50.61 F
New York, US
October 17, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬੀ ਗੀਤਕਾਰੀ ਦਾ ਅਨਮੋਲ ਹੀਰਾ: ਰਾਮ ਸਿੰਘ ਢਿੱਲੋਂ

ਪੰਜਾਬੀ ਗੀਤਕਾਰੀ ਵਿੱਚ ਰਾਮ ਸਿੰਘ ਢਿੱਲੋਂ ਅਜਿਹਾ ਨਾਂ ਹੈ ਜਿਸ ਨੇ ਪੰਜਾਬੀ ਲੋਕ ਗਾਇਕੀ ਲਈ ਠੇਠ, ਅਰਥ ਭਰਪੂਰ ਤੇ ਸਮਾਜਿਕ ਕਦਰਾਂ ਦੀ ਹਾਮੀ ਭਰਦੇ ਗੀਤ ਲਿਖ ਕੇ ਵੱਖਰਾ ਮੁਕਾਮ ਹਾਸਲ ਕੀਤਾ। ਉਹ ਭਾਵੇਂ ਸਕੂਲੀ ਵਿੱਦਿਆ ਤੋਂ ਕੋਰਾ ਸੀ, ਪਰ ਉਸ ਕੋਲ ਗੀਤ ਜੋੜਨ ਦੀ ਰੱਬੀ ਦਾਤ ਸੀ। ਵੇਖਣ ਨੂੰ ਸਿੱਧਾ-ਸਾਦਾ, ਦੇਸੀ ਜਿਹਾ ਬੰਦਾ, ਪਰ ਜਿਹੜੇ ਸ਼ਬਦਾਂ ਦੇ ਕੋਕੇ ਉਸ ਨੇ ਆਪਣੇ ਗੀਤਾਂ ਵਿੱਚ ਜੜੇ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਉਸ ਦੀ ਜ਼ਿੰਦਗੀ ਬਾਰੇ ਜਾਣ ਕੇ ਇਊਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਲਾ ਦੀ ਦੇਵੀ ਨੇ ਉਸ ਨੂੰ ‘ਗੀਤਾਂ ਦਾ ਖ਼ਜ਼ਾਨਾ’ ਦੇਣ ਬਦਲੇ ਜ਼ਿੰਦਗੀ ਦੀਆਂ ਤਮਾਮ ਖ਼ੁਸ਼ੀਆਂ ਖੋਹ ਲਈਆਂ ਹੋਣ।

ਰਾਮ ਸਿੰਘ ਢਿੱਲੋਂ ਦੀ ਬਹੁਤੀ ਚਰਚਾ ਕੁਲਦੀਪ ਮਾਣਕ ਦੇ ਗੀਤਾਂ ਨਾਲ ਹੋਈ, ਪਰ ਉਸ ਨੇ ਸਭ ਤੋਂ ਪਹਿਲਾਂ ਕੇ ਦੀਪ, ਜਗਮੋਹਨ ਕੌਰ ਤੇ ਨਰਿੰਦਰ ਬੀਬਾ ਲਈ ਰੁਮਾਂਟਿਕ ਸ਼ੈਲੀ ਦੇ ਮਜ਼ਾਹੀਆ ਗੀਤ ਲਿਖੇ। ਇਸ ਤੋਂ ਇਲਾਵਾ ਪਰਿਵਾਰਕ ਰਿਸ਼ਤਿਆਂ ਦੀ ਨੋਕ-ਝੋਕ ਨੂੰ ਵੀ ਢਿੱਲੋਂ ਨੇ ਬਹੁਤ ਖ਼ੂਬਸੂਰਤ ਸ਼ਬਦਾਂ ’ਚ ਲਿਖਿਆ। ਉਸ ਦੇ ਨਜ਼ਦੀਕੀ ਮਿੱਤਰ ਭਲੀ-ਭਾਂਤ ਜਾਣਦੇ ਹਨ ਕਿ ਬਹੁਤੇ ਗੀਤਾਂ ਵਿੱਚ ਉਹ ਖ਼ੁਦ ਸ਼ਾਮਲ ਹੁੰਦਾ ਸੀ।

ਦੇਸ਼ ਵੰਡ ਤੋਂ ਪਹਿਲਾਂ 1941 ਵਿੱਚ ਪਿਤਾ ਸਰਦਾਰਾ ਸਿੰਘ ਤੇ ਮਾਤਾ ਸ਼ਾਮ ਕੌਰ ਦੇ ਘਰ ਪਿੰਡ ਨੇਈਆਂ ਵਾਲਾ (ਨੇੜੇ ਕਸੂਰ ਸ਼ਹਿਰ) ਪਾਕਿਸਤਾਨ ’ਚ ਪੈਦਾ ਹੋਇਆ ਰਾਮ ਸਿੰਘ ਇੱਕ ਭਰਾ ਤੇ ਤਿੰਨ ਭੈਣਾਂ ਦਾ ਭਰਾ ਸੀ। ਸੰਤਾਲੀ ਦੀ ਵੰਡ ਵੇਲੇ ਪਾਕਿਸਤਾਨ ਤੋਂ ਪੰਜਾਬ ਆਏ ਰਾਮ ਸਿੰਘ ਢਿੱਲੋਂ ਦੇ ਪਰਿਵਾਰ ਨੂੰ ਮਲੋਟ ਮੁਕਤਸਰ ਰੋਡ ’ਤੇ ਪਿੰਡ ਮਹਿਰਾਜ ਵਾਲਾ ਵਿਖੇ ਜ਼ਮੀਨ ਅਲਾਟ ਹੋਈ। ਉਦੋਂ ਪਿੰਡਾਂ ਵਿੱਚ ਡਰਾਮੇ ਹੋਇਆ ਕਰਦੇ ਸਨ। ਉਸ ਨੇ ਕਈ ਇਤਿਹਾਸਕ ਕਿੱਸਿਆ ’ਤੇ ਆਧਾਰਿਤ ਗੀਤ ਡਰਾਮੇ ਵਾਲਿਆਂ ਨੂੰ ਦਿੱਤੇ। ਪਹਿਲਾਂ ਉਸ ਨੂੰ ਗਾਉਣ ਦਾ ਸ਼ੌਕ ਵੀ ਸੀ, ਪਰ ਗੀਤਕਾਰੀ ਵਿੱਚ ਵਧੇਰੇ ਮਗਨ ਸੀ। ਕੋਈ ਅੱਖੀਂ ਵੇਖੀ ਘਟਨਾ ’ਤੇ ਉਹ ਝੱਟ ਗੀਤ ਜੋੜ ਦਿੰਦਾ ਸੀ। ਉਸ ਨੇ ਬਹੁਤੇ ਗੀਤ ਇਸੇ ਤਰ੍ਹਾਂ ਲਿਖੇ ਜੋ ਬੇਹੱਦ ਮਕਬੂਲ ਹੋਏ।

ਮੁਕਤਸਰ ਇਲਾਕੇ ਦੇ ਇੱਕ ਗਾਇਕ ਸਾਬਰ ਹੂਸੈਨ ਸਾਬਰ ਨੇ ਰਾਮ ਸਿੰਘ ਦੇ ਲਿਖੇ ਗੀਤਾਂ ਨੂੰ ਸਭ ਤੋਂ ਪਹਿਲਾਂ ਮੇਲਿਆਂ-ਜਲਸਿਆਂ ’ਤੇ ਗਾਇਆ। ਸਾਬਰ ਹੂਸੈਨ ਸਾਬਰ ਤੁਰਦਾ ਫਿਰਦਾ ਖਾਨਦਾਨੀ ਮਰਾਸੀ ਗਾਇਕ ਸੀ। ਰਾਮ ਸਿੰਘ ਸਿਹਰੇ ਬਹੁਤ ਵਧੀਆ ਲਿਖਦਾ ਤੇ ਗਾਉਂਦਾ ਹੁੰਦਾ ਸੀ। ਰਾਮ ਸਿੰਘ ਦਾ ਲੇਖਣੀ ਵਿੱਚ ਕੋਈ ਉਸਤਾਦ ਨਹੀਂ ਸੀ। ਉਹ ਅਕਸਰ ਗੁਰੂ ਘਰ ਦੇ ਕਵੀ ਦਰਬਾਰਾਂ ਵਿੱਚ ਧਾਰਮਿਕ ਰਚਨਾਵਾਂ ਬੋਲਦਾ ਹੁੰਦਾ ਸੀ।

ਉਨ੍ਹਾਂ ਸਮਿਆਂ ਵਿੱਚ ਮਹਿਰਾਜ ਇਲਾਕੇ ਵਿੱਚ ਕੇ ਦੀਪ ਤੇ ਜਗਮੋਹਨ ਕੌਰ ਦੇ ਪ੍ਰੋਗਰਾਮ ਬਹੁਤ ਹੁੰਦੇ ਸਨ। ਇੱਕ ਵਾਰ ਇਸ ਜੋੜੀ ਦੀ ਕਾਰ ਇੱਕ ਕੱਚੇ ਰਾਹ ’ਤੇ ਖ਼ਰਾਬ ਹੋ ਗਈ ਤਾਂ ਨੇੜੇ ਦੇ ਖੇਤਾਂ ’ਚ ਕੰਮ ਕਰਦੇ ਲੋਕਾਂ ਨੇ ਮਦਦ ਕੀਤੀ। ਕੇ ਦੀਪ ਤੇ ਜਗਮੋਹਨ ਨੂੰ ਉਸ ਵੇਲੇ ਕੁਝ ਪਲ ਰਾਮ ਸਿੰਘ ਦੇ ਖੇਤ ਦੀ ਮੋਟਰ ’ਤੇ ਤੂਤਾਂ ਦੀ ਠੰਢੀ ਛਾਂ ਹੇਠਾਂ ਕੁਦਰਤ ਦਾ ਖ਼ੂਬਸੂਰਤ ਨਜ਼ਾਰਾ ਮਾਣਨ ਦਾ ਮੌਕਾ ਮਿਲਿਆ। ਜਦ ਗੱਲਾਂ ਗੱਲਾਂ ਵਿੱਚ ਗਾਇਕ ਜੋੜੀ ਨੂੰ ਉਸ ਦੇ ਗੀਤਕਾਰੀ ਦੇ ਸ਼ੌਕ ਬਾਰੇ ਪਤਾ ਲੱਗਿਆ ਤਾਂ ਜਗਮੋਹਨ ਕੌਰ ਨੇ ਉਸ ਨੂੰ ਮੌਕੇ ’ਤੇ ਹੀ ਗੀਤ ਲਿਖਣ ਨੂੰ ਕਿਹਾ ਤਾਂ ਉਸ ਨੇ ਕੁਝ ਹੀ ਸਮੇਂ ’ਚ ਬਿਲਕੁਲ ਨਵੇਂ ਵਿਸ਼ੇ ਦੇ ਇਸ ਗੀਤ ਦਾ ਸਥਾਈ ਅੰਤਰਾਂ ਜੋੜ ਕੇ ਸੁਣਾ ਦਿੱਤਾ। ਇਸ ਦੇ ਬੋਲ ਸਨ;

ਸਿਖਰ ਦੁਪਹਿਰੇ ਚੰਨਾਂ, ਧੁੱਪੇ ਗੇੜੇ ਮਾਰਦੀ ਦਾ

ਜਾਂਦਾ ਸੁੱਕਦਾ ਸਰੀਰ ਵਿੱਚੋਂ ਖੂਨ ਹਾਣੀਆ

ਵੇ ਖੇਤੋਂ ਘਰ ਨੂੰ ਲਵਾ ਦੇ ਟੈਲੀਫੂਨ ਹਾਣੀਆ

ਕੇ ਦੀਪ ਨਾਲ ਰਾਮ ਸਿੰਘ ਦੀ ਇਸ ਨੇੜਤਾ ਨਾਲ ਰਾਮ ਸਿੰਘ ਦਾ ਪਹਿਲਾ ਗੀਤ ਰਿਕਾਰਡ ਹੋਇਆ। ਇਹ ਗੀਤ ਰੇਡੀਓ ਸਟੇਸ਼ਨ ਜਲੰਧਰ ਅਤੇ ਜੰਮੂ ਤੋਂ ਵੀ ਬਹੁਤ ਵੱਜਿਆ। ਇਸ ਗੀਤ ਤੋਂ ਬਾਅਦ ਕੇ ਦੀਪ ਨੇ ਨਰਿੰਦਰ ਬੀਬਾ ਨਾਲ ਵੀ ਰਾਮ ਢਿੱਲੋਂ ਦੇ ਦੋ ਗੀਤ ‘ਰੱਬ ਕਰਕੇ ਮਰੇ ਨੀਂ ਜੇਠ ਸੱਪ ਲੜ ਕੇ’ ਅਤੇ ‘ਮੈਂ ਫਿਰਦਾ ਵਿਕਣ ਨੂੰ ਮੈਨੂੰ ਲੈ ਲਓ ਮੁੱਲ ਕੁੜੇ’ ਰਿਕਾਰਡ ਕਰਵਾਏ। ਢਿੱਲੋਂ ਦੇ ਲਿਖੇ ਦੋ ਧਾਰਮਿਕ ਗੀਤ ਵੀ ਕੇ ਦੀਪ ਨੇ ਗਾਏ। ਰਾਮ ਸਿੰਘ ਢਿੱਲੋਂ ਲਧਿਆਣੇ ਕੇ ਦੀਪ ਦੇ ਘਰ ਵੀ ਜਾਂਦਾ ਰਿਹਾ। ਇੱਥੇ ਹੀ ਉਸ ਦਾ ਹੋਰਨਾਂ ਗੀਤਕਾਰਾਂ ਤੇ ਗਾਇਕਾਂ ਨਾਲ ਮੇਲ ਹੋਇਆ। ਉਸ ਵੇਲੇ ਦੀ ਨਾਮੀ ਗਾਇਕ ਜੋੜੀ ਕਰਮਜੀਤ ਧੂਰੀ ਤੇ ਸਵਰਨ ਲਤਾ ਨੇ ਢਿੱਲੋਂ ਦਾ ਦੋਗਾਣਾ ‘ਰਾਹੇ ਰਾਹੇ ਜਾਣ ਵਾਲਿਓ-ਹੁਲਾਰੇ ਖਾਣ ਵਾਲਿਓ,, ਦੱਸਿਓ ਕੋਈ ਸੇਵਾ ਚਾਹ ਪਾਣੀ ਤੋਂ ਬਿਨਾ’ ਵੀ ਰਿਕਾਰਡ ਕਰਵਾਇਆ। ਇਸ ਤੋਂ ਇਲਾਵਾ ਗੁਰਚਰਨ ਪੋਹਲੀ-ਪ੍ਰੋਮਿਲਾ ਪੰਮੀ, ਜਸਵੰਤ ਸੰਦੀਲਾ-ਪਰਮਿੰਦਰ ਸੰਧੂ, ਕਰਤਾਰ ਰਮਲਾ ਆਦਿ ਗਾਇਕਾਂ ਨੇ ਉਸ ਦੇ ਗੀਤ ਸਟੇਜਾਂ ’ਤੇ ਗਾਏ ਤੇ ਰਿਕਾਰਡ ਵੀ ਕਰਵਾਏ। ਕਰਤਾਰ ਰਮਲੇ ਦੀ ਆਵਾਜ਼ ਵਿੱਚ ਰਾਮ ਸਿੰਘ ਦਾ ਇੱਕ ਦੋਗਾਣਾ ਬਹੁਤ ਚੱਲਿਆ ਸੀ ਜੋ ਉਸ ਦੀ ਨਿੱਜੀ ਜ਼ਿੰਦਗੀ ਦੇ ਬਹੁਤ ਨੇੜੇ ਸੀ। ਦਿਲਚਸਪ ਵਾਰਤਾਲਾਪ ਵਾਲਾ ਇਹ ਗੀਤ ਅੱਜ ਵੀ ਸੁਣਿਆ ਜਾਂਦਾ ਹੈ; ਮੈਨੂੰ ਦੱਸਦੇ ਇਸ ਭਣਵੱਈਏ ਦੇ… ਬੂਥੇ ’ਤੇ ਬੌਕਰ ਮਾਰੀ ਕਿਉਂ

ਉਸ ਦੇ ਸ਼ਾਗਿਰਦ ਸੁਰਜੀਤ ‘ਚਮਕ’ ਨੇ ਦੱਸਿਆ ਕਿ ਇੱਕ ਵਾਰ ਮਲੋਟ ਨੇੜੇ ਝੋਰੜਾਂ ਪਿੰਡ ਵਿੱਚ ਕੁਲਦੀਪ ਮਾਣਕ ਅਖਾੜਾ ਲਾਉਣ ਆਇਆ ਤਾਂ ਉਸ ਨੇ ਰਾਮ ਢਿੱਲੋਂ ਦੇ ਲਿਖੇ ਗੀਤਾਂ ਦੀ ਕਾਪੀ ਮਾਣਕ ਨੂੰ ਵਿਖਾਉਣੀ ਚਾਹੀ ਤਾਂ ਆਪਣੇ ਸੁਭਾਅ ਮੁਤਾਬਕ ਉਹ ਅੱਗੇ ਭੱਜ ਕੇ ਪਿਆ ਤੇ ਕਹਿੰਦਾ ਕਿ ਹਰੇਕ ਹੀ ਜਣਾ-ਖਣਾ ਕਾਪੀ ਚੱਕੀ ਫਿਰਦਾ। ਜਦ ਉਸ ਨੇ ਕਿਹਾ ‘‘ਮਾਣਕਾ, ਆਹ ਗੱਲ ਫੇਰ ਆਖੀਂ, ਪਹਿਲਾਂ ਗੀਤ ਤਾਂ ਵੇਖ ਲੈ।’’ ਜਦ ਉਸ ਨੇ ਗੀਤ ਵੇਖੇ ਤਾਂ ਮਾਣਕ ਹੈਰਾਨ ਰਹਿ ਗਿਆ ਤੇ ਫਿਰ ਕਹਿਣ ਲੱਗਾ ਕਿ ਕਾਪੀ ਮੈਨੂੰ ਦੇ ਜਾ, ਪਰ ਉਸ ਨੇ ਕਾਪੀ ਨਹੀਂ ਦਿੱਤੀ। ਫਿਰ ਇੱਕ ਦਿਨ ਮਾਣਕ ਖ਼ੁਦ ਮਹਿਰਾਜ ਵਾਲਾ ਪਿੰਡ ਰਾਮ ਸਿੰਘ ਕੋਲ ਖੇਤ ਆਇਆ ਤੇ ਲੋਕ ਗਾਥਾ ‘ਗੋਲੀ ਮਾਰੋ ਇਹੋ ਜਿਹੇ ਬਣਾਉਟੀ ਯਾਰ ਦੇ’ ਰਿਕਾਰਡ ਕਰਵਾਈ।

ਗਾਇਕ ਪ੍ਰੀਤਮ ਬਰਾੜ ਰਾਮ ਸਿੰਘ ਢਿੱਲੋਂ ਦੇ ਨੇੜਲੇ ਪਿੰਡਾਂ ਦਾ ਹੀ ਸੀ ਤੇ ਗਾਇਕੀ ਵਿੱਚ ਆਉਣ ਲਈ ਹੱਥ ਪੈਰ ਮਾਰ ਰਿਹਾ ਸੀ। ਉਹ ਅਕਸਰ ਰਾਮ ਸਿੰਘ ਢਿੱਲੋਂ ਕੋਲ ਗੀਤ ਲੈਣ ਆਉਂਦਾ। ਰਾਮ ਸਿੰਘ ਢਿੱਲੋਂ ਨੇ ਹੀ ਉਸ ਨੂੰ ਮਾਣਕ ਦਾ ਚੇਲਾ ਬਣਾਇਆ। ਜਦ ਦੇਵ ਥਰੀਕਿਆਂ ਵਾਲੇ ਦਾ ਛਿੰਦੇ ਦੀ ਆਵਾਜ਼ ਵਿੱਚ ‘ਜਿਊਣਾ ਮੌੜ’ ਅਤੇ ‘ਭਗਤ ਸਿੰਘ’ ਦਾ ਉਪੇਰਾ ਹਿੱਟ ਹੋਇਆ ਤਾਂ ਮਾਣਕ ਨੂੰ ਲੱਗਿਆ ਕਿ ‘ਦੇਵ’ ਉਸ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੁਕਾਬਲੇ ਦੇ ਉਸ ਦੌਰ ਵਿੱਚ ਰਾਮ ਸਿੰਘ ਢਿੱਲੋਂ ਲਈ ‘ਦੋ ਗੱਭਰੂ ਪੰਜਾਬ ਦੇ’ ਦਾ ਮੈਟਰ ਲਿਖਣਾ ਇੱਕ ਵੱਡੀ ਚੁਣੌਤੀ ਸੀ। ਮਾਣਕ ਨੇ ਉਸ ਨੂੰ ਮੈਟਰ ਲਿਖਣ ਦੀ ਡਿਊਟੀ ਲਾ ਦਿੱਤੀ ਤੇ ਰਾਤੋ-ਰਾਤ ਰਿਕਾਰਡ ਕਰ, ਦਿਨਾਂ ਵਿੱਚ ਹੀ ਇਹ ਕੈਸੇਟ ਰਿਲੀਜ਼ ਕਰ ਦਿੱਤੀ, ਜਿਸਨੇ ਆਸ ਤੋਂ ਕਿਤੇ ਵੱਧ ਪ੍ਰਸਿੱਧੀ ਹਾਸਲ ਕੀਤੀ। ਬਹੁਤੇ ਗੀਤਾਂ ਵਿੱਚ ਤਾਂ ਉਹ ਮਾਣਕ ਦੇ ‘ਖ਼ਾਸ ਗੀਤਕਾਰਾਂ’ ਨੂੰ ਵੀ ਮਾਤ ਪਾ ਜਾਂਦਾ ਸੀ, ਜੋ ਸਾਰੀ ਉਮਰ ਉਹ ਗੱਲ ਨਾ ਲਿਖ ਸਕੇ ਜੋ ਰਾਮ ਸਿੰਘ ਢਿੱਲੋਂ ਆਪਣੇ ਕੁਝ ਕੁ ਗੀਤਾਂ ਵਿੱਚ ਹੀ ਕਹਿ ਗਿਆ। ਗੀਤ ਦੇ ਵਿਸ਼ੇ ਅਨੁਸਾਰ ਸ਼ਬਦਾਂ ਦੀ ਚੋਣ ਕਰਨ ਵਿੱਚ ਉਹ ਬਹੁਤ ਮਾਹਿਰ ਸੀ। ਉਹ ਇੱਕ ਹੀ ਅੰਤਰੇ ਵਿੱਚ ਪੂਰੀ ਘਟਨਾ ਦਾ ਵਰਣਨ ਕਰ ਦਿੰਦਾ ਸੀ। ਜਿਵੇਂ;

ਖਾਤਾ ਨੱਕੀ ਕਰਕੇ ਲਾਹੌਰ ਵੜੇ ਸੀ,

ਪਤਾ ਨੀਂ ਕਿੱਥੋਂ ਲੰਘਗੇ।

‘ਮਹਿਰਾਜ ਵਾਲੇ’ ਮੋੜਾਂ ’ਤੇ ਸਿਪਾਹੀ ਖੜ੍ਹੇ,

ਉਹ ਥਰ ਥਰ ਕੰਬਗੇ।

ਇੱਕ ‘ਢਿੱਲੋਂ’ ਢਾਣੀ ’ਚ ਲੰਮਾ ਜਿਹਾ ਸਿੱਖ ਸੀ

ਕਿਸੇ ਨੇ ਭਾਂਡਾ ਫੋੜਤਾ

ਮਾਰਨਾ ਸੀ ਜ਼ਾਲਮ ਸਕਾਡਾ ਐੱਸ ਪੀ, ਸਾਂਡਰਸ ਰੋੜ੍ਹਤਾ।

ਨਿੱਜੀ ਜ਼ਿੰਦਗੀ ਵਿੱਚ ਉਸ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ। ਸਿੱਧੇ-ਸਾਧੇ ਜੱਟ ਦੇ ਘਰ ਜਦੋਂ ਕੋਈ ਵਸੇਵਾ ਨਾ ਹੋਇਆ ਤਾਂ ਇਹ ਫੱਕਰ ਬੰਦਾ ਜ਼ਿੰਦਗੀ ਨਾਲੋਂ ਟੁੱਟ ਕੇ ਨਸ਼ਿਆਂ ਦਾ ਗੁਲਾਮ ਹੋ ਗਿਆ। ਵੱਡੇ ਭਰਾ ਸਰਪੰਚ ਲਛਮਣ ਸਿੰਘ ਨੇ ਉਸ ਨੂੰ ਸਮਝਾਉਣ ਦੇ ਬਹੁਤ ਯਤਨ ਕੀਤੇ, ਪਰ ਸਭ ਬੇਕਾਰ ਰਹੇ।

ਰਾਮ ਸਿੰਘ ਢਿੱਲੋਂ ਦੇ ਲਿਖੇ ਜ਼ਿਆਦਾਤਰ ਗੀਤ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਰਿਕਾਰਡ ਹੋਏ। ਜਿਨ੍ਹਾਂ ਵਿੱਚ ‘ਡਾਕੂ ਹਰਫੂਲ ਸਿੰਘ’, ‘ਬਾਬਾ ਬੰਦਾ ਸਿੰਘ ਬਹਾਦਰ’ ਤੇ ‘ਦੋ ਗੱਭਰੂ ਪੰਜਾਬ ਦੇ’ ਅਤੇ ਤਿੰਨ ਓਪੇਰੇ ਵੀ ਰਿਕਾਰਡ ਹੋਏ। ਉਸ ਦੇ ਲਿਖੇ ਧਾਰਮਿਕ ਗੀਤਾਂ ਦੀ ਗਿਣਤੀ ਬਹੁਤ ਹੈ, ਪਰ ਇਹ ਗੀਤ ਰਿਕਾਰਡ ਬਹੁਤ ਘੱਟ ਹੋਏ। ਕਈ ਨਾਮੀਂ ਗੀਤਕਾਰਾਂ ਨੇ ਉਸ ਦੇ ਗੀਤਾਂ ’ਤੇ ਆਪਣੇ ਨਾਂ ਦੀ ‘ਮੋਹਰ’ ਵੀ ਲਗਾਈ। ਉਸ ਦੇ ਰਿਕਾਰਡ ਚਰਚਿਤ ਗੀਤਾਂ ਦੇ ਕੁਝ ਮੁੱਖੜੇ ਹਨ:

*ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ

*ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ

*ਪੰਜ ਵਜੇ ਬੰਦ ਹੋ ਗਈਆਂ ਕਚਹਿਰੀਆਂ ਕਸੂਤਾ ਜੱਭ ਪੈ ਗਿਆ

*ਜਵਾਨੀ ਜੜਾਂ ਪੁੱਟਣ ਨੂੰ ਕਾਹਲੀ ਇਸ ਜ਼ਾਲਮ ਸਰਕਾਰ ਦੀਆਂ

*ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ, ਨੀਂ ਐਵੇਂ ਹਉਕਾ ਖਿੱਚ ਜਾਣਗੇ

*ਫੱਤੂ ਯਾਰ

*ਖੋਂਹਦੇ ਕਦੇ ਸੂਰਮੇ ਕਿਸੇ ਦਾ ਹੱਕ ਨਾ, ਆਪਣਾ ਨਹੀਂ ਛੱਡਦੇ (ਸਾਰੇ ਕੁਲਦੀਪ ਮਾਣਕ)

*ਹਰੀਆਂ ਕਣਕਾਂ, ਹਰੀਆਂ ਪੈਲੀਆਂ, ਵਿੱਚ ਸਰ੍ਹੋਂ ਦਾ ਫੁੱਲ ਕੁੜੇ ਮੈਂ ਫਿਰਦਾ ਵਿਕਣ ਨੂੰ ਮੈਨੂੰ ਲੈ ਲੈ ਮੁੱਲ ਕੁੜੇ

*ਖੇਤੋਂ ਘਰ ਨੂੰ ਲਵਾਦੇ ਟੈਲੀਫੂਨ ਹਾਣੀਆਂ (ਕੇ ਦੀਪ-ਜਗਮੋਹਨ)

*ਰੱਬ ਕਰਕੇ ਮਰੇ ਨੀਂ ਜੇਠ ਸੱਪ ਲੜ ਕੇ (ਕੇ ਦੀਪ-ਨਰਿੰਦਰ ਬੀਬਾ)

*ਮੈਂ ਮੁਫ਼ਤੀ ਵੇਖੀ ਪਿਕਚਰ (ਜਸਵੰਤ ਸੰਦੀਲਾ-ਪਰਮਿੰਦਰ ਸੰਧੂ)

*ਦੱਸੋ ਭਲਾ ਕੀ ਬੀਤਦੀ, ਇਨ੍ਹਾਂ ਧੀਆਂ ਬੇਜ਼ੁਬਾਨੀਆਂ ਦੇ ਨਾਲ (ਪ੍ਰੀਤਮ ਬਰਾੜ)

ਰਾਮ ਸਿੰਘ ਢਿੱਲੋਂ ਦੇ ਕਈ ਸ਼ਾਗਿਰਦ ਵੀ ਹਨ। ਜਿਨ੍ਹਾਂ ’ਚੋਂ ਸਾਹਿਤਕਾਰ ਸੁਰਜੀਤ ਸਿੰਘ ਚਮਕ ਤੇ ਗੁਰਜੰਟ ਸਿੰਘ ਜੰਟਾਂ (ਮਹਿਰਾਜ ਵਾਲਾ) ਜ਼ਿਕਰਯੋਗ ਹਨ। ਗੁਰਜੰਟ ਨੂੰ ਉਦੋਂ ਗਾਉਣ ਅਤੇ ਲਿਖਣ ਦਾ ਸ਼ੌਕ ਸੀ। ਰਾਮ ਸਿੰਘ ਦੇ ਲਿਖੇ ਗੀਤ ਉਹ ਗਾਉਂਦਾ ਰਿਹਾ। ਉਸ ਦੇ ਕਹਿਣ ਮੁਤਾਬਕ ਰਾਮ ਸਿੰਘ ਢਿੱਲੋਂ ਦਾ ਲੇਖਣੀ ਅੰਦਾਜ਼ ਵੀ ਵੱਖਰਾ ਸੀ। ਉਹ ਜ਼ਿਆਦਾਤਰ ਪੈਰਾਂ-ਭਾਰ ਬਹਿ ਕੇ ਜ਼ਮੀਨ ’ਤੇ ਕਾਪੀ ਰੱਖ ਕੇ ਲਿਖਦਾ ਸੀ। ਉਹ ਵਿਆਹਾਂ ਮੌਕੇ ਸਿਹਰੇ ਲਿਖਣ ਅਤੇ ਪੜ੍ਹਨ ਵਿੱਚ ਬਹੁਤ ਮੁਹਾਰਤ ਰੱਖਦਾ ਸੀ। ਉਸ ਦਾ ਲਿਖਿਆ ਸਿਹਰਾ ਸ਼ਬਦਾਵਲੀ ਪੱਖੋਂ ਕਦੇ ਇੱਕ ਦੂਜੇ ਨਾਲ ਨਹੀਂ ਸੀ ਮਿਲਦਾ। ਹਰ ਵਾਰੀ ਉਹ ਨਵੀਂ ਗੱਲ ਲਿਖਦਾ ਸੀ। ਮੈਨੂੰ ਰਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਐਨੀਂ ਜਾਣਕਾਰੀ ਨਹੀਂ ਮਿਲੀ ਜਿੰਨੀ ਸਰਪੰਚ ਜਗਸ਼ੀਰ ਸਿੰਘ, ਰਾਮ ਸਿੰਘ ਦੇ ਸ਼ਾਗਿਰਦ ਗਾਇਕ ਗੁਰਜੰਟ ਸਿੰਘ ਜੰਟਾ, ਚਮਕ ਸੁਰਜੀਤ ਅਤੇ ਪਿੰਡ ਵਾਲਿਆਂ ਤੋਂ ਮਿਲੀ। ਪਰਿਵਾਰਕ ਮੈਂਬਰਾਂ ਕੋਲ ਤਾਂ ਇਸ ਨਾਮੀ ਗੀਤਕਾਰ ਦੀ ਕੋਈ ਤਸਵੀਰ ਵੀ ਸੰਭਾਲ ਨਹੀਂ ਹੋਈ।

ਰਾਮ ਸਿੰਘ ਦੇ ਆਪਣੀ ਕੋਈ ਔਲਾਦ ਨਹੀਂ ਸੀ। ਉਸ ਨੇ ਆਪਣੇ ਭਤੀਜੇ ਗੁਰਮੀਤ ਸਿੰਘ ਨੂੰ ਮੁਤਬੰਨਾ ਪੁੱਤ ਬਣਾਇਆ ਹੋਇਆ ਸੀ ਜੋ ਅੱਜਕੱਲ੍ਹ ਫੌਜ ਵਿੱਚ ਹੈ। ਉਸ ਦੇ ਦੋ ਭਤੀਜੇ ਪਿੰਡ ਖੇਤੀ ਕਰਦੇ ਹਨ। ਜਵਾਨੀ ਉਮਰੇ ਹੱਡੀਂ ਰਚੇ ਨਸ਼ਿਆਂ ਨੇ ਸਿਰਫ਼ 45 ਸਾਲ ਦੀ ਉਮਰ ਵਿੱਚ ਹੀ ਰਾਮ ਸਿੰਘ ਢਿੱਲੋਂ ਨੂੰ ਮੌਤ ਦੇ ਵੱਸ ਪਾ ਦਿੱਤਾ। ਅਕਤੂਬਰ 1986 ਵਿੱਚ ਗੀਤਕਾਰੀ ਦਾ ਇਹ ਕੀਮਤੀ ਹੀਰਾ ਪੰਜਾਬੀ ਗਾਇਕੀ ਦੇ ਸੁਨਹਿਰੀ ਮੁੱਕਟ ਵਿੱਚੋਂ ਲੋਪ ਹੋ ਗਿਆ। ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਰਾਮ ਸਿੰਘ ਢਿੱਲੋਂ ਆਪਣੇ ਗੀਤਾਂ ਸਦਕਾ ਸਦਾ ਜਿਊਂਦਾ ਰਹੇਗਾ। ਪਿੰਡ ਮਹਿਰਾਜ ਵਾਲਾ ਦੇ ਵਾਸੀਆਂ ਨੂੰ ਇਸ ਨਾਮੀ ਕਲਮਕਾਰ ’ਤੇ ਸਦਾ ਮਾਣ ਰਹੇਗਾ।

Related posts

ਐੱਨਜੀਟੀ ਅਦਾਲਤ ਵੱਲੋਂ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਬੰਦ ਕਰਨ ਦੇ ਹੁਕਮ

On Punjab

ਕਾਂਗਰਸ ਦੇ ਮੋਦੀ ਸਰਕਾਰ ਨੂੰ ਤਿੰਨ ਸਵਾਲ, ਪੁੱਛਿਆ ਕੋਈ 500 ਰੁਪਏ ‘ਚ ਘਰ ਚਲਾ ਸਕਦਾ?

On Punjab

ਨਾਟੋ ਫ਼ੌਜਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤੇ ਜਾਣ ਦੀ ਤਿਆਰੀ, ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਮਿਲੇ ਨਾਟੋ ਸਕੱਤਰ ਜਨਰਲ ਸਟੋਲਟੈਨਬਰਗ

On Punjab