ਰੋਪੜ- ਸਵਾੜਾ ਖੱਡ ਨਾਲ ਜੁੜੇ ਬਹੁ-ਚਰਚਿਤ ਮਾਈਨਿੰਗ ਵਿਵਾਦ ਵਿੱਚ ਸਬੰਧਤ ਠੇਕੇਦਾਰ ਨੂੰ ਵੱਡਾ ਝਟਕਾ ਲੱਗਾ ਹੈ। ਅਥਾਰਟੀ ਵੱਲੋਂ ਠੇਕੇਦਾਰ ਦੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਸਰਕਾਰੀ ਖਜ਼ਾਨੇ ਲਈ 154.77 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਵਸੂਲਣ ਦਾ ਰਾਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਇਸ ਮਾਮਲੇ ਵਿੱਚ ਠੇਕੇਦਾਰ ਵੱਲੋਂ ਬਕਾਇਆ ਰਕਮ ਅਤੇ ਲਗਾਏ ਗਏ ਜੁਰਮਾਨੇ ਵਿਰੁੱਧ ਅਪੀਲ ਦਾਇਰ ਕਰਕੇ ਰਾਹਤ ਦੀ ਮੰਗ ਕੀਤੀ ਗਈ ਸੀ। ਠੇਕੇਦਾਰ ਧਿਰ ਵੱਲੋਂ ਆਪਣੇ ਬਚਾਅ ਵਿੱਚ ਕਈ ਤਕਨੀਕੀ ਅਤੇ ਕਾਨੂੰਨੀ ਪੱਖ ਰੱਖੇ ਗਏ ਸਨ। ਹਾਲਾਂਕਿ, ਸੁਣਵਾਈ ਦੌਰਾਨ ਸਾਰੇ ਤੱਥਾਂ, ਵਿਭਾਗੀ ਰਿਪੋਰਟਾਂ ਅਤੇ ਰਿਕਾਰਡਾਂ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਅਪੀਲ ਅਥਾਰਟੀ ਨੇ ਠੇਕੇਦਾਰ ਦੀਆਂ ਦਲੀਲਾਂ ਨੂੰ ਸਿਰੇ ਤੋਂ ਅਸਵੀਕਾਰ ਕਰਦਿਆਂ ਪਟੀਸ਼ਨ ਖਾਰਜ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਮਾਈਨਿੰਗ ਨਿਯਮਾਂ ਦੀ ਉਲੰਘਣਾ ਅਤੇ ਬਕਾਇਆ ਕਿਸ਼ਤਾਂ ਦੀ ਅਦਾਇਗੀ ਨਾ ਹੋਣ ਕਾਰਨ ਇਹ ਵੱਡੀ ਰਕਮ ਬਣਦੀ ਸੀ, ਜਿਸ ਦੀ ਵਸੂਲੀ ਲਈ ਵਿਭਾਗ ਵੱਲੋਂ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਨ। ਇਸ ਮਾਮਲੇ ਕਾਰਨ ਸਰਕਾਰੀ ਮਾਲੀਏ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਲਗਾਤਾਰ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਸੀ। ਇਸ ਫੈਸਲੇ ਤੋਂ ਬਾਅਦ ਹੁਣ ਸਬੰਧਤ ਵਿਭਾਗ ਵੱਲੋਂ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਅਧਿਕਾਰੀਆਂ ਮੁਤਾਬਕ, ਜੇਕਰ ਨਿਰਧਾਰਤ ਸਮੇਂ ਵਿੱਚ ਇਹ ਰਕਮ ਜਮ੍ਹਾਂ ਨਹੀਂ ਕਰਵਾਈ ਜਾਂਦੀ, ਤਾਂ 154.77 ਕਰੋੜ ਰੁਪਏ ਦੀ ਇਸ ਵੱਡੀ ਰਕਮ ਦੀ ਰਿਕਵਰੀ ਨੂੰ ਯਕੀਨੀ ਬਣਾਉਣ ਲਈ ਜਾਇਦਾਦ ਕੁਰਕ ਕਰਨ ਸਮੇਤ ਹੋਰ ਸਖ਼ਤ ਕਾਨੂੰਨੀ ਕਦਮ ਵੀ ਚੁੱਕੇ ਜਾ ਸਕਦੇ ਹਨ।

