ਚੰਡੀਗੜ੍ਹ- ਸੂਬੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਦੀ ਇੱਥੇ ਅੱਜ 26 ਨਵੰਬਰ ਨੂੰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ‘ਖ਼ੁਸ਼ਹਾਲ ਪੰਜਾਬ ਰੈਲੀ’ ਕੀਤੀ ਜਾ ਰਹੀ ਹੈ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਤੇ ਵਰਕਰ ਸ਼ਮੂਲੀਅਤ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਦੌਰਾਨ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਭਗਵੰਤ ਮਾਨ ਨੂੰ ਮੁੜ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਗਾਰੰਟੀ ਦਿੱਤੀ ਕਿ ‘ਮਾਵਾਂ-ਧੀਆਂ’ ਯੋਜਨਾ, ਮੁਫ਼ਤ ਬਿਜਲੀ, ਸਿਹਤ ਬੀਮਾ ਅਤੇ ਤੀਰਥ ਯਾਤਰਾ ਸਮੇਤ ਕੋਈ ਵੀ ਲੋਕ ਭਲਾਈ ਸਕੀਮ ਬੰਦ ਨਹੀਂ ਹੋਣ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ‘ਮਾਵਾਂ-ਧੀਆਂ’ ਯੋਜਨਾ ਤਹਿਤ ਮਿਲ ਰਹੀ ਵਿੱਤੀ ਸਹਾਇਤਾ ਨਾਲ ਪਰਿਵਾਰਾਂ ਨੂੰ ਘਰੇਲੂ ਖ਼ਰਚੇ ਚਲਾਉਣ ਅਤੇ ਧੀਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਮਿਲ ਰਹੀ ਹੈ। ਇਸ ਮੌਕੇ ਹਲਕਾ ਧਰਮਕੋਟ ਦੇ ਪਿੰਡ ਪੰਡੋਰੀ ਦੀ ਵਿਦਿਆਰਥਣ ਨਵਜੋਤ ਕੌਰ ਅਤੇ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਇਸ ਰਕਮ ਨਾਲ ਉਨ੍ਹਾਂ ਨੂੰ ਪੜ੍ਹਾਈ, ਕਿਤਾਬਾਂ ਅਤੇ ਕੱਪੜਿਆਂ ਦੇ ਖ਼ਰਚੇ ਪੂਰੇ ਕਰਨ ਵਿੱਚ ਵੱਡੀ ਸਹਾਇਤਾ ਮਿਲੀ ਹੈ।
‘ਮਾਵਾਂ-ਧੀਆਂ’ ਸਕੀਮ ਵਿੱਚ ਦੇਰੀ ਨੂੰ ਲੈ ਕੇ ਕੇਜਰੀਵਾਲ ਨੇ ਸਰਕਾਰ ਦੇ ਖ਼ਜ਼ਾਨੇ ਖ਼ਾਲੀ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖ਼ਜ਼ਾਨਾ ਖ਼ਾਲੀ ਕਰ ਦਿੱਤਾ ਸੀ ਅਤੇ ਆਪਣੇ ਪਰਿਵਾਰਾਂ ’ਤੇ ਖ਼ਰਚ ਕੀਤਾ ਸੀ, ਜਿਸ ਕਾਰਨ ਇਸ ਸਕੀਮ ਨੂੰ ਲਿਆਉਣ ਵਿੱਚ ਦੇਰੀ ਹੋਈ। ਪਰ ਹੁਣ ਹਰ ਮਹੀਨੇ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਪੈਸੇ ਆ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਮਹੀਨੇ ਮਹਿਲਾਵਾਂ ਦੇ ਖਾਤਿਆਂ ਵਿੱਚ 1-1 ਹਜ਼ਾਰ ਰੁਪਏ ਆਉਂਦੇ ਹਨ, ਜੋ ਤਿੰਨ ਮਹੀਨਿਆਂ ਬਾਅਦ ਇਕੱਠੇ ਦਿੱਤੇ ਜਾਂਦੇ ਹਨ। ਸੰਵਿਧਾਨ ਦਿਵਸ ਮਨਾਉਣ ਦਾ ਜ਼ਿਕਰ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਸੰਵਿਧਾਨ ਦੇ ਪਹਿਲੇ ਪੰਨੇ ‘ਤੇ ਲਿਖਿਆ ਹੈ ਕਿ ਇਹ ਦੇਸ਼ ਦੇ ਲੋਕਾਂ ਵੱਲੋਂ, ਦੇਸ਼ ਦੇ ਲੋਕਾਂ ਦਾ ਅਤੇ ਲੋਕਾਂ ਲਈ ਸੰਵਿਧਾਨ ਹੈ। ਵਿਰੋਧੀ ਪਾਰਟੀਆਂ ‘ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਦੇਸ਼ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ।
ਉਨ੍ਹਾਂ ਜਿੱਥੇ ਮੋਗਾ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ, ਉੱਥੇ ਹੀ ਭਾਜਪਾ ’ਤੇ ਨਿਸ਼ਾਨੇ ਵੀ ਸੇਧੇ। ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਵੀ ਮੋਗਾ ਦੀ ਧਰਤੀ ਤੋਂ ਹੀ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਇਨ੍ਹਾਂ ਦਿਨਾਂ ਵਿੱਚ ਹੀ ਕੀਤੀ ਸੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਦੀ ਸਰਕਾਰ ਦੀ ਵੀ ਗੱਲ ਕੀਤੀ ਅਤੇ ਦੋਸ਼ ਲਾਏ ਕਿ ਜੋ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ, ਉਹ ਨਿਭਾਏ ਨਹੀਂ ਗਏ। ਮੋਗਾ ਦੇ ਵਰਕਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੋਂ ਦੇ ਵਰਕਰ ਅਜਿਹੇ ਹਨ, ਜੋ 11-11 ਹਜ਼ਾਰ ਵੋਲਟ ਦੀਆਂ ਤਾਰਾਂ ਵਿੱਚੋਂ ਕਰੰਟ ਕੱਢਣਾ ਜਾਣਦੇ ਹਨ।
ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਵੀ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਰਾਕਰੀ ਸਕੂਲਾਂ ਨੂੰ 27 ਨੰਬਰ ਤੋਂ ਪਹਿਲੇ ਨੰਬਰ ’ਤੇ ਲਿਆਂਦਾ ਹੈ। ਇਸੇ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਵਾਲਾ ਪਰਿਵਾਰ ਕਹਿੰਦਾ ਹੈ ਕਿ ਉਨ੍ਹਾਂ ਦਾ ਬੱਚਾ ਦੇਸ਼ ਦੇ ਸਭ ਤੋਂ ਵਧੀਆ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ। ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਜਦੀਦ ਵਿਖੇ ਅੱਜ ਹੋ ਰਹੇ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਸਬੰਧੀ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿੱਥੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ।

