ਚੰਡੀਗੜ੍ਹ- ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਅਖ਼ੀਰ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉਹਨਾਂ ਨੂੰ ਹਵਾਈ ਅੱਡੇ ’ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਹੁਣ 49 ਮੈਂਬਰੀ ਜਥਾ ਤਾਸ਼ਕੰਦ ਰਸਤੇ 8 ਅਕਤੂਬਰ ਨੂੰ ਨਵੀਂ ਦਿੱਲੀ ਪਹੁੰਚੇਗਾ, ਜੋ ਭਾਰਤ ਦੇ ਪ੍ਰਮੁੱਖ ਸਿੱਖ ਧਾਰਮਿਕ ਅਸਥਾਨਾਂ ਦੇ ਇੱਕ ਮਹੀਨੇ ਦੇ ਯਾਤਰਾ ਦੌਰੇ ’ਤੇ ਰਹੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਸਲਾਹਕਾਰ ਪਰਮਜੀਤ ਸਿੰਘ ਚੰਢੋਕ ਨੇ ਦੱਸਿਆ ਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਫੈਸਲਾਬਾਦ ਏਅਰਪੋਰਟ ’ਤੇ ਸ਼ਰਧਾਲੂਆਂ ਨੂੰ ਰੋਕੇ ਜਾਣ ਦੇ ਮਾਮਲੇ ਦੀ ਸਮੀਖਿਆ ਤੋਂ ਬਾਅਦ ਇਹ ਮਨਜ਼ੂਰੀ ਦਿੱਤੀ ਹੈ। ਯਾਤਰੀਆਂ ਕੋਲ 30 ਅਕਤੂਬਰ ਤੱਕ ਦਾ ਵੈਧ ਭਾਰਤੀ ਵੀਜ਼ਾ ਹੈ ਅਤੇ ਉਹ ਦਿੱਲੀ ਤੋਂ ਹੀ ਵਾਪਸ ਉਡਾਣ ਭਰਨਗੇ। ਯਾਤਰਾ ਦੌਰਾਨ ਇਹ ਜਥਾ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ—ਬੰਗਲਾ ਸਾਹਿਬ, ਰਕਾਬ ਗੰਜ ਸਾਹਿਬ, ਨਾਨਕ ਪਿਆਓ, ਦਮਦਮਾ ਸਾਹਿਬ, ਸੀਸ ਗੰਜ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਲਾ ਸਾਹਿਬ ਦੇ ਦਰਸ਼ਨ ਕਰੇਗਾ। ਇਸ ਤੋਂ ਬਾਅਦ ਜਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਅਤੇ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿਖੇ ਨਤਮਸਤਕ ਹੋਵੇਗਾ।
ਖ਼ਰਾਬ ਮੌਸਮ ਕਾਰਨ 10 ਅਕਤੂਬਰ ਨੂੰ ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਬੰਦ ਹੋ ਰਹੇ ਹਨ, ਜਿਸ ਕਾਰਨ ਸ਼ਰਧਾਲੂਆਂ ਦੇ ਉੱਥੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ। ਭਾਵੇਂ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ, ਪਰ ਮੌਸਮ ਵਿਭਾਗ ਵੱਲੋਂ ਜਾਰੀ ‘ਯੈਲੋ ਅਲਰਟ’ ਕਾਰਨ ਉੱਥੇ ਜਾਣਾ ਮੁਸ਼ਕਲ ਜਾਪਦਾ ਹੈ।
ਜ਼ਿਕਰਯੋਗ ਹੈ ਕਿ ਇਹ ਜਥਾ ਪਹਿਲਾਂ 11 ਸਤੰਬਰ ਨੂੰ ਰਵਾਨਾ ਹੋਣਾ ਸੀ। ਪੇਸ਼ਾਵਰ, ਪੰਜਾ ਸਾਹਿਬ, ਲਾਹੌਰ ਅਤੇ ਨਨਕਾਣਾ ਸਾਹਿਬ ਦੇ 104 ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਸੀ, ਪਰ ਫੈਸਲਾਬਾਦ ਹਵਾਈ ਅੱਡੇ ’ਤੇ 94 ਜਣਿਆਂ ਨੂੰ ਵਾਪਸੀ ਦੀਆਂ ਟਿਕਟਾਂ ਅਤੇ NOC ਨਾ ਹੋਣ ਦੇ ਬਹਾਨੇ ਰੋਕ ਦਿੱਤਾ ਗਿਆ ਸੀ। ਇਸ ਕਾਰਨ ਪੁਰਾਣੀਆਂ ਟਿਕਟਾਂ ਦੇ ਪੈਸੇ ਬਰਬਾਦ ਹੋ ਗਏ ਅਤੇ ਸ਼ਰਧਾਲੂਆਂ ਨੂੰ ਨਵੀਆਂ ਟਿਕਟਾਂ ਖ਼ਰੀਦਣੀਆਂ ਪਈਆਂ। ਪਾਕਿਸਤਾਨ ਪੰਜਾਬ ਦੇ ਸਾਬਕਾ ਮੰਤਰੀ ਮਹਿੰਦਰਪਾਲ ਸਿੰਘ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਉੱਚ ਪੱਧਰੀ ਜਾਂਚ ਅਤੇ ਜਵਾਬਦੇਹੀ ਦੀ ਮੰਗ ਕੀਤੀ ਸੀ।

