ਪਟਿਆਲਾ- ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਦਿੱਲੀ ਜਾ ਰਹੇ ਕੌਮੀ ਇਨਸਾਫ ਮੋਰਚੇ ਦੇ ਜਥੇ ਨੂੰ ਅੱਜ ਹਰਿਆਣਾ ਪੁਲੀਸ ਨੇ ਸ਼ੰਭੂ ਬੈਰੀਅਰ ‘ਤੇ ਜਬਰਦਸਤ ਬੈਰੀਕੇਡਿੰਗ ਕਰਕੇ ਰੋਕ ਲਿਆ ਸੀ। ਇਸ ਮਗਰੋਂ ਇਸ ਜਥੇ ਵਿੱਚ ਸ਼ਾਮਿਲ ਹਜ਼ਾਰਾਂ ਹੀ ਇਨਸਾਫ ਪਸੰਦ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ੰਭੂ ਬੈਰੀਅਰ ਦੇ ਹੀ ਧਰਨਾ ਮਾਰ ਕੇ ਕਈ ਘੰਟੇ ਤਕਰੀਰਾਂ ਕੀਤੀਆਂ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ ਨੇ ਇਸ ਧਰਨੇ ਵਿੱਚ ਪੁੱਜ ਕੇ ਮੰਗ ਪੱਤਰ ਹਾਸਲ ਕੀਤਾ, ਜਿਸ ਦੇ ਚਲਦਿਆਂ ਬਾਅਦ ਦੁਪਹਿਰ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਦੌਰਾਨ ਹਰਿਆਣਾ ਪੁਲੀਸ ਨੇ ਵੀ ਬੈਰੀਕੇਡਿੰਗ ਖੋਲ ਦਿੱਤੀ ਤੇ ਆਵਾਜਾਈ ਆਮ ਦੀ ਤਰ੍ਹਾਂ ਬਹਾਲ ਕੀਤੀ ਗਈ ਹੈ।
ਜਥੇ ਦੀ ਅਗਵਾਈ ਮੁੱਖ ਤੌਰ ‘ਤੇ ਬੇਅੰਤ ਸਿੰਘ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਦੇ ਪਿਤਾ ਗੁਰਚਰਨ ਸਿੰਘ ਜਰੀਕਪੁਰ ਕਰ ਰਹੇ ਸਨ। ਉੰਝ ਇਸ ਕਾਫਲੇ ਵਿੱਚ ਸ਼ਾਮਿਲ ਹੋਰ ਪ੍ਰਮੁੱਖ ਹਸਤੀਆਂ ਵਿੱਚ ਜਸਟਿਸ ਰਣਜੀਤ ਸਿੰਘ, ਭਾਈ ਜਸਵੀਰ ਸਿੰਘ ਰੋਡੇ, ਸ਼ਰਨਜੀਤ ਸਿੰਘ ਜੋਗੀਪੁਰ,ਬਾਬਾ ਸ਼ੇਰ ਸਿੰਘ ਰਾਮਪੁਰਛੰਨਾ, ਸੁਰਜੀਤ ਸਿੰਘ ਫੂਲ, ਮਾਹਨ ਸਿੰਘ ਰਾਜਪੁਰਾ, ਹਰਿੰਦਰ ਸਿੰਘ ਲੱਖੋਵਾਲ, ਡਾਕਟਰ ਦਰਸ਼ਨਪਾਲ, ਰਣਜੀਤ ਸਿੰਘ ਸਵਾਜਪੁਰ,ਜਸਬੀਰ ਸਿੰਘ ਖਡੂਰਸਾਹਿਬ, ਸੁਖਬੀਰ ਸਿੰਘ ਬਲਬੇੜਾ ਸਮੇਤ ਅਨੇਕਾਂ ਹੋਰਾਂ ਦੇ ਵੀ ਸ਼ਾਮਿਲ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਗੁਰਚਰਨ ਸਿੰਘ ਜਰੀਕਪੁਰ ਦਾ ਕਹਿਣਾ ਸੀ ਕਿ ਇਸ ਮਾਰਚ ਦੌਰਾਨ ਕਿਸਾਨ ਜਥੇਬੰਦੀਆਂ ਨੇ ਵੀ ਵੱਧ ਚੜ ਕੇ ਸਹਿਯੋਗ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੀ ਰੂਪ ਰੇਖਾ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਹੀ ਉਲੀਕੀ ਜਾਵੇਗੀ।
ਉਧਰ ਇਸ ਮਾਰਚ ਦੇ ਚਲਦਿਆਂ ਪਟਿਆਲਾ ਪੁਲੀਸ ਵੱਲੋਂ ਵੀ ਸੁਰੱਖਿਆ ਦੇ ਮਜਬੂਤ ਬੰਦੋਬਸਤ ਕੀਤੇ ਹੋਏ ਸਨ।

