ਨਵੀਂ ਦਿੱਲੀ- ਦਿੱਲੀ ਧਮਾਕੇ ਦੇ ਸਬੰਧ ਵਿੱਚ ਜਾਂਚ ਏਜੰਸੀਆਂ ਨੇ ਪੰਜਾਬ ਦੇ ਪਠਾਨਕੋਟ ਤੋਂ ਇੱਕ ਡਾਕਟਰ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਇਹ 45 ਸਾਲਾਸਰਜਨ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਪਠਾਨਕੋਟ ਦੇ ਇੱਕ ਨਿੱਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕੰਮ ਕਰ ਰਿਹਾ ਹੈ। ਸੂਤਰਾਂ ਨੇ ਅੱਗੇ ਦੱਸਿਆ ਕਿ ਉਸ ਨੇ ਪਹਿਲਾਂ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿੱਚ ਸਥਿਤ ਅਲ ਫਲਾਹ ਯੂਨੀਵਰਸਿਟੀ ਵਿੱਚ ਵੀ ਕੰਮ ਕੀਤਾ ਸੀ, ਜਿਸ ਨਾਲ “ਵ੍ਹਾਈਟ ਕਾਲਰ ਅਤਿਵਾਦੀ ਮਾਡਿਊਲ” ਕੇਸ ਦੇ ਮੁੱਖ ਸ਼ੱਕੀ ਵੀ ਜੁੜੇ ਹੋਏ ਸਨ।
ਸ਼ੁੱਕਰਵਾਰ ਨੂੰ ਇਸ ਕੇਸ ਦੇ ਸਬੰਧ ਵਿੱਚ ਹਰਿਆਣਾ ਦੇ ਨੂਹ ਜ਼ਿਲ੍ਹੇ ਨਾਲ ਸਬੰਧਤ ਦੋ ਡਾਕਟਰਾਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਡਾਕਟਰਾਂ ਵਿੱਚੋਂ ਇੱਕ ਨੇ ਆਪਣਾ ਐੱਮ ਬੀ ਬੀ ਐੱਸ ਕੋਰਸ ਪੂਰਾ ਕਰਨ ਤੋਂ ਬਾਅਦ ਅਲ ਫਲਾਹ ਯੂਨੀਵਰਸਿਟੀ ਵਿੱਚ ਆਪਣੀ ਅਪ੍ਰੈਂਟਿਸਸ਼ਿਪ ਕੀਤੀ ਸੀ ਅਤੇ ਉਸ ਦੀ ਅਪ੍ਰੈਂਟਿਸਸ਼ਿਪ 2 ਨਵੰਬਰ ਨੂੰ ਖਤਮ ਹੋ ਗਈ ਸੀ।
ਜਾਰੀ ਜਾਂਚ ਦੌਰਾਨ ਏਜੰਸੀਆਂ ਨੇ ਕਈ ਹੋਰਾਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਪਾਇਆ ਹੈ ਕਿ ਮੁੱਖ ਸ਼ੱਕੀਆਂ ਨੇ ਅਤਿਵਾਦੀ ਸਾਜ਼ਿਸ਼ ਨਾਲ ਸਬੰਧਤ ਆਪਣੀਆਂ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਤਾਲਮੇਲ ਕਰਨ ਲਈ ਸਵਿਟਜ਼ਰਲੈਂਡ-ਅਧਾਰਤ ਇੱਕ ਐਨਕ੍ਰਿਪਟਡ ਮੈਸੇਜਿੰਗ ਐਪ ਦੀ ਵਰਤੋਂ ਕੀਤੀ ਸੀ।

