67.23 F
New York, US
October 2, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸਾਥ ਦੇਣ ਲਈ ਪੰਜਾਬੀਆਂ ਤੇ ਪਾਰਟੀ ਵਰਕਰਾਂ ਦਾ ਕੀਤਾ ਧੰਨਵਾਦ

ਚੰਡੀਗੜ੍ਹ:  ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਗਈ 13 ਦਿਨਾਂ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਸਮਾਪਤੀ ਸਮਾਗਮ ਨੂੰ ਸਫ਼ਲ ਬਣਾਉਣ ਲਈ ਪੰਜਾਬ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਯਾਤਰਾ ਸਿਰਫ਼ ਇੱਕ ਰਾਜਨੀਤਿਕ ਯਾਤਰਾ ਨਹੀਂ, ਸਗੋਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਇੱਕ ਵੱਡਾ ਜਨ ਅੰਦੋਲਨ ਬਣ ਗਈ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਭਾਜਪਾ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਕਰੀਬ 4,000 ਕਿਲੋਮੀਟਰ ਤੋਂ ਵੱਧ ਸਫ਼ਰ ਤੈਅ ਕੀਤਾ ਅਤੇ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਲੋਕਾਂ ਵੱਲੋਂ ਮਿਲੇ ਭਰਵੇਂ ਸਮਰਥਨ ਨੇ ਸਾਬਤ ਕੀਤਾ ਹੈ ਕਿ ਪੰਜਾਬ ਵਾਸੀ ਨਸ਼ਿਆਂ ਦੀ ਸਮੱਸਿਆ ਦੇ ਖ਼ਾਤਮੇ ਲਈ ਗੰਭੀਰ ਹਨ।
ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਜਲੰਧਰ ਪਹੁੰਚ ਕੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਇਸ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੀ ਅਮਿਤ ਸ਼ਾਹ ਜੀ ਨੇ ਨਸ਼ਿਆਂ ਕਾਰਨ ਉੱਜੜੇ ਪਰਿਵਾਰਾਂ ਦਾ ਦਰਦ ਸੁਣਿਆ ਅਤੇ ਮਾਵਾਂ-ਭੈਣਾਂ ਦੇ ਦੁੱਖ ਨੂੰ ਸਮਝਦਿਆਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਦ੍ਰਿੜ ਸੰਕਲਪ ਪ੍ਰਗਟ ਕੀਤਾ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ 31 ਦਸੰਬਰ, 2029 ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਕੇਂਦਰੀ ਗ੍ਰਹਿ ਮੰਤਰੀ ਦਾ ਸੰਕਲਪ ਪੰਜਾਬ ਦੇ ਲੋਕਾਂ ਲਈ ਹੌਸਲੇ ਅਤੇ ਉਮੀਦ ਦੀ ਕਿਰਨ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਨਸ਼ਿਆਂ ਸਮੇਤ ਹਰ ਚੁਣੌਤੀ ਨਾਲ ਲੜਨ ਲਈ ਵਚਨਬੱਧ ਹੈ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਅੱਜ ਜਲੰਧਰ ਵਿਖੇ ਸਮਾਪਤੀ ਸਮਾਗਮ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਆਪਣਾ ਸਮਰਥਨ ਦਿੱਤਾ। ਪੰਡਾਲ ਦੇ ਅੰਦਰ ਅਤੇ ਬਾਹਰ ਸੜਕਾਂ ’ਤੇ ਲੋਕਾਂ ਦੀ ਵੱਡੀ ਹਾਜ਼ਰੀ ਨੇ ਇਸ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੱਤੀ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਮੁੱਚੇ ਭੈਣਾਂ-ਭਰਾਵਾਂ, ਭਾਜਪਾ ਦੇ ਸਾਰੇ ਵਰਕਰਾਂ, ਆਗੂਆਂ, ਪ੍ਰਬੰਧਕਾਂ ਅਤੇ ਵਲੰਟੀਅਰਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਇਸ ਯਾਤਰਾ ਨੂੰ ਸਫ਼ਲ ਬਣਾਇਆ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਿਰਫ਼ ਕਿਸੇ ਇੱਕ ਪਾਰਟੀ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲੈ ਕੇ ਭਾਜਪਾ ਦੀ ਇਹ ਲੜਾਈ ਜਾਰੀ ਰਹੇਗੀ ਅਤੇ ਪੰਜਾਬ ਦੀ ਜਵਾਨੀ ਦੇ ਭਵਿੱਖ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

Related posts

ਤਾਹਿਰ ਹੁਸੈਨ ਅਤੇ ਚਾਰ ਹੋਰਨਾਂ ਨੂੰ IB ਅਧਿਕਾਰੀ ਦੇ ਕਤਲ ਕੇਸ ਵਿੱਚ ਉਮਰ ਕੈਦ

On Punjab

PM ਮੋਦੀ ਅੱਜ ਰਾਤ 8 ਵਜੇ ਦੇਸ਼ ਨੂੰ ਕਰਨਗੇ ਸੰਬੋਧਿਤ, ਹੋ ਸਕਦੈ ਲਾਕਡਾਊਨ 4.0 ਦਾ ਐਲਾਨ..

On Punjab

NGT Fine: NGT ਦਾ 2080 ਕਰੋੜ ਦਾ ਜੁਰਮਾਨਾ ਇਕਮੁਸ਼ਤ ਭਰਨ ਤੋਂ ਪੰਜਾਬ ਨੇ ਖੜ੍ਹੇ ਕੀਤੇ ਹੱਥ, ਵਿੱਤੀ ਹਾਲਤ ਬਣੀ ਮਜਬੂਰੀ

On Punjab