਕ ਸਭਾ ‘ਚ ਬੋਲੇ ਜੈਸ਼ੰਕਰ

On Punjab

Punjab Election 2022: ਕੇਜਰੀਵਾਲ ਤੇ ਕੈਪਟਨ ਇੱਕੋ ਜਿਹੇ, ਦੋਵਾਂ ਨੇ ਸਹੁੰ ਖਾ ਕੇ ਕੀਤਾ ਇਹ ਕੰਮ, ਸੁਖਬੀਰ ਬਾਦਲ ਦਾ ਦਾਅਵਾ

On Punjab

ਪ੍ਰਧਾਨ ਮੰਤਰੀ ਮੋਦੀ ਕੋਲ ਕਿੰਨੀ ਜਾਇਦਾਦ? ਮੰਤਰੀਆਂ ਦੀ ਲਿਸਟ ਵੀ ਆਈ ਸਾਹਮਣੇ

On Punjab