88.34 F
New York, US
June 12, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੋਲਕਾਤਾ ਵਿਚ ਭਾਰੀ ਮੀਂਹ ਨਾਲ ਆਮ ਜ਼ਿੰਦਗੀ ਲੀਹੋਂ ਲੱਥੀ; ਹੜ੍ਹਾਂ ਵਾਲੇ ਹਾਲਾਤ, ਕਰੰਟ ਲੱਗਣ ਨਾਲ ਤਿੰਨ ਮੌਤਾਂ

ਕੋਲਕਾਤਾ-  ਕੋਲਕਾਤਾ ਤੇ ਨੇੜਲੇ ਇਲਾਕਿਆਂ ਵਿਚ ਰਾਤ ਭਰ ਪਏ ਮੀਂਹ ਮਗਰੋਂ ਹੜ੍ਹਾਂ ਵਾਲੇ ਹਾਲਾਤ ਕਰਕੇ ਮੰਗਲਵਾਰ ਨੂੰ ਆਮ ਜ਼ਿੰਦਗੀ ਲੀਹੋਂ ਲੱਥ ਗਈ। ਵੱਡੇ ਪੱਧਰ ’ਤੇ ਹੜ੍ਹਾਂ ਕਰਕੇ ਆਵਾਜਾਈ, ਸਰਕਾਰੀ ਵਾਹਨ ਤੇ ਰੋਜ਼ਮਰ੍ਹਾ ਦੀਆਂ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ। ਕੋਲਕਾਤਾ ਅਤੇ ਇਸ ਦੇ ਉਪਨਗਰਾਂ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਰਾਤ ਭਰ ਪਏ ਮੀਂਹ ਕਰਕੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਭਰ ਗਿਆ ਹੈ। ਇਸ ਦੌਰਾਨ ਮੀਂਹ ਨਾਲ ਸਬੰਧਤ  ਵੱਖ-ਵੱਖ ਘਟਨਾਵਾਂ ਵਿੱਚ ਕਰੰਟ ਲੱਗਣ ਕਰਕੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਲਾਲਬਾਜ਼ਾਰ ਪੁਲੀਸ ਕੰਟਰੋਲ ਦੇ ਇੱਕ ਅਧਿਕਾਰੀ ਨੇ ਕਿਹਾ, “ਸਾਡੀ ਹੁਣ ਤੱਕ ਦੀ ਰਿਪੋਰਟ ਅਨੁਸਾਰ, ਬਿਜਲੀ ਦਾ ਕਰੰਟ ਲੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।”

ਅਧਿਕਾਰੀਆਂ ਨੇ ਦੱਸਿਆ ਕਿ ਪਟੜੀਆਂ ’ਤੇ ਪਾਣੀ ਭਰਨ ਕਾਰਨ ਸ਼ਹਿਰ ਅਤੇ ਉਪਨਗਰਾਂ ਵਿੱਚ ਰੇਲ ਅਤੇ ਮੈਟਰੋ ਰੇਲਵੇ ਸੇਵਾਵਾਂ ਵਿੱਚ ਵਿਘਨ ਪਿਆ। ਅੱਧੀ ਰਾਤ ਤੋਂ ਸ਼ੁਰੂ ਹੋਏ ਮੀਂਹ ਤੋਂ ਬਾਅਦ ਸੜਕਾਂ ਪਾਣੀ ਵਿੱਚ ਡੁੱਬ ਜਾਣ ਕਾਰਨ ਸ਼ਹਿਰ ਦੇ ਕਈ ਘਰਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਪਾਣੀ ਦਾਖਲ ਹੋ ਗਿਆ। ਬਲੂ ਲਾਈਨ (ਦਕਸ਼ੀਨੇਸ਼ਵਰ-ਸ਼ਾਹਿਦ ਖੁਦੀਰਾਮ) ਦੇ ਵਿਚਕਾਰਲੇ ਹਿੱਸੇ ਵਿੱਚ, ਖਾਸ ਕਰਕੇ ਮਹਾਨਾਇਕ ਉੱਤਮ ਕੁਮਾਰ ਅਤੇ ਰਬਿੰਦਰ ਸਰੋਬਰ ਸਟੇਸ਼ਨਾਂ ਵਿਚਕਾਰ, ਕਾਫ਼ੀ ਪਾਣੀ ਭਰਨ ਦੀਆਂ ਰਿਪੋਰਟਾਂ ਹਨ, ਜਿਸ ਕਾਰਨ ਇਸ ਸਟ੍ਰੈਚ ’ਤੇ ਸੇਵਾਵਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ।

ਮੈਟਰੋ ਰੇਲਵੇ ਕੋਲਕਾਤਾ ਦੇ ਬੁਲਾਰੇ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਵੇਰ ਤੋਂ ਹੀ ਸ਼ਹੀਦ ਖੁਦੀਰਾਮ ਅਤੇ ਮੈਦਾਨ ਸਟੇਸ਼ਨਾਂ ਵਿਚਕਾਰ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਕਿਹਾ, ‘‘ਦਕਸ਼ੀਨੇਸ਼ਵਰ ਅਤੇ ਮੈਦਾਨ ਸਟੇਸ਼ਨਾਂ ਵਿਚਕਾਰ ਛੋਟੀਆਂ ਛੋਟੀਆਂ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ ਜਦੋਂਕਿ ਆਮ ਸੇਵਾਵਾਂ ਜਲਦੀ ਹੀ ਮੁੜ ਸ਼ੁਰੂ ਹੋਣ ਦੀ ਉਮੀਦ ਹੈ।’’

ਪੂਰਬੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਟੜੀਆਂ ’ਤੇ ਪਾਣੀ ਭਰਨ ਕਾਰਨ, ਸਿਆਲਦਾਹ ਦੱਖਣੀ ਹਿੱਸੇ ਵਿੱਚ ਰੇਲ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਸਿਆਲਦਾਹ ਉੱਤਰੀ ਅਤੇ ਮੁੱਖ ਹਿੱਸਿਆਂ ਵਿੱਚ ਅਸਥਾਈ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਪਟੜੀਆਂ ’ਤੇ ਪਾਣੀ ਭਰ ਜਾਣ ਕਾਰਨ ਪੂਰਬੀ ਰੇਲਵੇ ਦੇ ਹਾਵੜਾ ਅਤੇ ਕੋਲਕਾਤਾ ਟਰਮੀਨਲ ਸਟੇਸ਼ਨਾਂ ‘ਤੇ ਜਾਣ ਆਉਣ ਵਾਲੀਆਂ ਰੇਲ ਸੇਵਾਵਾਂ ਅੰਸ਼ਕ ਤੌਰ ’ਤੇ ਪ੍ਰਭਾਵਿਤ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਚਿਤਪੁਰ ਯਾਰਡ ਵਿੱਚ ਪਾਣੀ ਭਰਨ ਕਾਰਨ ਸਰਕੂਲਰ ਰੇਲਵੇ ਲਾਈਨ ’ਤੇ ਰੇਲ ਆਵਾਜਾਈ ਮੁਅੱਤਲ ਕਰ ਦਿੱਤੀ ਗਈ ਹੈ। ਬਹੁਤ ਸਾਰੇ ਸਕੂਲਾਂ ਨੇ ਭਾਰੀ ਮੀਂਹ ਅਤੇ ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਰਕੇ ਛੁੱਟੀ ਐਲਾਨ ਦਿੱਤੀ ਹੈ। ਜਨਤਕ ਆਵਾਜਾਈ ਦੀ ਘਾਟ ਅਤੇ ਆਵਾਜਾਈ ਵਿੱਚ ਵਿਘਨ ਕਾਰਨ ਦਫਤਰ ਜਾਣ ਵਾਲਿਆਂ ਨੂੰ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ਵਿੱਚ ਮੁਸ਼ਕਲ ਆ ਰਹੀ ਸੀ।

ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਉੱਤਰ-ਪੂਰਬੀ ਬੰਗਾਲ ਦੀ ਖਾੜੀ ਉੱਤੇ ਇੱਕ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ ਜਿਸ ਕਰਕੇ ਦੱਖਣੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਕੋਲਕਾਤਾ ਨਗਰ ਨਿਗਮ (ਕੇਐਮਸੀ) ਨੇ ਕਿਹਾ ਕਿ ਸ਼ਹਿਰ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਵੱਧ ਮੀਂਹ ਪਿਆ। ਕੁਝ ਘੰਟਿਆਂ ਵਿਚ ਹੀ ਗਰੀਆ ਕਾਮਦਹਰੀ ਵਿੱਚ 332 ਮਿਲੀਮੀਟਰ ਤੇ ਜੋਧਪੁਰ ਪਾਰਕ ਵਿੱਚ 285 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਲੀਘਾਟ ਵਿੱਚ 280 ਮਿਲੀਮੀਟਰ, ਟੋਪਸੀਆ ਵਿੱਚ 275 ਮਿਲੀਮੀਟਰ, ਬਾਲੀਗੰਜ ਵਿੱਚ 264 ਮਿਲੀਮੀਟਰ, ਜਦੋਂ ਕਿ ਉੱਤਰੀ ਕੋਲਕਾਤਾ ਦੇ ਥੰਟਾਨੀਆ ਵਿੱਚ 195 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਕਿਹਾ ਕਿ ਬੁੱਧਵਾਰ ਤੱਕ ਦੱਖਣੀ ਬੰਗਾਲ ਦੇ ਪੂਰਬਾ ਅਤੇ ਪੱਛਮੀ ਮੇਦਨੀਪੁਰ, ਦੱਖਣੀ 24 ਪਰਗਨਾ, ਝਾਰਗ੍ਰਾਮ ਅਤੇ ਬਾਂਕੁਰਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 25 ਸਤੰਬਰ ਦੇ ਆਸ-ਪਾਸ ਪੂਰਬੀ-ਕੇਂਦਰੀ ਅਤੇ ਨਾਲ ਲੱਗਦੇ ਉੱਤਰੀ ਬੰਗਾਲ ਦੀ ਖਾੜੀ ਉੱਤੇ ਇੱਕ ਹੋਰ ਤਾਜ਼ਾ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ।

Related posts

ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ 5 ਦਿਨਾਂ ਦੇ ਰਿਮਾਂਡ ‘ਤੇ ਭੇਜਿਆ , CBI ਨੇ ਕੱਲ੍ਹ ਕੀਤਾ ਸੀ ਗ੍ਰਿਫਤਾਰ

On Punjab

ਅਮਰੀਕਾ ਦੇ ਅਲਾਸਕਾ ਸ਼ਹਿਰ ‘ਚ ਭੂਚਾਲ ਦੇ ਝਟਕੇ

On Punjab

THIS SUNDAY!… THIS SUNDAY, MAR.19 (12-6PM) DulhanExpo: South Asian Wedding Planning Events

On Punjab