ਘਨੌਲੀ- ਭਰਤਗੜ੍ਹ ਨੇੜੇ ਕੌਮੀ ਮਾਰਗ ‘ਤੇ ਅੱਜ ਬਾਅਦ ਦੁਪਹਿਰ ਵਾਪਰੇ ਸੜਕ ਹਾਦਸੇ ਦੌਰਾਨ ਰੇਤੇ ਦੇ ਭਰੇ ਓਵਰਲੋਡ ਟਰਾਲੇ ਦੀ ਟੱਕਰ ਕਾਰਨ 8 ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਇੱਕ ਦਿੱਲੀ ਨੰਬਰ ਬਲੈਨੋ ਕਾਰ ਦੇ ਟਰਾਲੇ ਥੱਲੇ ਆਉਣ ਕਾਰਨ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸਾ ਵਾਪਰਨ ਉਪਰੰਤ ਮੌਕੇ ‘ਤੇ ਮੌਜੂਦ ਨੰਗਲ ਦੇ ਸਾਬਕਾ ਐੱਮ ਸੀ ਦੀਪਕ ਨੰਦਾ ਨੇ ਦੱਸਿਆ ਕਿ ਬਾਅਦ ਦੁਪਹਿਰ ਲਗਪਗ 2 ਵਜੇ ਉਹ ਆਪਣੀ ਕਾਰ ਵਿੱਚ ਨੰਗਲ ਤੋਂ ਰੂਪਨਗਰ ਵੱਲ ਆ ਰਹੇ ਸਨ। ਜਦੋਂ ਭਰਤਗੜ੍ਹ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੋਣ ਕਾਰਨ ਸੜਕ ‘ਤੇ ਵੱਡੀ ਗਿਣਤੀ ਵਿੱਚ ਕਾਰਾਂ ਤੇ ਹੋਰ ਵਹੀਕਲ ਇੱਕ ਲਾਈਨ ਵਿੱਚ ਖੜ੍ਹੇ ਸਨ। ਇਸੇ ਦੌਰਾਨ ਪਿੱਛੋਂ ਰੇਤੇ ਦਾ ਭਰਿਆ ਤੇਜ਼ ਰਫ਼ਤਾਰ ਟਰਾਲਾ ਨੰਬਰ ਪੀ ਬੀ 03 ਬੀ ਐੱਲ 2107 (PB03BL2107) ਆਇਆ ਤੇ ਕਤਾਰ ਵਿੱਚ ਖੜ੍ਹੀਆਂ ਕਾਰਾਂ ਨਾਲ ਟਕਰਾਉਂਦਾ ਹੋਇਆ ਉੱਚੀ ਪੁਲੀ ‘ਤੇ ਚੜ੍ਹ ਕੇ ਪਲਟ ਗਿਆ।
ਸ੍ਰੀ ਨੰਦਾ ਨੇ ਦੱਸਿਆ ਕਿ ਇਸ ਦੌਰਾਨ ਜਿੱਥੇ ਟਰਾਲੇ ਨਾਲ ਟਕਰਾਉਣ ਵਾਲੀਆਂ 8 ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਉੱਥੇ ਹੀ ਇੱਕ ਕਾਰ ਟਰਾਲੇ ਦੇ ਹੇਠਾਂ ਦੱਬ ਗਈ ਅਤੇ ਇੱਕ ਕਾਰ ਕਈ ਫੁੱਟ ਉੱਚੀ ਦੂਜੀ ਸੜਕ ‘ਤੇ ਜਾ ਚੜ੍ਹੀ। ਉਨ੍ਹਾਂ ਦੱਸਿਆ ਕਿ ਟਰਾਲੇ ਥੱਲੇ ਦੱਬੀ ਬਲੈਨੋ ਕਾਰ ਨੂੰ ਨੇੜਲੇ ਇੱਕ ਸਟੋਨ ਕਰੱਸ਼ਰ ਦੀ ਮਸ਼ੀਨਰੀ ਨਾਲ ਇੱਕ ਘੰਟੇ ਦੀ ਜੱਦੋ-ਜਹਿਦ ਉਪਰੰਤ ਟਰਾਲੇ ਥੱਲਿਓਂ ਕੱਢਿਆ ਗਿਆ ਤੇ ਕਾਰ ਵਿੱਚ ਸਵਾਰ ਲਗਪਗ 25 ਤੋਂ 30 ਸਾਲ ਦੀ ਉਮਰ ਦੇ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

